
ਸਫ਼ਾਈ ਕਾਮਿਆਂ, ਵੇਰਕਾ ਮੁਲਾਜ਼ਮਾਂ ਤੇ ਦੋਧੀਆਂ ਨੇ ਮਨਾਇਆ ‘ਮਜ਼ਦੂਰ ਦਿਵਸ’
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਈ:
ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਬੈਨਰ ਹੇਠ ਸਫ਼ਾਈ ਕਾਮਿਆਂ ਨੇ ਅੱਜ ਇੱਥੋਂ ਦੇ ਫੇਜ਼-9 ਸਥਿਤ ਮਜ਼ਦੂਰਾਂ ਦੇ ਸਥਾਨ ਆਰਐਮਸੀ ਪੁਆਇੰਟ ’ਤੇ ਇਕੱਠੇ ਹੋ ਕੇ ਮਜ਼ਦੂਰ ਦਿਵਸ ਮਨਾਇਆ। ਇਸ ਮੌਕੇ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮੋਹਣ ਸਿੰਘ, ਜਨਰਲ ਸਕੱਤਰ ਪਵਨ ਗੋਡਯਾਲ, ਮੁਹਾਲੀ ਦੇ ਪ੍ਰਧਾਨ ਸੋਭਾ ਰਾਮ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ, ਮੀਤ ਪ੍ਰਧਾਨ ਰਾਜਨ ਚਾਵਰੀਆਂ ਅਤੇ ਸੰਯੁਕਤ ਸਕੱਤਰ ਅਨਿਲ ਕੁਮਾਰ ਸਮੇਤ ਹੋਰਨਾਂ ਮਜ਼ਦੂਰ ਆਗੂਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਸ਼ਿਕਾਗੋ ਦੇ ਸ਼ਹੀਦ ਮਜ਼ਦੂਰਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਲਾਲ ਸਲਾਮ ਕੀਤਾ ਅਤੇ ਲਾਲ ਝੰਡਾ ਵੀ ਲਹਿਰਾਇਆ। ਮਜ਼ਦੂਰਾਂ ਨੇ ਸਮੇਂ ਦੀਆਂ ਸਰਕਾਰਾਂ ਦੀਆਂ ਮਜ਼ਦੂਰਾਂ ਵਿਰੋਧੀ ਨੀਤੀਆਂ ਦਾ ਵਿਰੋਧ ਕਰਦਿਆਂ ਆਪਣੇ ਹੱਕਾਂ ਅਤੇ ਅਧਿਕਾਰਾਂ ਲਈ ਸਾਂਝੀ ਲੜਾਈ ਲੜਨ ਦਾ ਪ੍ਰਣ ਲਿਆ।
ਉਧਰ, ਵੇਰਕਾ ਮੁਹਾਲੀ ਡੇਅਰੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਸਮੂਹ ਕਰਮਚਾਰੀਆਂ ਦੇ ਸਹਿਯੋਗ ਨਾਲ ਵੇਰਕਾ ਪਲਾਂਟ ਦੇ ਗੇਟ ਅੱਗੇ ਮਜ਼ਦੂਰ ਦਿਵਸ ਮਨਾਇਆ। ਇਸ ਮੌਕੇ ਪ੍ਰਧਾਨ ਕੁਲਵੰਤ ਸਿੰਘ, ਮੈਨੇਜਰ ਲੇਖਾ ਵਰਸ਼ਲ ਕੁਮਾਰ, ਇੰਚਾਰਜ ਉਤਪਾਦਨ ਐਸਐਸ ਗਿੱਲ ਨੇ ਲਾਲ ਝੰਡਾ ਲਹਿਰਾਉਣ ਦੀ ਰਸਮ ਨਿਭਾਈ ਅਤੇ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਕਰਨ ਦਾ ਪ੍ਰਣ ਲੈਂਦੇ ਹੋਏ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਅਖੀਰ ਵਿੱਚ ਸੰਦੀਪ ਸਿੰਘ, ਸੰਜੀਵ ਕੁਮਾਰ, ਨਰਿੰਦਰ ਮੋਹਨ ਨੇ ਸਮੂਹ ਕਰਮਚਾਰੀਆਂ ਦਾ ਧੰਨਵਾਦ ਕੀਤਾ।

ਇਸੇ ਤਰ੍ਹਾਂ ਪੈਰੀਫੇਰੀ ਮਿਲਕਮੈਨ ਯੂਨੀਅਨ ਮੁਹਾਲੀ-ਚੰਡੀਗੜ੍ਹ ਨੇ ਮਜ਼ਦੂਰ ਦਿਵਸ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਹੁਕਮਰਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਉਨ੍ਹਾਂ ਮਹਾਨ ਸ਼ਹੀਦਾਂ ’ਤੇ ਮਾਣ ਹੈ, ਜਿਨ੍ਹਾਂ ਨੇ ਆਪਣਾ ਆਪ ਵਾਰ ਕੇ ਮਜ਼ਦੂਰਾਂ ਦੇ ਹੱਕਾਂ ਦੀ ਰਖਵਾਲੀ ਕੀਤੀ।
ਇਸ ਮੌਕੇ ਸੁਖਵਿੰਦਰ ਸਿੰਘ ਬਾਸੀਆਂ, ਜਸਵੀਰ ਸਿੰਘ ਨਰੈਣਾ, ਬਲਜਿੰਦਰ ਸਿੰਘ ਭਾਗੋਮਾਜਰਾ, ਕਾਮਰੇਡ ਸੱਜਣ ਸਿੰਘ, ਇੰਦਰਜੀਤ ਸਿੰਘ ਗਰੇਵਾਲ, ਸੰਤ ਸਿੰਘ ਕੁਰੜੀ, ਬਲਵਿੰਦਰ ਸਿੰਘ ਬੀੜ, ਸਤਪਾਲ ਸਿੰਘ ਸਵਾੜਾ, ਦਲਜੀਤ ਸਿੰਘ ਮਨਾਣਾ, ਜਸਵੀਰ ਸਿੰਘ ਢਕੋਰਾ, ਹਰਦੀਪ ਸਿੰਘ, ਜਗਤਾਰ ਸਿੰਘ, ਸੁਭਾਸ਼ ਗੋਚਰ, ਅੰਗਰੇਜ਼ ਸਿੰਘ, ਸਾਹਿਬ ਸਿੰਘ, ਮਨਜੀਤ ਸਿੰਘ, ਹਰਜੰਗ ਸਿੰਘ, ਅਵਤਾਰ ਸਿੰਘ ਗੋਲਡੀ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ।