nabaz-e-punjab.com

ਆਪਣੀ ਮੰਡੀ ਬੰਦ: ਸੜਕ ਕਿਨਾਰੇ ਰੁੱਖ ਹੇਠਾਂ ਬੈਠ ਕੇ ਸਬਜ਼ੀ ਵੇਚ ਰਹੇ ਨੇ ਆਪਣੀ ਮੰਡੀ ਦੇ ਦੁਕਾਨਦਾਰ

ਸ਼ਹਿਰ ਵਾਸੀਆਂ ਨੇ ਦੁਕਾਨਦਾਰਾਂ ’ਤੇ ਵੱਧ ਕੀਮਤ ਵਸੂਲਣ ਦਾ ਲਾਇਆ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਾਰਚ:
ਮੁਹਾਲੀ ਪ੍ਰਸ਼ਾਸਨ ਵੱਲੋਂ ਆਪਣੀ ਮੰਡੀ ਬੰਦ ਕਰਵਾਏ ਜਾਣ ਕਾਰਨ ਜਿੱਥੇ ਲੋਕਾਂ ਨੂੰ ਸਬਜ਼ੀਆਂ ਅਤੇ ਫਲਾਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਮੰਡੀ ਦੇ ਦੁਕਾਨਦਾਰ ਸੜਕਾਂ ਕਿਨਾਰੇ ਰੁੱਖਾਂ ਦੀ ਛਾਵੇਂ ਅਰਜ਼ੀ ਦੁਕਾਨਾਂ ਲਗਾ ਕੇ ਮਨਮਰਜ਼ੀ ਦੀ ਕੀਮਤ ਵਸੂਲ ਰਹੇ ਹਨ। ਅੱਜ ਸੈਕਟਰ-68 ਵਿੱਚ ਮੰਡੀ ਵਾਲੀ ਥਾਂ ’ਤੇ ਕੁਝ ਪ੍ਰਵਾਸੀ ਦੁਕਾਨਦਾਰ ਇਕੱਠੇ ਹੋ ਗਏ ਪ੍ਰੰਤੂ ਪੁਲੀਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਉੱਥੋਂ ਖਦੇੜ ਦਿੱਤਾ। ਇਸ ਮਗਰੋਂ ਇਨ੍ਹਾਂ ’ਚੋਂ ਕੁਝ ਦੁਕਾਨਦਾਰਾਂ ਨੇ ਉੱਥੇ ਆਪਣੀਆਂ ਗੱਡੀਆਂ ਖੜ੍ਹਾ ਕੇ ਸਾਮਾਨ ਵੇਚਣਾ ਸ਼ੁਰੂ ਕਰ ਦਿੱਤਾ।
ਸ਼ਹਿਰ ਵਾਸੀ ਗੁਰਪ੍ਰੀਤ ਸਿੰਘ ਨੇ ਦੋਸ਼ ਲਗਾਇਆ ਕਿ ਸਬਜ਼ੀ ਵੇਚਣ ਵਾਲੇ ਆਪਣੇ ਸਾਮਾਨ ਦੀ ਬਹੁਤ ਜ਼ਿਆਦਾ ਕੀਮਤ ਵਸੂਲ ਰਹੇ ਹਨ ਅਤੇ ਕਿਸੇ ਵਿਅਕਤੀ ਦੀ ਗੱਲ ਨਹੀਂ ਸੁਣ ਰਹੇ। ਉਨ੍ਹਾਂ ਮੰਗ ਕੀਤੀ ਕਿ ਮਨਮਰਜ਼ੀ ਦੀ ਕੀਮਤ ਵਸੂਲਣ ਵਾਲੇ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਉਧਰ, ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ ਨੇ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਰੋਜ਼ਾਨਾ ਸਬਜ਼ੀਆਂ ਅਤੇ ਫਲਾਂ ਦੀ ਕੀਮਤ ਤੈਅ ਕੀਤੀ ਜਾਂਦੀ ਹੈ ਅਤੇ ਇਹ ਭਾਅ ਆਪਣੀ ਮੰਡੀ ਵਿੱਚ ਵੀ ਲਾਗੂ ਕਰਵਾਏ ਜਾਂਦੇ ਸੀ। ਉਨ੍ਹਾਂ ਕਿਹਾ ਕਿ ਹੁਣ ਫੇਰੀ ਲਾਉਣ ਵਾਲਿਆਂ ’ਤੇ ਵੀ ਨਿਰਧਾਰਿਤ ਕੀਮਤਾਂ ਲਾਗੂ ਹੋਣਗੀਆਂ ਅਤੇ ਘੁੰਮ ਫਿਰ ਕੇ ਸਮਾਨ ਵੇਚਣ ਵਾਲਿਆਂ ਲਈ ਜ਼ਰੂਰੀ ਹੋਵੇਗਾ ਕਿ ਉਹ ਆਪਣੀ ਰੇਹੜੀ ’ਤੇ ਸਬਜ਼ੀਆਂ ਅਤੇ ਫਲਾਂ ਦੀ ਕੀਮਤ ਸਬੰਧੀ ਰੇਟ ਦੀ ਸੂਚੀ ਲਗਾਉਣਾ ਯਕੀਨੀ ਬਣਾਉਣਗੇ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਇਸ ਸਬੰਧੀ ਜਾਣਕਾਰੀ ਦੇਣ ਲਈ ਵੱਟਸਅਪ ਗਰੁੱਪਾਂ ’ਤੇ ਵੀ ਇਹ ਸੂਚੀ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਜ਼ਰੂਰੀ ਵਸਤਾਂ ਦੀ ਕੋਈ ਘਾਟ ਨਹੀਂ ਹੈ ਅਤੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਇਸ ਲਈ ਲੋਕਾਂ ਨੂੰ ਨਿੱਤ ਵਰਤੋਂ ਦੀਆਂ ਘਰੇਲੂ ਵਸਤੂਆਂ ਲਈ ਘਬਰਾਉਣਾ ਨਹੀਂ ਚਾਹੀਦਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…