
ਸਵੱਛਤਾ ਅਭਿਆਨ: ਸੰਤ ਈਸ਼ਰ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਾਗਰੂਕਤਾ ਰੈਲੀ ਕੱਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਈ:
‘ਸਵੱਛਤਾ ਅਭਿਆਨ’ ਮੁਹਿੰਮ ਦੇ ਤਹਿਤ ਇੱਥੋਂ ਦੇ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸਵੱਛਤਾ ਹਫ਼ਤਾ ਮਨਾਇਆ ਗਿਆ। ਜਿਸ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵਾਤਾਵਰਨ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਰੱਖਣ ਦਾ ਪ੍ਰਣ ਲਿਆ। ਇਸ ਮੁਹਿੰਮ ਤਹਿਤ ਪੂਰਾ ਹਫ਼ਤਾ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਵੱਛਤਾ ਅਭਿਆਨ ਸਬੰਧੀ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਕਵਿਤਾਵਾਂ ਤੇ ਭਾਸ਼ਣ ਰਾਹੀਂ ਸਫ਼ਾਈ ਦੀ ਮਹੱਤਤਾ ’ਤੇ ਚਾਨਣ ਪਾਇਆ। ਵਿਦਿਆਰਥੀਆਂ ਨੇ ਆਪਣਾ ਆਲਾ-ਦੁਆਲਾ ਸਾਫ਼ ਰੱਖਣ ਅਤੇ ਸਿਹਤਮੰਦ ਜ਼ਿੰਦਗੀ ਜਿਊਣ ਲਈ ਨੁੱਕੜ ਨਾਟਕ ਵੀ ਖੇਡਿਆ।
ਸਕੂਲ ਦੇ ਵਿਹੜੇ ਵਿੱਚ ਸਵੱਛਤਾ ਅਭਿਆਨ ਨਾਲ ਸਬੰਧਤ ਬੋਰਡ ਡੈਕੋਰੇਸ਼ਨ ਮੁਕਾਬਲਾ ਕਰਵਾਇਆ ਗਿਆ। ਵਿਦਿਆਰਥੀਆਂ ਨੇ ਸਵੱਛਤਾ ’ਤੇ ਆਧਾਰਿਤ ਵਿਅਰਥ ਚੀਜ਼ਾਂ ਤੋਂ ਬਹੁਤ ਵਧੀਆ ਮਾਡਲ ਬਣਾ ਕੇ ਪੇਸ਼ ਕੀਤੇ। ਵਿਦਿਆਰਥੀਆਂ ਨੂੰ ਲੇਖ ਮੁਕਾਬਲਿਆਂ, ਸਲੋਗਨ ਲਿਖਤ, ਪੋਸਟਰ ਮੇਕਿੰਗ, ਵੀਡੀਓ ਰਾਹੀਂ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਸਫ਼ਾਈ ਲਈ ਜਾਗਰੂਕ ਕੀਤਾ। ਵਿਦਿਆਰਥੀਆਂ ਨੇ ‘ਸਵੱਛਤਾ ਅਭਿਆਨ’ ਸਬੰਧੀ ਰੈਲੀ ਜਾਗਰੂਕਤਾ ਰੈਲੀ ਵੀ ਕੱਢੀ ਗਈ।
ਸਕੂਲ ਦੀ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨੂੰ ਆਪਣਾ ਆਲਾ-ਦੁਆਲਾ ਸਾਫ਼ ਸੁਥਰਾ ਰੱਖਣ ਅਤੇ ਵਾਤਾਵਰਨ ਮਹੱਤਤਾ ਬਾਰੇ ਦੱਸਦਿਆਂ ਸਾਫ਼-ਸਫ਼ਾਈ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਾਂਗੇ ਤੱਦ ਹੀ ਮਨੁੱਖ ਤੰਦਰੁਸਤ ਰਹਿ ਸਕਦਾ ਹੈ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਦੀ ਆਸ ਰੱਖੀ ਜਾ ਸਕਦੀ ਹੈ।
ਸਕੂਲ ਦੀ ਡਾਇਰੈਕਟਰ ਪਵਨਦੀਪ ਕੌਰ ਗਿੱਲ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਫ਼ਾਈ ਵੱਲ ਵਿਸ਼ੇਸ਼ ਤਵੱਜੋ ਦੇਣ ਦੀ ਅਪੀਲ ਕੀਤੀ।