
ਮੇਅਰ ਜੀਤੀ ਸਿੱਧੂ ਦੇ ਭਰੋਸੇ ਮਗਰੋਂ ਸਫ਼ਾਈ ਮਜ਼ਦੂਰਾਂ ਨੇ ਹੜਤਾਲ ਮੁਲਤਵੀ ਕੀਤੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਈ:
ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਅਤੇ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਵੱਲੋਂ ਸਫ਼ਾਈ ਮਜ਼ਦੂਰਾਂ ਨੂੰ ਠੇਕੇਦਾਰਾਂ ਦੀ ਗੁਲਾਮੀ ’ਚੋਂ ਬਾਹਰ ਕੱਢਣ ਅਤੇ ਠੇਕਾ ਪ੍ਰਣਾਲੀ ਵਿਰੁੱਧ ਭਲਕੇ 21 ਮਈ ਤੋਂ ਅਣਮਿਥੇ ਸਮੇਂ ਲਈ ਕੀਤੀ ਜਾਣ ਵਾਲੀ ਹੜਤਾਲ ਅੱਜ ਵੀਰਵਾਰ ਨੂੰ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਭਰੋਸੇ ਤੋਂ ਬਾਅਦ ਅਗਲੇ ਕੁੱਝ ਦਿਨਾਂ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਸਫ਼ਾਈ ਕਾਮਿਆਂ ਦੇ ਹੜਤਾਲ ਉੱਤੇ ਜਾਣ ਬਾਰੇ ਸੂਚਨਾ ਮਿਲਣ ’ਤੇ ਮੇਅਰ ਜੀਤੀ ਸਿੱਧੂ ਨੇ ਅੱਜ ਯੂਨੀਅਨਾਂ ਦੇ ਮੋਹਰੀ ਆਗੂਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮੋਹਨ ਸਿੰਘ ਅਤੇ ਜਨਰਲ ਸਕੱਤਰ ਪਵਨ ਗੋਡਯਾਲ ਨੇ ਦੱਸਿਆ ਕਿ ਮੁਲਾਜ਼ਮਾਂ/ਮਜ਼ਦੂਰਾਂ ਦੇ ਭੀਸ਼ਮ ਪਿਤਾਮਾ ਕਹੇ ਜਾਣ ਵਾਲੇ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਆਪਣੀ ਜ਼ਿੰਦਗੀ ਵਿੱਚ 4 ਵਾਰੀ ਮਰਨ ਵਰਤ ਰੱਖ ਕੇ ਸਰਕਾਰ ਨੂੰ ਝੁਕਾਉਣ ਵਾਲੇ ਸੱਜਣ ਸਿੰਘ ਦੇ ਸਦੀਵੀ ਵਿਛੋੜੇ ਤੋਂ ਬਾਅਦ ਉਨ੍ਹਾਂ ਦੀ ਲੀਹ ’ਤੇ ਚੱਲਣ ਅਤੇ ਉਨ੍ਹਾਂ ਦੀ ਸੋਚ ਨੂੰ ਜਿੰਦਾ ਰੱਖਦਿਆਂ ਮੁਹਾਲੀ ਵਿੱਚ ਸਫ਼ਾਈ ਮਜ਼ਦੂਰਾਂ ਨੂੰ ਠੇਕੇਦਾਰਾਂ ਦੀ ਗੁਲਾਮੀ ’ਚੋਂ ਬਾਹਰ ਕੱਢਣ ਲਈ ਇਹ ਹੜਤਾਲ ਕੀਤੀ ਜਾਣੀ ਸੀ ਪ੍ਰੰਤੂ ਮੇਅਰ ਸਾਹਿਬ ਨੇ ਉਨ੍ਹਾਂ ਨਾਲ ਮੀਟਿੰਗ ਕਰਕੇ ਬੁੱਧਵਾਰ ਤੱਕ ਕਾਰਵਾਈ ਸਬੰਧੀ ਮੋਹਲਤ ਮੰਗੀ ਗਈ ਹੈ। ਜਿਸ ਕਾਰਨ ਉਨ੍ਹਾਂ ਨੇ ਆਪਣੀ ਹੜਤਾਲ ਮੁਲਤਵੀ ਕਰ ਦਿੱਤੀ ਹੈ। ਉਂਜ ਉਨ੍ਹਾਂ ਕਿਹਾ ਕਿ ਜੇਕਰ ਮੇਅਰ ਆਪਣੇ ਭਰੋਸੇ ’ਤੇ ਕਾਇਮ ਨਹੀਂ ਰਹਿੰਦੇ ਹਨ ਤਾਂ ਸਫ਼ਾਈ ਕਾਮੇ ਅਣਮਿਥੇ ਸਮੇਂ ਲਈ ਹੜਤਾਲ ’ਤੇ ਜਾਣ ਲਈ ਮਜਬੂਰ ਹਾੋਣਗੇ।
ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਅੱਜ ਸਫ਼ਾਈ ਮਜ਼ਦੂਰ ਯੂਨੀਅਨਾਂ ਦੇ ਆਗੂਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਸਫ਼ਾਈ ਕਾਮਿਆਂ ਦੀ ਜਾਇਜ਼ ਮੰਗਾਂ ਬਾਰੇ ਪੰਜਾਬ ਸਰਕਾਰ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਜਲਦੀ ਹੀ ਇਸ ਮਸਲੇ ਦਾ ਸਥਾਈ ਹੱਲ ਕੀਤਾ ਜਾਵੇਗਾ।