ਸਵੱਛ ਭਾਰਤ ਮੁਹਿੰਮ: ਸਾਫ਼ ਸਫ਼ਾਈ ਦੇ ਮਾਮਲੇ ਵਿੱਚ ਪਠਾਨਕੋਟ ਨੂੰ ਮਿਲਿਆ ਪਹਿਲਾ ਇਨਾਮ

ਅੰਮ੍ਰਿਤਸਰ ਨੂੰ ਦੂਜਾ ਤੇ ਬਰਨਾਲਾ ਨੂੰ ਮਿਲਿਆ ਤੀਜਾ ਸਥਾਨ, ਇਨਾਮ ਦੀ ਸੂਚੀ ’ਚੋਂ ਮੁਹਾਲੀ ਦਾ ਨਾਂ ਗਾਇਬ

ਅਮਨਦੀਪ ਸਿੰਘ ਸੋਢੀ
ਮੁਹਾਲੀ, 20 ਦਸੰਬਰ
ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਭਾਰਤ ਸਰਕਾਰ ਵੱਲੋਂ ਸਵੱਛ ਭਾਰਤ ਅਧੀਨ ਕਾਇਆਕਲਪ ਦੀ ਪਹਿਲਕਦਮੀ ਨੂੰ ਪਬਲਿਕ ਹੈਲਥ ਸਰਵਿਸ ਵਿੱਚ ਲਾਗੂ ਕੀਤਾ ਹੈ। ਇਸ ਯੋਜਨਾ ਅਧੀਨ ਪਠਾਨਕੋਟ ਨੇ ਪਹਿਲਾ, ਅੰਮ੍ਰਿਤਸਰ ਨੇ ਦੂਜਾ ਅਤੇ ਬਰਨਾਲਾ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਹਾਲਾਂਕਿ ਰਾਜ ਸਰਕਾਰ ਮੁਹਾਲੀ ਨੂੰ ਇੱਕ ਮਾਡਲ ਸਿਟੀ ਵਜੋਂ ਵਿਕਸਤ ਕਰਨ ਦੇ ਦਾਅਵੇ ਕਰ ਰਹੀ ਹੈ। ਜਦੋਂ ਕਿ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੀ ਬੁੱਕਲ ਵਿੱਚ ਵਸਦੇ ਆਈਟੀ ਸਿਟੀ ਮੁਹਾਲੀ ਦਾ ਨਾਂ ਇਨਾਮ ਦੀ ਸੂਚੀ ’ਚੋਂ ਗਾਇਬ ਹੈ।
ਉਧਰ, ਅਵੱਲ ਆਏ ਇਨ੍ਹਾਂ ਸ਼ਹਿਰ ਦੇ ਜ਼ਿਲ੍ਹਾ ਪੱਧਰੀ ਹਸਪਤਾਲਾਂ ਨੂੰ ਸਨਮਾਨਿਤ ਕਰਨ ਦੇ ਲਈ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਵਿੱਚ ਰਾਜ ਪੱਧਰੀ ਸਮਾਰੋਹ ਕਰਵਾਇਆ ਗਿਆ। ਇਸ ਵਿਚ ਪੰਜਾਬ ਦੀ ਵਧੀਕ ਮੁੱਖ ਸਕੱਤਰ (ਸਿਹਤ ਤੇ ਪਰਿਵਾਰ ਭਲਾਈ) ਸ੍ਰੀਮਤੀ ਵਿਨੀ ਮਹਾਜਨ ਮੁੱਖ ਮਹਿਮਾਨ ਵਜੋਂ ਪੁੱਜੇ ਜਦੋਂ ਕਿ ਸਕੱਤਰ ਸਿਹਤ ਕਮ ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਹੁਸਨ ਲਾਲ ਨੇ ਪ੍ਰਧਾਨਗੀ ਕੀਤੀ। ਇਸ ਦੌਰਾਨ ਪਹਿਲਾ ਸਥਾਨ ਹਾਸਲ ਕਰਨ ਵਾਲੇ ਜ਼ਿਲ੍ਹਾ ਹਸਪਤਾਲ ਪਠਾਨਕੋਟ ਨੂੰ 25 ਲੱਖ ਰੁਪਏ, ਅੰਮ੍ਰਿਤਸਰ ਨੂੰ 15 ਲੱਖ ਰੁਪਏ ਅਤੇ ਬਰਨਾਲਾ ਨੂੰ 10 ਲੱਖ ਰੁਪਏ ਦੀ ਨਗਦ ਰਾਸ਼ੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਸ੍ਰੀਮਤੀ ਵਿਨੀ ਮਹਾਜਨ ਨੇ ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਵੱਲੋਂ ਸਵੱਛ ਭਾਰਤ ਅਧੀਨ ਕਾਇਆਕਲਪ ਦੀ ਪਹਿਲਕਦਮੀ ਨੂੰ ਪਬਲਿਕ ਹੈਲਥ ਸਰਵਿਸ ਵਿੱਚ ਲਾਗੂ ਕੀਤਾ ਹੈ। ਇਹ ਪੰਜਾਬ ਦੇ ਜ਼ਿਲ੍ਹਾ ਹਸਪਤਾਲਾਂ ਵਿੱਚ 2015-16 ਨੂੰ ਸ਼ੁਰੂ ਕੀਤਾ ਗਿਆ ਸੀ। ਇਸ ਪਹਿਲਕਦਮੀ ਨੂੰ 2016-17 ਵਿੱਚ ਵੀ ਲਾਗੂ ਕਰਦੇ ਹੋਏ ਐਸਡੀਐਚ/ਸੀਐਚਸੀ ਪੱਧਰ ’ਤੇ ਵਿਸ਼ੇਸ਼ ਟੀਮਾਂ ਦੁਆਰਾ ਹਸਪਤਾਲਾਂ ਦਾ ਦੌਰਾ ਕਰਕੇ ਅਸੈਸਮੈਂਟ ਕੀਤੀ ਗਈ। ਅਗਲੇ ਫੇਜ਼ ਵਿੱਚ ਇਸ ਪ੍ਰੋਗਰਾਮ ਨੂੰ ਪੀਐਚਸੀ ਪੱਧਰ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕਾਇਆਕਲਪ ਦੇ ਅਧੀਨ ਮੁਲਾਂਕਣ ਕਰਨ ਲਈ 250 ਪੁਆਇੰਟ ਦੀ ਚੈਕਲਿਸਟ ਤਿਆਰ ਕਰਕੇ ਸਾਰੇ ਹਸਪਤਾਲਾਂ ਨੂੰ ਭੇਜੀ ਗਈ ਸੀ। ਇਸ ਚੈਕਲਿਸਟ ਦੇ ਆਧਾਰ ਤੇ ਜ਼ਿਲ੍ਹਾ ਹਸਪਤਾਲਾਂ, ਸਬ ਡਿਵੀਜ਼ਨਲ ਹਸਪਤਾਲਾਂ ਅਤੇ ਕਮਿਉਨਿਟੀ ਹੈਲਥ ਸੈਂਟਰਾਂ ਵਿੱਚ ਹਸਪਤਾਲ ਪੱਧਰ ’ਤੇ ਸੈਲਫ ਅਸੈਸਮੈਂਟ ਕੀਤੀ ਗਈ। ਇਨ੍ਹਾਂ ’ਚੋਂ ਜਿਨ੍ਹਾਂ ਹਸਪਤਾਲਾਂ ਨੇ 70 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਲ ਕੀਤਾ ਹੈ। ਉਨ੍ਹਾਂ ਨੂੰ ਐਕਸਟਰਨਲ ਟੀਮਜ਼ ਵੱਲੋਂ ਅਸੈਸਮੈਂਟ ਕੀਤੀ ਗਈ। ਇਹ ਅਸੈਸਮੈਂਟ ਜ਼ਿਲ੍ਹਾ ਕੁਆਲਿਟੀ ਐਸ਼ੋਰੈਂਸ ਕਮੇਟੀ ਮੈਂਬਰਾਂ ਵੱਲੋਂ ਨਜ਼ਦੀਕੀ ਜ਼ਿਲ੍ਹਿਆਂ ਵਿੱਚ ਕੀਤੀ ਗਈ।
ਇਸ ਮੌਕੇ ਸਕੱਤਰ ਸਿਹਤ ਕਮ ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਹੁਸਨ ਲਾਲ ਨੇ ਕਿਹਾ ਕਿ ਕਾਇਆਕਲਪ ਪ੍ਰੋਗਰਾਮ ਪਿੱਛਲੇ ਸਾਲ ਹੀ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਬਾਅਦ ਹਸਪਤਾਲਾਂ ਵਿੱਚ ਸਵੱਛਤਾ ਨੂੰ ਲੈ ਕੇ ਕਾਫੀ ਜ਼ਜਬਾ ਜਾਗਿਆ ਹੈ। ਹੁਣ ਹਸਪਤਾਲਾਂ ਵਿੱਚ ਸਫਾਈ ਨੂੰ ਲੈ ਕੇ ਲਗਾਤਾਰ ਸੁਧਾਰ ਕੀਤੇ ਜਾ ਰਹੇ ਹਨ। ਹਸਪਤਾਲਾਂ ਵਿੱਚ ਸਫਾਈ ਵਿੱਚ ਹੋਰ ਵੀ ਕਾਫੀ ਸੁਧਾਰ ਕਰਨ ਦੀ ਜ਼ਰੂਰਤ ਹੈ। ਖਾਸ ਤੌਰ ਤੇ ਅਗਲੇ ਫੇਜ਼ ਵਿੱਚ ਪੀਐਚਸੀ ਪੱਧਰ ’ਤੇ ਪਹੁੰਚਣਾ ਹੈ ਅਤੇ 100 ਸਿਲੈਕਟਡ ਹੈਲਥ ਇੰਸਟੀਚਿਉਟ ਵਿੱਚ ਸੁਧਾਰ ਕੀਤੇ ਜਾਣ।
ਇਸ ਦੌਰਾਨ ਜ਼ਿਲ੍ਹਾ ਹਸਪਤਾਲ ਕੈਟੇਗਰੀ ਵਿੱਚ ਜ਼ਿਲ੍ਹਾ ਹਸਪਤਾਲ ਐਸਬੀਐਸ ਨਗਰ (ਨਵਾਂ ਸ਼ਹਿਰ) ਨੇ ਚੌਥਾ ਅਤੇ ਜ਼ਿਲ੍ਹਾ ਹਸਪਤਾਲ ਫਰੀਦਕੋਟ ਨੇ ਪੰਜਵਾਂ ਸਥਾਨ ਹਾਸਲ ਕਰਕੇ 3-3 ਲੱਖ ਰੁਪਏ ਦੀ ਇਨਾਮ ਹਾਸਲ ਕੀਤਾ। ਇਸੇ ਤਰ੍ਹਾਂ ਐਸਡੀਐਚ ਦੀ ਕੈਟੇਗਰੀ ਵਿੱਚ ਦਸੂਹਾ (ਹੁਸ਼ਿਆਰਪੁਰ) ਨੇ ਪਹਿਲਾ ਸਥਾਨ ਹਾਸਲ ਕਰਕੇ 10 ਲੱਖ ਰੁਪਏ, ਐਸਡੀਐਚ ਰਾਜਪੁਰਾ (ਪਟਿਆਲਾ) ਨੇ ਦੂਜਾ ਸਥਾਨ ਹਾਸਲ ਕਰਕੇ 5 ਲੱਖ ਰੁਪਏ, ਐਸਡੀਐਚ ਖਰੜ (ਮੁਹਾਲੀ) ਨੇ ਤੀਜਾ ਅਤੇ ਐਸਡੀਐਚ ਜਗਰਾਉਂ (ਲੁਧਿਆਣਾ) ਨੇ ਚੌਥਾ ਸਥਾਨ ਹਾਸਲ ਕਰਕੇ 1-1 ਲੱਖ ਰੁਪਏ ਦੀ ਇਨਾਮ ਰਾਸ਼ੀ ਹਾਸਲ ਕੀਤੀ। ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਹਰਭਜਨ ਸਿੰਘ ਡੰਗ, ਡਾਇਰੈਕਟਰ ਡਾ. ਐਚ.ਐਸ. ਬਾਲੀ, ਡਾਇਰੈਕਟਰ ਫੈਮਿਲੀ ਵੈਲਫੇਅਰ ਡਾ. ਧਰਮਪਾਲ ਸਿੰਘ ਅਤੇ ਨੈਸ਼ਨਲ ਹੈਲਥ ਮਿਸ਼ਨ ਦੇ ਡਾਇਰੈਕਟਰ ਡਾ. ਸ਼ਸ਼ੀਕਾਂਤ ਮੌਜੂਦ ਸਨ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…