
ਸਵੱਛ ਭਾਰਤ ਮੁਹਿੰਮ: ਚੰਡੀਗੜ੍ਹ ਦੇ ਮੁਕਾਬਲੇ ਮੁਹਾਲੀ ਨੂੰ ਵੱਧ ਸੁੰਦਰ ਤੇ ਸਾਫ਼ ਸੁਥਰਾ ਸ਼ਹਿਰ ਬਣਾਇਆ ਜਾਵੇਗਾ: ਅਵਨੀਤ ਕੌਰ
ਦਾਰਾ ਸਟੂਡੀਓ ਨੇੜੇ ਵਾਲਮੀਕ ਕਲੋਨੀ ਦੇ ਲੋਕਾਂ ਦੀ ਸਹੂਲਤ ਲਈ ਮੋਬਾਈਲ ਪਖਾਨੇ ਦੀ ਵਿਵਸਥਾ ਕੀਤੀ
ਨਿਊਜ਼ ਡੈਸਕ, ਮੁਹਾਲੀ, 10 ਦਸੰਬਰ
ਸਵੱਛ ਭਾਰਤ ਮੁਹਿੰਮ ਦੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਖਾਸ ਕਰਕੇ ਸਲੱਮ ਏਰੀਆ ਵਿੱਚ ਪਬਲਿਕ ਪਖਾਨਿਆਂ ਦੀ ਵਿਵਸਥਾ ਕੀਤੀ ਜਾਵੇਗੀ ਅਤੇ ਸ਼ਹਿਰ ਦੀ ਸਾਫ਼-ਸਫ਼ਾਈ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਗੱਲ ਮੁਹਾਲੀ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਸ੍ਰੀਮਤੀ ਅਵਨੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ। ਇਸ ਤੋਂ ਪਹਿਲਾਂ ਉਨ੍ਹਾਂ ਇੱਥੋਂ ਦੇ ਫੇਜ਼-6 ਸਥਿਤ ਦਾਰਾ ਸਟੂਡੀਓ ਨੇੜੇ ਵਾਲਮੀਕ ਕਲੋਨੀ ਦੇ ਲੋਕਾਂ ਦੀ ਸਹੂਲਤ ਲਈ ਮੋਬਾਈਲ ਪਖਾਨਿਆਂ ਦੀ ਕੀਤੀ ਵਿਵਸਥਾ ਦੇ ਰੱਖ ਰਖਾਓ ਪ੍ਰਬੰਧਾਂ ਦਾ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ ਪਹਿਲਾਂ ਕਲੋਨੀ ਲੋਕਾਂ ਨੂੰ ਖੁੱਲ੍ਹੇ ਵਿੱਚ ਸੌਚ ਜਾਣਾ ਪੈਂਦਾ ਸੀ। ਜਿਸ ਕਾਰਨ ਅੌਰਤਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਹੀ ਨਹੀਂ ਲੋਕਾਂ ਦੇ ਖੁੱਲ੍ਹੇ ਵਿੱਚ ਸੌਚ ਜਾਣ ਕਾਰਨ ਬੀਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਮੌਕੇ ਉਨ੍ਹਾਂ ਕਲੋਨੀ ਵਾਸੀਆਂ ਨੂੰ ਬੀਮਾਰੀਆਂ ਬਾਰੇ ਵੀ ਜਾਗਰੂਕ ਕਰਦਿਆਂ ਹਮੇਸ਼ਾਂ ਆਪਣੇ ਆਲੇ ਦੁਆਲੇ ਸਫ਼ਾਈ ਰੱਖਣ ਲਈ ਵੀ ਪ੍ਰੇਰਿਆ ਤਾਂ ਜੋ ਗੰਦਗੀ ਕਾਰਨ ਕਲੋਨੀ ਵਿੱਚ ਮੱਖੀਆਂ ਮੱਛਰਾਂ ਤੋਂ ਫੈਲਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਹੋ ਸਕੇ।
ਸ੍ਰੀਮਤੀ ਅਵਨੀਤ ਕੌਰ ਨੇ ਮੁਹਾਲੀ ਪੰਜਾਬ ਦਾ ਮੁੱਖ ਪ੍ਰਵੇਸ਼ ਦੁਆਰ ਹੋਣ ਦੇ ਨਾਲ-ਨਾਲ ਵਿਕਾਸ ਪੱਖੋਂ ਸੂਬੇ ਦਾ ਮਾਡਲ ਸ਼ਹਿਰ ਹੈ। ਇਸ ਲਈ ਮੁਹਾਲੀ ਨੂੰ ਰਾਜਧਾਨੀ ਚੰਡੀਗੜ੍ਹ ਨਾਲੋਂ ਵੀ ਵੱਧ ਸਾਫ਼ ਸੁਥਰਾ ਸ਼ਹਿਰ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦੱਸਿਆ ਕਿ ਲੋਕਾਂ ਦੇ ਘਰਾਂ ’ਚੋਂ ਕੂੜਾ ਕਰਕਟ ਇਕੱਠਾ ਕਰਕੇ ਡੰਪਿੰਗ ਗਰਾਉਂਡ ਵਿੱਚ ਸੁੱਟਣ ਲਈ ਇਸ ਦਾ ਠੇਕਾ ਪ੍ਰਾਈਵੇਟ ਕੰਪਨੀ ਨੂੰ ਦੇਣ ਲਈ ਵਿਚਾਰ ਕੀਤਾ ਜਾ ਰਿਹਾ ਹੈ। ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਹਾਊਸ ਦੀ ਪ੍ਰਵਾਨਗੀ ਤੋਂ ਬਾਅਦ ਇਸ ਸਬੰਧੀ ਅੰਤਿਮ ਫੈਸਲਾ ਲਿਆ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਨਗਰ ਨਿਗਮ ਵੱਲੋਂ ਨਿਰਧਾਰਿਤ ਕੀਤੀਆਂ ਥਾਵਾਂ ’ਤੇ ਹੀ ਕੂੜਾ ਕਰਕਟ ਤੇ ਹੋਰ ਕਿਸਮ ਦੀ ਗੰਦਗੀ ਬਗੈਰਾ ਸੁੱਟੀ ਜਾਵੇ ਤਾਂ ਜੋ ਸ਼ਹਿਰ ਨੂੰ ਗੰਦਗੀ ਦੇ ਗ੍ਰਹਿਣ ਤੋਂ ਮੁਕਤ ਕੀਤਾ ਜਾ ਸਕੇ।