ਮੁਹਾਲੀ ਦਾ ਪੁਰਾਣਾ ਅੰਤਰਰਾਜ਼ੀ ਬੱਸ ਸਟੈਂਡ ਬੰਦ ਕਰਨ ਵਿਰੁੱਧ ਸ਼ਹਿਰ ਵਾਸੀਆਂ ਵਿੱਚ ਰੋਹ ਫੈਲਿਆ

ਬੱਸ ਅੱਡਾ ਬੰਦ ਕੀਤਾ ਤਾਂ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਸੰਘਰਸ਼ ਵਿੱਢਿਆ ਜਾਵੇਗਾ: ਧਨੋਆ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਦਸੰਬਰ:
ਸਥਾਨਕ ਫੇਜ਼-8 ਵਿੱਚ ਸਥਿਤ ਪੁਰਾਣੇ ਬੱਸ ਅੱਡੇ ਨੂੰ ਗਮਾਡਾ ਵੱਲੋਂ ਬੰਦ ਕੀਤੇ ਜਾਣ ਦੇ ਯਤਨਾਂ ਵਿਰੁੱਧ ਲੋਕ ਰੋਹ ਫੈਲ ਗਿਆ ਹੈ ਅਤੇ ਸ਼ਹਿਰ ਵਾਸੀਆਂ ਦੇ ਨਾਲ ਨਾਲ ਦੂਜੇ ਸ਼ਹਿਰਾਂ ਤੋਂ ਆਉਣ ਵਾਲੇ ਲੋਕਾਂ ਨੇ ਵੀ ਇਸ ਬੱਸ ਅੱਡੇ ਨੂੰ ਬੰਦ ਕਰਨ ਵਿਰੁੱਧ ਸੰਘਰਸ਼ ਵਿੱਢਣ ਦਾ ਫੈਸਲਾ ਕਰ ਲਿਆ ਹੈ। ਇਸ ਤਰ੍ਹਾਂ ਸ਼ਹਿਰ ਦਾ ਪੁਰਾਣਾ ਬੱਸ ਅੱਡਾ ਇਕ ਵੱਡਾ ਭੱਖਦਾ ਮੁੱਦਾ ਬਣ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ ਹੀ ਗਮਾਡਾ ਦੀ ਟੀਮ ਫੇਜ਼-8 ਵਿਚਲੇ ਇਸ ਪੁਰਾਣੇ ਬੱਸ ਅੱਡੇ ਨੂੰ ਬੰਦ ਕਰਨ ਲਈ ਜਾਂਦੀ ਹੈ ਪਰ ਪ੍ਰਾਈਵੇਟ ਬੱਸਾਂ ਦੇ ਡਰਾਈਵਰਾਂ ਕੰਡਕਟਰਾਂ ਅਤੇ ਬੱਸ ਅੱਡੇ ਤੋਂ ਵੱਖ ਵੱਖ ਸ਼ਹਿਰਾਂ ਨੂੰ ਜਾਣ ਵਾਲੀਆਂ ਬੱਸਾਂ ਲੈਣ ਵਾਲੇ ਆਮ ਲੋਕਾਂ ਦੇ ਵੱਲੋਂ ਮੌਕੇ ਉਪਰ ਹੀ ਸਖਤ ਵਿਰੋਧ ਕੀਤੇ ਜਾਣ ਕਾਰਨ ਹਰ ਵਾਰ ਹੀ ਗਮਾਡਾ ਦੀ ਟੀਮ ਨੂੰ ਬੇਰੰਗ ਪਰਤਣਾ ਪੈਂਦਾ ਹੈ।
ਬੀਤੀ ਰਾਤ 8 ਵਜੇ ਦੇ ਕਰੀਬ ਗਮਾਡਾ ਦੀ ਟੀਮ ਜੇਸੀਬੀ ਮਸ਼ੀਨ ਲੈ ਕੇ ਪੁਰਾਣੇ ਬੱਸ ਸਟੈਂਡ ਵਿਚ ਪਹੁੰਚ ਗਈ ਅਤੇ ਇਸ ਬੱਸ ਅੱਡੇ ਦਾ ਰਸਤਾ ਬੰਦ ਕਰਨ ਲਈ ਗਮਾਡਾ ਦੀ ਟੀਮ ਨੇ ਰਸਤੇ ਵਿਚ ਜੇਸੀਬੀ ਮਸ਼ੀਨ ਨਾਲ ਡੂੰਘੇ ਖੱਡੇ ਪੁੱਟਣੇ ਸ਼ੁਰੂ ਕਰ ਦਿੱਤੇ। ਜਿਸ ਦਾ ਉਥੇ ਮੌਜੂਦ ਡ੍ਰਾਈਵਰਾਂ ਕੰਡਕਟਰਾਂ ਵੱਲੋਂ ਵਿਰੋਧ ਕੀਤਾ ਗਿਆ ਅਤੇ ਪ੍ਰਾਈਵੇਟ ਬੱਸ ਚਾਲਕਾਂ ਨੇ ਜੇਸੀਬੀ ਮਸ਼ੀਨ ਦੇ ਦੋਵੇੱ ਪਾਸੇ ਆਪਣੀਆਂ ਬੱਸਾਂ ਖੜੀਆਂ ਕਰਕੇ ਜੇਸੀਬੀ ਮਸ਼ੀਨ ਦਾ ਕੰਮ ਹੀ ਬੰਦ ਕਰਵਾ ਦਿਤਾ। ਉਥੇ ਮੌਜੂਦ ਲੋਕਾਂ ਵਿਚ ਪੈਦਾ ਲੋਕ ਰੋਹ ਵੇਖ ਕੇ ਗਮਾਡਾ ਦੀ ਟੀਮ ਇਕ ਵਾਰ ਫਿਰ ਬੇਰੰਗ ਮੁੜ ਗਈ। ਇਸ ਮੌਕੇ ਮੌਜੂਦ ਡ੍ਰਾਈਵਰਾਂ ਕੰਡਕਟਰਾਂ ਅਤੇ ਆਮ ਲੋਕਾਂ ਨੇ ਇਸ ਪੁਰਾਣੇ ਬੱਸ ਸਟੈਂਡ ਨੂੰ ਬੰਦ ਕਰਨ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਅਤੇ ਬੱਸ ਸਟੈਂਡ ਨੂੰ ਬੰਦ ਕਰਨ ਵਿਰੁੱਧ ਲੰਮਾ ਸੰਘਰਸ਼ ਕਰਨ ਦਾ ਐਲਾਨ ਕੀਤਾ।
ਅੱਜ ਸਵੇਰੇ ਹੀ ਵਾਰਡ ਨੰਬਰ-23 (ਜਿਸ ਵਿਚ ਇਹ ਪੁਰਾਣਾ ਬੱਸ ਸਟੈਂਡ ਸਥਿਤ ਹੈ) ਤੋਂ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਆਪਣੇ ਵੱਡੀ ਗਿਣਤੀ ਸਮਰਥਕਾਂ ਨਾਲ ਫੇਜ਼-8 ਦੇ ਇਸ ਸਥਾਨਕ ਪੁਰਾਣੇ ਬੱਸ ਸਟੈਂਡ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ ਧਨੋਆ ਨੇ ਕਿਹਾ ਕਿ ਇਸ ਪੁਰਾਣੇ ਬੱਸ ਅੱਡੇ ਨੂੰ ਕਿਸੇ ਵੀ ਕੀਮਤ ਉਪਰ ਬੰਦ ਨਹੀਂ ਹੋਣ ਦਿਤਾ ਜਾਵੇਗਾ ਅਤੇ ਜੇ ਪ੍ਰਸ਼ਾਸਨ ਨੇ ਇਹ ਬੱਸ ਅੱਡਾ ਬੰਦ ਕਰਨ ਦੀ ਧੱਕੇਸ਼ਾਹੀ ਕੀਤੀ ਤਾਂ ਵੱਖ ਵੱਖ ਐਸੋਸੀਏਸ਼ਨਾਂ, ਜਥੇਬੰਦੀਆਂ ਦੇ ਨਾਲ ਨਾਲ ਹਜਾਰਾਂ ਲੋਕਾਂ ਨੂੰ ਨਾਲ ਲੈ ਕੇ ਇਸ ਵਿਰੁੱਧ ਵੱਡਾ ਸੰਘਰਸ਼ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਉਹਨਾਂ ਨੇ ਇਸ ਬੱਸ ਅੱਡੇ ਉਪਰ ਬੱਸਾਂ ਵਿਚ ਚੜਨ ਵਾਲੇ ਲੋਕਾਂ ਨਾਲ ਵੀ ਗਲਬਾਤ ਕੀਤੀ ਹੈ ਅਤੇ ਇਹਨਾਂ ਸਾਰੇ ਹੀ ਲੋਕਾਂ ਦਾ ਕਹਿਣਾ ਹੈ ਕਿ ਇਹ ਬੱਸ ਸਟੈਂਡ ਬੰਦ ਨਹੀਂ ਹੋਣਾ ਚਾਹੀਦਾ ਸਗੋਂ ਇਸ ਬੱਸ ਸਟੈਂਡ ਨੂੰ ਚਾਲੂ ਰਖਕੇ ਇਥੇ ਬੁਨਿਆਦੀ ਸਹੂਲਤਾਂ ਵੀ ਦੇਣੀਆਂ ਚਾਹੀਦੀਆਂ ਹਨ।
ਉਹਨਾਂ ਕਿਹਾ ਕਿ ਬੱਸ ਸਟੈਂਡ ਦੀ ਇਹ ਥਾਂ ਨਗਰ ਨਿਗਮ ਮੁਹਾਲੀ ਨੂੰ ਦੇ ਦਿਤੀ ਜਾਣੀ ਚਾਹੀਦੀ ਹੈ ਤਾਂ ਕਿ ਨਗਰ ਨਿਗਮ ਇਸੇ ਥਾਂ ਉਪਰ ਆਪਣਾ ਲੋਕਲ ਬੱਸ ਅੱਡਾ ਵੀ ਚਾਲੂ ਕਰ ਲਵੇ ਅਤੇ ਇਸ ਬੱਸ ਅੱਡੇ ਨੂੰ ਵੀ ਚਾਲੂ ਰਖਿਆ ਜਾ ਸਕੇ। ਉਹਨਾਂ ਕਿਹਾ ਕਿ ਪ੍ਰਸ਼ਾਸਨ ਅਤੇ ਫੇਜ 6 ਦੇ ਨਵਾਂ ਸਟੈਂਡ ਦੇ ਪ੍ਰਬੰਧਕਾਂ ਨੁੰ ਇਹ ਭੁਲੇਖਾ ਹੀ ਹੈ ਕਿ ਇਸ ਪੁਰਾਣੇ ਬੱਸ ਸਟੈਂਡ ਦੇ ਬੰਦ ਹੋਣ ਨਾਲ ਲੋਕ ਫੇਜ਼ 6 ਸਥਿਤ ਨਵੇੱ ਬੱਸ ਸਟੈਂਡ ਜਾਣਗੇ, ਉਹਨਾਂ ਕਿਹਾ ਕਿ ਜੇ ਫੇਜ਼-8 ਵਿਚਲਾ ਇਹ ਪੁਰਾਣਾ ਬੱਸ ਅੱਡਾ ਬੰਦ ਕੀਤਾ ਗਿਆ ਤਾਂ ਲੋਕ ਫੇਜ਼ 6 ਸਥਿਤ ਨਵੇੱ ਬੱਸ ਸਟੈਂਡ ਜਾਣ ਦੀ ਥਾਂ ਚੰਡੀਗੜ੍ਹ ਦੇ ਟ੍ਰਿਬਿਊਨ ਚੌਂਕ ਅਤੇ ਸੈਕਟਰ-43 ਵਿਚਲੇ ਅੰਤਰਰਾਜੀ ਬੱਸ ਸਟੈਂਡ ਜਾਣਾਂ ਸ਼ੁਰੂ ਕਰ ਦੇਣਗੇ।
ਉਹਨਾਂ ਕਿਹਾ ਕਿ ਫੇਜ਼-8 ਸਥਿਤ ਪੁਰਾਣਾ ਬੱਸ ਅੱਡਾ ਬੰਦ ਹ ੋਣ ਨਾਲ ਜਿਥੇ ਫੇਜ਼-7,8,9,10,11 ਅਤੇ ਸੈਕਟਰ-66 ਸਮੇਤ ਹੋਰਨਾਂ ਇਲਾਕਿਆਂ ਦੇ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀ ਹੋਵੇਗੀ। ਇਹਨਾਂ ਲੋਕਾਂ ਨੂੰ ਫੇਜ਼-6 ਸਥਿਤ ਨਵਾਂ ਬੱਸ ਸਟੈਂਡ ਬਹੁਤ ਹੀ ਦੂਰ ਪੈਂਦਾ ਹੈ ਜਿਸ ਕਾਰਨ ਇਹ ਲੋਕ ਖਾਸ ਕਰਕੇ ਅੌਰਤਾਂ ਅਤੇ ਬੱਚੇ ਫੇਜ਼-6 ਸਥਿਤ ਨਵੇੱ ਬੱਸ ਸਟੈਂਡ ਜਾਣ ਲਈ ਬਹੁਤ ਹੀ ਪ੍ਰੇਸ਼ਾਨ ਹੋਣਗੇ। ਉਹਨਾਂ ਕਿਹਾ ਕਿ ਮੁਹਾਲੀ ਸਥਿਤ ਵੱਡੀ ਗਿਣਤੀ ਸਰਕਾਰੀ ਦਫਤਰ ਅਤੇ ਹੋਰ ਸੰਸਥਾਵਾਂ ਇਸ ਇਲਾਕੇ ਵਿਚ ਹੀ ਪੈਂਦੀਆਂ ਹਨ ਅਤੇ ਇਹਨਾਂ ਸੰਸਥਾਂਵਾਂ ਵਿਚ ਹਰ ਦਿਨ ਹੀ ਹਜਾਰਾਂ ਲੋਕ ਪੰਜਾਬ ਦੇ ਕੋਨੇ ਕੋਨੇ ਤੋੱ ਆਉੱਦੇ ਹਨ। ਜੇ ਫੇਜ਼-8 ਵਿਚਲਾ ਪੁਰਾਣਾਂ ਬੱਸ ਅੱਡਾ ਬੰਦ ਕਰ ਦਿੱਤਾ ਗਿਆ ਤਾਂ ਦੂਜੇ ਸ਼ਹਿਰਾਂ ਤੋੱ ਮੁਹਾਲੀ ਸਥਿਤ ਪੰਜਾਬ ਸਕੂਲ ਸਿਖਿਆ ਬੋਰਡ, ਪੂਡਾ ਦਫਤਰ ਅਤੇ ਹੋਰ ਦਫਤਰਾਂ ਵਿਚ ਆਉਣ ਜਾਣ ਲਈ ਬਹੁਤ ਹੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਕਿਹਾ ਕਿ ਬੱਸ ਸਟੈਂਡ ਲੋਕਾਂ ਦੀ ਸਹੂਲੀਅਤ ਲਈ ਹੁੰਦੇ ਹਨ ਨਾ ਕਿ ਵਪਾਰਕ ਅਦਾਰੇ। ਉਹਨਾਂ ਕਿਹਾ ਕਿ ਜੇ ਫੇਜ 8 ਸਥਿਤ ਇਸ ਪੁਰਾਣੇ ਬੱਸ ਸਟੈਂਡ ਨੂੰ ਬੰਦ ਕੀਤਾ ਗਿਆ ਤਾਂ ਉਹ ਹਜਾਰਾਂ ਲੋਕਾਂ ਨੂੰ ਨਾਲ ਲੈ ਕੇ ਲੰਮਾ ਸੰਘਰਸ਼ ਕਰਨਗੇ।
ਇਸ ਮੌਕੇ ਉਥੇ ਮੌਜੂਦ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਪੁਰਾਣੇ ਬੱਸ ਅੱਡੇ ਤੋੱ ਹੀ ਸਵਾਰੀਆਂ ਮਿਲਦੀਆਂ ਹਨ, ਜਿਸ ਕਰਕੇ ਉਹਨਾਂ ਨੂੰ ਇਸ ਬੱਸ ਅੱਡੇ ਵਿਚ ਹੀ ਬੱਸਾਂ ਲਿਆਉਣੀਆਂ ਪੈਂਦੀਆਂ ਹਨ। ਉਹਨਾਂ ਕਿਹਾ ਕਿ ਸਵਾਰੀਆਂ ਨੂੰ ਵੀ ਇਸ ਬੱਸ ਅੱਡੇ ’ਚੋਂ ਹੀ ਬੱਸਾਂ ਲੈਣ ਵਿਚ ਸਹੂਲਤ ਰਹਿੰਦੀ ਹੈ। ਉਹਨਾਂ ਕਿਹਾ ਕਿ 16 ਦਸੰਬਰ ਨੂੰ ਗਮਾਡਾ ਅਤੇ ਪੰਜਾਬ ਸਰਕਾਰ ਵਿਚਾਲੇ ਇਸ ਬੱਸ ਅੱੱਡੇ ਸਬੰਧੀ ਮੀਟਿੰਗ ਹੋਣੀ ਹੈ, ਉਸ ਮੀਟਿੰਗ ਵਿਚ ਜੋ ਵੀ ਫੈਸਲਾ ਹੋਵੇਗਾ, ਉਹ ਉਹਨਾਂ ਨੂੰ ਮਨਜੂਰ ਹੋਵੇਗਾ ਪਰ ਉਸ ਤੋੱ ਪਹਿਲਾਂ ਗਮਾਡਾ ਨੂੰ ਇਸ ਬੱਸ ਅੱਡੇ ਨੁੰ ਬੰਦ ਕਰਨ ਦੀ ਧੱਕੇਸ਼ਾਹੀ ਨਹੀਂ ਕਰਨੀ ਚਾਹੀਦੀ।
ਇਸ ਮੌਕੇ ਫੇਜ਼-8 ਦੇ ਇਸ ਪੁਰਾਣੇ ਬੱਸ ਅੱਡੇ ਵਿਚ ਵੱਖ ਵੱਖ ਸ਼ਹਿਰਾਂ ਨੂੰ ਜਾਣ ਲਈ ਬੱਸਾਂ ਲੈ ਰਹੇ ਲੋਕਾਂ ਨਾਲ ਗਲਬਾਤ ਕੀਤੀ ਤਾਂ ਉਹਨਾਂ ਸਾਰੇ ਲੋਕਾਂ ਨੇ ਸਮੂਹ ਰੂਪ ਵਿਚ ਕਿਹਾ ਕਿ ਇਹ ਪੁਰਾਣਾਂ ਬੱਸ ਸਟੈਂਡ ਹਰ ਹਾਲਤ ਵਿਚ ਚਾਲੂ ਰਹਿਣਾਂ ਚਾਹੀਦਾ ਹੈ। ਉਹਨਾਂ ਕਿਹਾ ਕਿ ਪਟਿਆਲਾ, ਬਨੂੜ, ਰੋਪੜ, ਜਲੰਧਰ ਲੁਧਿਆਣਾ ਅਤੇ ਹੋਰ ਸ਼ਹਿਰਾਂ ਨੂੰ ਜਾਣ ਲਈ ਇਸ ਪੁਰਾਣੇ ਬੱਸ ਅੱਡੇ ਤੋਂ ਹੀ ਬੱਸਾਂ ਲੈਣ ਵਿਚ ਆਸਾਨੀ ਰਹਿੰਦੀ ਹੈ। ਇਸ ਤੋਂ ਇਲਾਵਾ ਜਿਹੜੇ ਸਰਕਾਰੀ ਦਫਤਰਾਂ ਵਿਚ ਕੰਮ ਧੰਦੇ ਲਈ ਉਹਨਾਂ ਨੂੰ ਮੁਹਾਲੀ ਆਉਣਾ ਪੈਂਦਾ ਹੈ, ਉਹ ਸਾਰੇ ਦਫਤਰ ਇਸ ਇਲਾਕੇ ਵਿਚ ਹੀ ਹਨ। ਇਸ ਲਈ ਇਸ ਬੱਸ ਅੱਡੇ ਨੂੰ ਚਾਲੂ ਕਰਕੇ ਇਸ ਬੱਸ ਸਟੈਂਡ ਵਿਚ ਬੁਨਿਆਦੀ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ। ਉਹਨਾਂ ਸਪੱਸ਼ਟ ਕਿਹਾ ਕਿ ਜੇ ਇਸ ਪੁਰਾਣੇ ਬੱਸ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਤਾਂ ਉਹ ਫੇਜ਼-6 ਦੇ ਨਵੇਂ ਬੱਸ ਅੱਡੇ ਜਾਣ ਦੀ ਥਾਂ ਚੰਡੀਗੜ੍ਹ ਦੇ ਸੈਕਟਰ 43 ਸਥਿਤ ਅੰਤਰਰਾਜੀ ਬੱਸ ਅੱਡੇ ਅਤੇ ਟ੍ਰਿਬਿਊਨ ਚੌਂਕ ਵਿੱਚ ਜਾ ਕੇ ਬੱਸਾਂ ਲੈਣ ਨੂੰ ਤਰਜ਼ੀਹ ਦੇਣਗੇ। ਉਹਨਾਂ ਮੰਗ ਕੀਤੀ ਕਿ ਇਸ ਪੁਰਾਣੇ ਬੱਸ ਅੱਡੇ ਨੂੰ ਹੀ ਹਰ ਹਾਲਤ ਵਿਚ ਚਾਲੂ ਰੱਖਿਆ ਜਾਵੇ।

Load More Related Articles
Load More By Nabaz-e-Punjab
Load More In Issues

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …