Share on Facebook Share on Twitter Share on Google+ Share on Pinterest Share on Linkedin ਸਫ਼ਾਈ ਕਰਮਚਾਰੀਆਂ ਵੱਲੋਂ ਪਬਲਿਕ ਪਖਾਨਿਆਂ ਦੀ ਸਾਂਭ ਸੰਭਾਲ ਵਿੱਚ ਘਪਲੇਬਾਜ਼ੀ ਦਾ ਦੋਸ਼ ਸਥਾਨਕ ਸਰਕਾਰ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਨੂੰ ਦਿੱਤੀ ਸ਼ਿਕਾਇਤ, ਨਗਰ ਨਿਗਮ ਅਧਿਕਾਰੀਆਂ ਤੇ ਪ੍ਰਾਈਵੇਟ ਕੰਪਨੀ ਨੇ ਦੋਸ਼ ਨਕਾਰੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਸਤੰਬਰ: ਸ਼ੁਲੱਭ ਸੋਚਾਲਿਆ ਅਤੇ ਸਫਾਈ ਮਜ਼ਦੂਰ ਸੰਗਠਨ ਜ਼ਿਲ੍ਹਾ ਮੁਹਾਲੀ ਦੇ ਜ਼ਿਲ੍ਹਾ ਪ੍ਰਧਾਨ ਦਯਾਨੰਦ ਨੇ ਸਥਾਨਕ ਸਰਕਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਸ਼ਿਕਾਇਤ ਦੇ ਕੇ ਮੁਹਾਲੀ ਵਿੱਚ ਪਬਲਿਕ ਪਖਾਨਿਆਂ ਦੀ ਸਾਂਭ ਸੰਭਾਲ ਦੇ ਨਾਂ ’ਤੇ ਵੱਡੇ ਪੱਧਰ ’ਤੇ ਘਪਲੇਬਾਜ਼ੀ ਦਾ ਦੋਸ਼ ਹੈ। ਸ਼ਿਕਾਇਤ ਅਨੁਸਾਰ ਪਬਲਿਕ ਪਖਾਨਿਆ ਦੀ ਠੇਕੇਦਾਰ ਕੰਪਨੀ ਨੇ ਆਪਸੀ ਮਿਲੀਭੁਗਤ ਨਾਲ ਸਾਲ 2018 ਵਿੱਚ 4 ਕਰੋੜ ਦਾ ਘਪਲਾ ਕੀਤਾ ਅਤੇ ਹੁਣ ਅਫ਼ਸਰਾਂ ਨਾਲ ਮਿਲ ਕੇ ਨਗਰ ਨਿਗਮ ਨੂੰ ਕਰੋੜਾਂ ਦਾ ਚੂਨਾ ਲਗਾਇਆ ਜਾ ਰਿਹਾ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਸਫ਼ਾਈ ਕਰਮਚਾਰੀਆਂ ਨੂੰ ਨਾ ਤਾਂ ਡੀਸੀ ਰੇਟ ਅਨੁਸਾਰ ਬਣਦੀ ਤਨਖ਼ਾਹ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਪੀਐਫ਼ ਅਤੇ ਈਐਸਆਈ ਦੇ ਕੱਟੇ ਪੈਸਿਆਂ ਦਾ ਹਿਸਾਬ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਇਹ ਠੇਕਾ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਗਿਆ ਸੀ। ਕੰਪਨੀ ਵੱਲੋਂ ਸਫ਼ਾਈ ਸੇਵਕਾਂ ਦੀ ਪੂਰੀ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਫ਼ਾਈ ਠੇਕੇਦਾਰ ਵੱਲੋਂ ਕਰਮਚਾਰੀਆਂ ਨੂੰ ਆਪਣੇ ਦਸਖ਼ਤਾਂ ਹੇਠ ਜਾਅਲੀ ਪੀਐਫ਼ ਕਾਰਡ, ਜਾਲੀ ਈਐਸਆਈ ਕਾਰਡ ਜਾਰੀ ਕੀਤੇ ਗਏ ਹਨ ਪ੍ਰੰਤੂ ਸ਼ਿਕਾਇਤ ਕਰਨ ਦੇ ਬਾਵਜੂਦ ਨਗਰ ਨਿਗਮ ਵੱਲੋਂ ਹੁਣ ਤੱਕ ਪੁਲੀਸ ਕੇਸ ਦਰਜ ਨਹੀਂ ਕਰਵਾਇਆ ਗਿਆ। ਠੇਕੇਦਾਰ ਸਫ਼ਾਈ ਸੇਵਕਾਂ ਨੂੰ ਸਮੇਂ ਸਿਰ ਤਨਖ਼ਾਹ ਨਹੀਂ ਦਿੰਦੇ ਹਨ ਅਤੇ ਪੀਐਫ਼, ਈਐਸਆਈ ਕੱਟ ਕੇ ਆਪਣੀਆਂ ਜੇਬਾਂ ਭਰੀਆਂ ਜਾ ਰਹੀਆਂ ਹਨ। ਉਨ੍ਹਾਂ ਪੱਤਰ ਵਿੱਚ ਲਿਖਿਆ ਹੈ ਕਿ ਬੀਤੀ 7 ਮਾਰਚ ਨੂੰ ਨਗਰ ਨਿਗਮ ਦੇ ਕਮਿਸ਼ਨਰ ਨੇ ਸਫ਼ਾਈ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਸੀ ਕਿ ਸਾਰੇ ਮੁਲਾਜ਼ਮਾਂ ਨੂੰ ਤਨਖ਼ਾਹ ਮੁਹੱਈਆ ਕੀਤੀ ਜਾਵੇਗੀ ਪ੍ਰੰਤੂ ਪੰਜ ਮਹੀਨੇ ਬੀਤੇ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਨਗਰ ਨਿਗਮ ਨੂੰ 15 ਦਿਨਾਂ ਦਾ ਅਲਟੀਮੇਟਮ ਦਿੰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਦੌਰਾਨ ਬਣਦੀ ਕਾਰਵਾਈ ਨਹੀਂ ਕੀਤੀ ਗਈ ਤਾਂ ਸਫ਼ਾਈ ਕਰਮਚਾਰੀਆਂ ਵੱਲੋਂ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ। ਇਸ ਸਬੰਧੀ ਉਨ੍ਹਾਂ ਨੇ ਪ੍ਰਧਾਨ ਮੰਤਰੀ, ਮੁੱਖ ਮੰਤਰੀ, ਵਿਜੀਲੈਂਸ ਮੁਖੀ, ਐਸਐਸਪੀ, ਰੀਜ਼ਨਲ ਪੀਐਫ਼ ਕਮਿਸ਼ਨਰ, ਨਗਰ ਨਿਗਮ ਦੇ ਕਮਿਸ਼ਨਰ, ਕੌਮੀ ਕਮਿਸ਼ਨ ਫਾਰ ਸਫਾਈ ਕਰਮਚਾਰੀ ਦੀ ਮੈਂਬਰ ਅਤੇ ਮੇਅਰ ਨੂੰ ਵੀ ਸ਼ਿਕਾਇਤ ਭੇਜੀ ਹੈ। (ਬਾਕਸ ਆਈਟਮ) ਮੁਹਾਲੀ ਨਿਗਮ ਦੇ ਸਹਾਇਕ ਇੰਜਨੀਅਰ ਹਰਪ੍ਰੀਤ ਸਿੰਘ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਤੇ ਝੂਠ ਦੱਸਦਿਆਂ ਕਿਹਾ ਕਿ ਪਬਲਿਕ ਪਖਾਨਿਆਂ ਦਾ ਕੰਮ ਪੂਰੀ ਪਾਰਦਰਸ਼ੀ ਢੰਗ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦਾ ਸਮੇਂ ਸਿਰ ਪੀਐਫ ਅਤੇ ਈਐਸਆਈ ਵੀ ਜਮਾਂ ਹੁੰਦਾ ਹੈ ਅਤੇ ਸਫ਼ਾਈ ਮਜਦੂਰ ਯੂਨੀਅਨ ਦੀ ਸ਼ਿਕਾਇਤਾਂ ਸਬੰਧੀ ਪਹਿਲਾਂ ਵੀ ਜਾਂਚ ਹੋ ਚੁੱਕੀ ਹੈ। ਜਿਸ ਵਿੱਚ ਸਾਰਾ ਕੁਝ ਠੀਕ ਪਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਅਸਲ ਵਿੱਚ ਇਹ ਵਿਅਕਤੀ ਆਪਣੇ ਹੋਰ ਬੰਦੇ ਰਖਵਾਉਣ ਲਈ ਦਬਾਓ ਪਾ ਰਹੇ ਸਨ। ਸਫ਼ਾਈ ਸੇਵਕਾਂ ਦੀ ਤਨਖ਼ਾਹ ਬਾਰੇ ਉਨ੍ਹਾਂ ਕਿਹਾ ਕਿ ਸਾਰੇ ਕਰਮਚਾਰੀਆਂ ਨੂੰ ਸਮੇਂ ਸਿਰ ਤਨਖ਼ਾਹ ਮਿਲ ਰਹੀ ਹੈ ਅਤੇ ਸ਼ਿਕਾਇਤ ਵਿੱਚ ਜਿਨ੍ਹਾਂ ਵਿਅਕਤੀਆਂ ਦੇ ਨਾਮ ਦਿੱਤੇ ਗਏ ਹਨ। ਉਹ ਅਸਲ ਵਿੱਚ ਠੇਕੇਦਾਰ ਵੱਲੋਂ ਪਹਿਲਾਂ ਹੀ ਕੰਮ ਤੋਂ ਹਟਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਵੇਲੇ ਇਸ ਕੰਮ ਦਾ ਠੇਕਾ ਤਿੰਨ ਵੱਖ ਵੱਖ ਕੰਪਨੀਆਂ ਨੂੰ ਦਿੱਤਾ ਗਿਆ ਹੈ ਅਤੇ ਲਲਿਤ ਲਾਂਬਾ ਨੂੰ ਬੇਨਾਮੀ ਠੇਕੇਦਾਰ ਦੱਸਿਆ ਜਾ ਰਿਹਾ ਹੈ ਜਦੋਂਕਿ ਉਹ ਦੇਵਾ ਕੰਪਨੀ ਦੇ ਡਾਇਰੈਕਟਰ ਹਨ। (ਬਾਕਸ ਆਈਟਮ) ਦੇਵਾ ਸੋਨੀ ਇੰਸਟੀਚਿਊਟ ਦੇ ਡਾਇਰੈਕਟਰ ਲਲਿਤ ਲਾਂਬਾ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਜੋਨ ਚਾਰ ਦਾ ਠੇਕਾ ਹੈ ਅਤੇ ਸਰਕਾਰੀ ਨੇਮਾ ਮੁਤਾਬਕ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਪੀਐਫ ਅਤੇ ਈਐਸਆਈ ਦਾ ਸਵਾਲ ਹੈ। ਉਸਦੀ ਅਦਾਇਗੀ ਦਾ ਚਾਲਾਨ ਨਿਗਮ ਵਿੱਚ ਜਮਾਂ ਕਰਵਾਉਣ ਉਪਰੰਤ ਹੀ ਉਨ੍ਹਾਂ ਨੂੰ ਪੈਸੇ ਦਿੱਤੇ ਜਾਂਦੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ