ਪੱਤਰਕਾਰ ਕੇਜੇ ਸਿੰਘ ਤੇ ਮਾਂ ਦੇ ਦੋਹਰੀ ਕਤਲ ਸਬੰਧੀ ਪੁਲੀਸ ਦੀ ਸੂਈ ਨਜ਼ਦੀਕੀਆਂ ’ਤੇ ਆ ਕੇ ਟਿੱਕੀ

ਵਾਰਦਾਤ ਤੋਂ ਬਾਅਦ ਕਾਤਲਾਂ ਦੇ ਬਲੌਂਗੀ ਵੱਲ ਭੱਜਣ ਦਾ ਸ਼ੱਕ, ਰਿਸ਼ਤੇਦਾਰ ਅੌਰਤ ਦੀ ਭਾਲ ਤੇਜ਼

ਮੁਹਾਲੀ ਵਿੱਚ ਅਪਰਾਧ ਦੀਆਂ ਵਾਰਦਾਤਾਂ ਵਿੱਚ ਵਾਧਾ, ਘਰ ਵਿੱਚ ਜਬਰੀ ਦਾਖ਼ਲ ਹੋ ਕੇ ਚਾਕੂ ਦੀ ਨੋਕ ’ਤੇ ਸੋਨੇ ਦੀ ਚੈਨੀ ਖੋਹੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਸਤੰਬਰ:
ਇੱਥੋਂ ਦੇ ਫੇਜ਼-3ਬੀ2 ਵਿੱਚ ਸਥਿਤ ਕੋਠੀ ਨੰਬਰ 1796 ਵਿੱਚ ਰਹਿੰਦੇ ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਅਤੇ ਉਨ੍ਹਾਂ ਦੀ ਬਜ਼ੁਰਗ ਮਾਤਾ ਗੁਰਚਰਨ ਕੌਰ ਦੀ ਬੇਰਹਿਮ ਹੱਤਿਆ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਹਨੇਰੇ ਵਿੱਚ ਤੀਰ ਮਾਰ ਰਹੀ ਹੈ। ਇਸ ਹਾਈ ਪ੍ਰੋਫਾਈਲ ਕਤਲ ਕੇਸ ਬਾਰੇ ਪੁਲੀਸ ਨੇ ਛੋਟੇ ਤੋਂ ਵੱਡੇ ਅਧਿਕਾਰੀ ਨੇ ਆਪਣੇ ਮੂੰਹ ’ਤੇ ਪੱਟੀ ਬੰਨ੍ਹ ਲਈ ਹੈ। ਇੱਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਪੁਲੀਸ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਬੂਰੀ ਤਰ੍ਹਾਂ ਫੇਲ ਸਾਬਤ ਹੋ ਰਹੀ ਹੈ। ਜਿਸ ਕਾਰਨ ਮੀਡੀਆ ਕਰਮੀਆਂ ਵਿੱਚ ਭਾਰੀ ਰੋਸ ਹੈ। ਇਹੀ ਨਹੀਂ ਵੱਖ ਵੱਖ ਸਿਆਸੀ ਧਿਰਾਂ ਨੇ ਵੀ ਹਾਲੇ ਤੱਕ ਆਪਣੀ ਚੁੱਪੀ ਨਹੀਂ ਤੋੜੀ ਹੈ।
ਉਧਰ, ਪੁਲੀਸ ਦੀ ਸ਼ੱਕ ਦੀ ਸੂਈ ਮ੍ਰਿਤਕ ਪੱਤਰਕਾਰ ਦੇ ਨਜ਼ਦੀਕੀਆਂ ’ਤੇ ਆ ਕੇ ਟਿੱਕੀ ਹੋਈ ਹੈ। ਹੁਣ ਤੱਕ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਮਿੱਤਰਚਾਰੇ ਦੇ ਕਈ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ ਗਈ ਹੈ। ਇਸ ਤੋਂ ਇਲਾਵਾ ਮੋਬਾਈਲ ਟਾਵਰ ਦਾ ਡੰਪ ਚੁੱਕ ਕੇ ਪੁਲੀਸ ਨੇ ਵਾਰਦਾਤ ਦੇ ਆਸ ਪਾਸ ਸਮੇਂ ਦੌਰਾਨ ਟਾਵਰ ਦੇ ਦਾਇਰੇ ਵਿੱਚ ਆਉਣ ਵਾਲੇ ਲੋਕਾਂ ਤੋਂ ਵੀ ਪੁੱਛ ਪੜਤਾਲ ਕੀਤੀ ਹੈ ਅਤੇ ਗੁਆਂਢੀਆਂ ਤੋਂ ਪੁੱਛਗਿੱਛ ਕੀਤੀ ਗਈ ਹੈ। ਪੁਲੀਸ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕਾਤਲ ਬਲੌਂਗੀ ਵੱਲ ਭੱਜੇ ਹੋ ਸਕਦੇ ਹਨ। ਸੀਸੀਟੀਵੀ ਕੈਮਰੇ ਦੀ ਫੋਟੋਜ ਤੋਂ ਪਤਾ ਲੱਗਾ ਹੈ ਕਿ ਵਾਰਦਾਤ ਵਾਲੀ ਰਾਤ ਨੂੰ ਫੇਜ਼-3ਬੀ2’ਚੋਂ ਅੱਧੀ ਰਾਤ ਤੋਂ ਬਾਅਦ ਇੱਕ ਫੋਰਡ ਆਈਕਾਨ ਕਾਰ ਵਾਇਆ ਰਾਧਾ ਸੁਆਮੀ ਚੌਂਕ 200 ਫੁੱਟ ਚੌੜੀ ਏਅਰਪੋਰਟ ਸੜਕ ਰਾਹੀਂ ਬਲੌਂਗੀ ਤੱਕ ਗਈ ਹੈ। ਉਸ ਤੋਂ ਅੱਗੇ ਸੀਸੀਟੀਵੀ ਕੈਮਰੇ ਨਾ ਹੋਣ ਕਾਰਨ ਕਾਰ ਬਾਰੇ ਸੁਰਾਗ ਨਹੀਂ ਲੱਗ ਸਕਿਆ ਕਿ ਬਲੌਂਗੀ ਤੋਂ ਕਿਧਰ ਨੂੰ ਗਈ ਹੈ।
ਉਧਰ, ਪੁਲੀਸ ਨੂੰ ਪੱਤਰਕਾਰ ਦੀ ਇੱਕ ਮਹਿਲਾ ਰਿਸ਼ਤੇਦਾਰ ਦੀ ਵੀ ਤਲਾਸ਼ ਹੈ। ਇਸ ਮਹਿਲਾ ਦੇ ਖ਼ਿਲਾਫ਼ ਹਰਿਆਣਾ ਅਤੇ ਯੂ.ਪੀ. ਵਿੱਚ ਕਈ ਅਪਰਾਧਿਕ ਮਾਮਲੇ ਦਰਜ ਦੱਸੇ ਜਾ ਰਹੇ ਹਨ। ਪੁਲੀਸ ਨੇ ਇਸ ਅੌਰਤ ਦੀ ਤੇਜ਼ੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ। ਇਹ ਅੌਰਤ ਫਰਾਰ ਦੱਸੀ ਗਈ ਹੈ ਅਤੇ ਅਜੇ ਤਾਈਂ ਪੁਲੀਸ ਨੂੰ ਉਸ ਦੇ ਟਿਕਾਣਿਆਂ ਬਾਰੇ ਠੋਸ ਸੁਰਾਗ ਨਹੀਂ ਮਿਲਿਆ ਹੈ। ਇਸੇ ਦੌਰਾਨ ਆਂਢ ਗੁਆਂਢ ਦੇ ਲੋਕਾਂ ਨੇ ਵੀ ਪੁਲੀਸ ਨੂੰ ਦੱਸਿਆ ਕਿ ਵਾਰਦਾਤ ਵਾਲੀ ਰਾਤ ਉਨ੍ਹਾਂ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਪੱਤਰਕਾਰ ਦੇ ਵਿਹੜੇ ਵਿੱਚ ਜੰਗਲਾ ਟੱਪ ਕੇ ਆਉਂਦੇ ਜਾਂਦੇ ਦੇਖਿਆ ਹੈ। ਹਾਲਾਂਕਿ ਪਹਿਲਾਂ ਪੁਲੀਸ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਸ਼ੱਕੀ ਮੁਲਜ਼ਮਾਂ ਦੇ ਸਕੈਚ ਤਿਆਰ ਕਰਵਾਏ ਜਾਣਗੇ ਪ੍ਰੰਤੂ ਮੌਕੇ ਦਾ ਗਵਾਹ ਨਾ ਹੋਣ ਕਾਰਨ ਮੁਲਜ਼ਮਾਂ ਦੇ ਸਕੈਚ ਤਿਆਰ ਨਹੀਂ ਕਰਵਾਏ ਗਏ।
(ਬਾਕਸ ਆਈਟਮ)
ਇੱਥੋਂ ਦੇ ਫੇਜ਼-1 ਦੇ ਰਿਹਾਇਸ਼ੀ ਕੋਲ ਘਰ ਵਿੱਚ ਬੀਤੇ ਦਿਨ ਪਹਿਲਾਂ ਦਾਖ਼ਲ ਹੋ ਕੇ ਇੱਕ ਲੁਟੇਰੇ ਨੇ ਚਾਕੂ ਦੀ ਨੋਕ ’ਤੇ ਅੌਰਤ ਤੋਂ ਸੋਨੇ ਦੀ ਚੈਨੀ ਖੋਹਣ ਦਾ ਯਤਨ ਕੀਤਾ। ਹਾਲਾਂਕਿ ਪੀੜਤ ਅੌਰਤ ਨੇ ਹਿੰਮਤ ਕਰਕੇ ਲੁਟੇਰੇ ਦਾ ਮੁਕਾਬਲਾ ਵੀ ਕੀਤਾ ਪ੍ਰੰਤੂ ਉਸ ਨੇ ਅੌਰਤ ਤੋਂ ਚੈਨ ਝਪਟ ਲਈ। ਲੁਟੇਰੇ ਨੇ ਅੌਰਤ ’ਤੇ ਚਾਕੂ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਸੋਨੇ ਦੀ ਚੈਨੀ ਦਾ ਇੱਕ ਟੁਕੜਾ ਲੈ ਕੇ ਫਰਾਰ ਹੋ ਗਿਆ। ਪਤਾ ਲੱਗਾ ਹੈ ਕਿ ਲੁਟੇਰਾ ਐਕਟਿਵਾ ਸਕੂਟਰ ’ਤੇ ਸਵਾਰ ਹੋ ਕੇ ਆਇਆ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਪੀਸੀਆਰ ਦੇ ਕਰਮਚਾਰੀ ਉੱਥੇ ਪਹੁੰਚ ਗਏ। ਇਹ ਘਟਨਾ ਮੰਗਲਵਾਰ ਨੂੰ ਵਾਪਰਹੀ ਦੱਸੀ ਗਈ ਹੈ। ਮੀਨਾਕਸ਼ੀ ਨਾਂ ਦੀ ਅੌਰਤ ਆਪਣੇ ਘਰ ਵਿੱਚ ਸੀ। ਇੱਕ ਨੌਜਵਾਨ ਕੂਰੀਅਰ ਵਾਲਾ ਬਣ ਕੇ ਆਇਆ। ਜਿਵੇਂ ਹੀ ਅੌਰਤ ਨੇ ਦਰਵਾਜਾ ਖੋਲ੍ਹਿਆ ਤਾਂ ਲੁਟੇਰੇ ਨੇ ਅੌਰਤ ਕੋਲੋਂ ਸੋਨੇ ਦੀ ਚੈਨੀ ਖੋਹ ਲਈ। ਅਨਿਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਪੁਲੀਸ ਨੂੰ ਸੂਚਨਾ ਦੇ ਦਿੱਤੀ ਹੈ ਅਤੇ ਸੀਸੀਟੀਵੀ ਕੈਮਰੇ ਦੀ ਫੁਟੇਜ਼ ਚੈੱਕ ਕਰਨ ਲਈ ਕਿਹਾ ਗਿਆ ਸੀ ਲੇਕਿਨ ਪੁਲੀਸ ਨੇ ਹੁਣ ਤੱਕ ਯੋਗ ਕਾਰਵਾਈ ਨਹੀਂ ਕੀਤੀ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…