ਮੁਹਾਲੀ ਬੱਸ ਅੱਡਾ ਤੇ ਬੰਦ ਸੜਕ ਮੁੜ ਚਾਲੂ ਹੋਣ ਦੀ ਆਸ ਬੱਝੀ, ਮੁੱਖ ਸਕੱਤਰ, ਡੀਸੀ, ਗਮਾਡਾ ਤੇ ਹੋਰਨਾਂ ਨੂੰ ਨੋਟਿਸ ਜਾਰੀ

ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਜਨਹਿੱਤ ਪਟੀਸ਼ਨ ’ਤੇ ਹੋਈ ਕਾਰਵਾਈ

ਨਬਜ਼-ਏ-ਪੰਜਾਬ, ਮੁਹਾਲੀ, 6 ਸਤੰਬਰ:
ਇੱਥੋਂ ਦੇ ਫੇਜ਼-6 ਸਥਿਤ ਬਾਬਾ ਬੰਦਾ ਸਿੰਘ ਬਹਾਦਰ ਸਿੰਘ ਏਸੀ ਬੱਸ ਟਰਮੀਨਲ ਨੂੰ ਸਹੀ ਰੂਪ ਵਿੱਚ ਚਾਲੂ ਅਤੇ ਏਸੀ ਬੱਸ ਦੀ ਅੱਡੇ ਦੀ ਉਸਾਰੀ ਸਮੇਂ ਬੰਦ ਕੀਤੀ ਗਈ ਸ਼ਹਿਰ ਵਿੱਚ ਦਾਖ਼ਲ ਹੋਣ ਵਾਲੀ ਸੜਕ ’ਤੇ ਮੁੜ ਆਵਾਜਾਈ ਸ਼ੁਰੂ ਹੋਣ ਦੀ ਆਸ ਬੱਝ ਗਈ ਹੈ। ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਪਟੀਸ਼ਨ ’ਤੇ ਕਾਰਵਾਈ ਕਰਦਿਆਂ ਹਾਈ ਕੋਰਟ ਦੇ ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਅਨਿਲ ਖੇਤਰਫਲ ਦੇ ਡਬਲ ਬੈਂਚ ਨੇ ਪੰਜਾਬ ਦੇ ਮੁੱਖ ਸਕੱਤਰ ਸਮੇਤ ਡੀਸੀ ਮੁਹਾਲੀ, ਗਮਾਡਾ ਦੇ ਮੁੱਖ ਪ੍ਰਸ਼ਾਸਕ, ਪੁੱਡਾ ਦੇ ਪ੍ਰਮੁੱਖ ਸਕੱਤਰ ਅਤੇ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਨੋਟਿਸ ਆਫ਼ ਮੋਸ਼ਨ ਜਾਰੀ ਕੀਤਾ ਹੈ।
ਡਿਪਟੀ ਮੇਅਰ ਕੁਲਜੀਤ ਬੇਦੀ ਨੇ ਆਪਣੇ ਵਕੀਲਾਂ ਰੰਜੀਵਨ ਸਿੰਘ ਅਤੇ ਰਿਸ਼ਮਰਾਗ ਸਿੰਘ ਰਾਹੀਂ ਹਾਈ ਕੋਰਟ ਜਨਹਿੱਤ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਗਈ ਬਾਬਾ ਬੰਦਾ ਸਿੰਘ ਬਹਾਦਰ ਏਸੀ ਅੰਤਰਰਾਜੀ ਬੱਸ ਟਰਮੀਨਲ ਅਤੇ ਨਾਲ ਲੱਗਦੀ ਮੁੱਖ ਸੜਕ ਦੇ ਬੰਦ ਪਏ ‘ਵਨ ਵੇਅ’ ’ਤੇ ਮੁੜ ਆਵਾਜਾਈ ਲਈ ਚਾਲੂ ਕੀਤੀ ਜਾਵੇ ਅਤੇ ਮੁਰੰਮਤ ਕਰਨ ਲਈ ਸਬੰਧਤ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ।
ਕਾਬਿਲੇਗੌਰ ਹੈ ਕਿ ਮੁਹਾਲੀ ਬੱਸ ਸਟੈਂਡ ਚਾਲੂ ਨਾ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ‘ਵਨ ਵੇਅ’ ਸੜਕ ਦੇ ਬੰਦ ਹੋਣ ਕਾਰਨ ਮਨੁੱਖੀ ਜਾਨਾਂ ਨੂੰ ਖ਼ਤਰਾ ਪੈਦਾ ਹੋ ਰਿਹਾ ਹੈ ਕਿਉਂਕਿ ਸੜਕ ਦਾ ਇੱਕ ਹਿੱਸਾ 2009 ਤੋਂ ਬੰਦ ਪਿਆ ਹੈ ਜਦੋਂਕਿ ਬੱਸ ਅੱਡਾ ਵੀ ਸਾਲ 2016 ਤੋਂ ਬੰਦ ਵਰਗਾ ਹੀ ਪਿਆ ਹੈ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਿਪਟੀ ਮੇਅਰ ਕੁਲਜੀਤ ਬੇਦੀ ਨੇ ਦੱਸਿਆ ਕਿ 2009 ਵਿੱਚ ਵੇਰਕਾ ਮਿਲਕ ਪਲਾਂਟ ਨੇੜੇ ਪੰਜਾਬ ਦਾ ਪਹਿਲਾ ਏਸੀ ਬੱਸ ਅੱਡੇ ਦਾ ਨਿਰਮਾਣ ਸ਼ੁਰੂ ਹੋਇਆ ਸੀ ਅਤੇ ਉਦੋਂ ਹੀ ਵੇਰਕਾ ਚੌਂਕ ਤੋਂ ਲਾਲ ਬੱਤੀ ਪੁਆਇੰਟ ਤੱਕ ਸੜਕ ਦਾ ਅੱਧਾ ਬੱਸ ਅੱਡੇ ਦੀ ਉਸਾਰੀ ਕਰਨ ਵਾਲੀ ਕੰਪਨੀ ਨੇ ਲੋਹੇ ਦੀਆਂ ਟੀਨਾਂ ਲਗਾ ਕੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਹਾਲਾਂਕਿ 2016 ਵਿੱਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਜਲਦਬਾਜ਼ੀ ਵਿੱਚ ਭਾਵੇਂ ਬੱਸ ਟਰਮੀਨਲ ਦਾ ਉਦਘਾਟਨ ਤਾਂ ਕਰ ਦਿੱਤਾ ਸੀ ਪ੍ਰੰਤੂ ਬਾਅਦ ਵਿੱਚ ਇਹ ਬੱਸ ਸਹੀ ਰੂਪ ਵਿੱਚ ਚਾਲੂ ਨਹੀਂ ਹੀ ਸਕਿਆ। ਇਹੀ ਨਹੀਂ ਸੜਕ ਦਾ ਬੰਦ ਕੀਤਾ ਇੱਕ ਹਿੱਸਾ ਹੁਣ ਤੱਕ ਨਹੀਂ ਖੋਲ੍ਹਿਆ। ਜਿਸ ਕਾਰਨ ਸ਼ਹਿਰ ਵਾਸੀਆਂ ਅਤੇ ਮੁਲਾਜ਼ਮ ਵਰਗ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹੀ ਨਹੀਂ ਹੁਣ ਤੱਕ ਬੰਦ ਕੀਤੀ ਸੜਕ ਧਸਣੀ ਵੀ ਸ਼ੁਰੂ ਹੋ ਗਈ ਹੈ ਅਤੇ ਕਦੇ ਵੀ ਹਾਦਸਾ ਵਾਪਰ ਸਕਦਾ ਹੈ। ਬੇਦੀ ਨੇ ਦੱਸਿਆ ਕਿ ਨਵਾਂ ਬੱਸ ਅੱਡਾ ਚੱਲਿਆ ਨਹੀਂ ਪ੍ਰੰਤੂ ਸਰਕਾਰ ਨੇ ਪੁਰਾਣਾ ਅੰਤਰਰਾਜ਼ੀ ਬੱਸ ਅੱਡਾ ਪਹਿਲਾਂ ਹੀ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ, ਗਮਾਡਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲਾਂ ਕਰ ਕਰ ਕੇ ਥੱਕ ਹਨ ਲੇਕਿਨ ਅਧਿਕਾਰੀ ਨੇ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ। ਜਿਸ ਕਾਰਨ ਉਨ੍ਹਾਂ ਨੂੰ ਉੱਚ ਅਦਾਲਤ ਦਾ ਬੂਹਾ ਖੜਕਾਉਣ ਲਈ ਮਜਬੂਰ ਹੋਣਾ ਪਿਆ ਹੈ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…