ਮੁੱਖ ਮੰਤਰੀ ਨੇ ਫਤਹਿਗੜ ਸਾਹਿਬ ਦੇ ਸਰਵਪੱਖੀ ਵਿਕਾਸ ਲਈ 10 ਕਰੋੜ ਰੁਪਏ ਦਾ ਪੈਕੇਜ ਐਲਾਨਿਆ

ਫਤਹਿਗੜ ਸਾਹਿਬ-ਮੋਰਿੰਡਾ ਸੜਕ ਦਾ ਨਾਂ ਮਾਤਾ ਗੁਜਰੀ ਜੀ ਦੇ ਨਾਮ ਉਪਰ ਰੱਖਿਆ ਜਾਵੇਗਾ: ਚਰਨਜੀਤ ਚੰਨੀ

ਫਤਹਿਗੜ ਸਾਹਿਬ-ਮੋਰਿੰਡਾ ਸੜਕ ਨੂੰ ਕੀਤਾ ਜਾਵੇਗਾ ਚੌੜਾ, ਚਮਕੌਰ ਸਾਹਿਬ ਥੀਮ ਪਾਰਕ ਦਾ ਉਦਘਾਟਨ 15 ਨਵੰਬਰ ਨੂੰ

ਨਬਜ਼-ਏ-ਪੰਜਾਬ ਬਿਊਰੋ, ਫਤਹਿਗੜ ਸਾਹਿਬ, 28 ਅਕਤੂਬਰ:
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਫਤਹਿਗੜ ਸਾਹਿਬ ਹਲਕੇ ਲਈ 10 ਕਰੋੜ ਰੁਪਏ ਦਾ ਪੈਕੇਜ ਵਿਕਾਸ ਕਾਰਜਾਂ ਲਈ ਦੇਣ ਦਾ ਐਲਾਨ ਕੀਤਾ ਹੈ।ਅੱਜ ਫਤਹਿਗੜ ਸਾਹਿਬ ਦੇ ਆਪਣੇ ਦੌਰੇ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਥਾਨਕ ਵਿਧਾਇਕ ਤੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਦੀ ਮੰਗ ਉਤੇ ਇਹ ਪੈਕੇਜ ਦੇਣ ਦਾ ਐਲਾਨ ਕੀਤਾ। ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਫਤਹਿਗੜ ਸਾਹਿਬ-ਮੋਰਿੰਡਾ ਸੜਕ ਦਾ ਨਾਂ ਮਾਤਾ ਗੁਜਰੀ ਜੀ ਦੇ ਨਾਮ ਉਪਰ ਰੱਖਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਸ ਸੜਕ ਨੂੰ ਇੱਕ ਮਹੀਨੇ ਦੇ ਵਿੱਚ-ਵਿੱਚ ਚੌੜਾ ਕੀਤਾ ਜਾਵੇਗਾ।
ਅੱਜ ਇੱਥੇ ਵਿਰਾਸਤ ਵਿਲਾ ਪੈਲੇਸ ਵਿੱਚ ਲੱਗੇ ਸੁਵਿਧਾ ਕੈਂਪ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਮਾਫ਼ੀਆ ਰਾਜ ਦਾ ਮੁਕੰਮਲ ਖ਼ਾਤਮਾ ਕੀਤਾ ਜਾਵੇਗਾ ਕਿਉਂਕਿ ਹੁਣ ਆਮ ਲੋਕਾਂ ਦਾ ਰਾਜ ਸਥਾਪਤ ਹੋ ਗਿਆ ਹੈ। ਉਨਾਂ ਕਿਹਾ ਕਿ ਪਹਿਲਾਂ ਬੱਸ ਮਾਫ਼ੀਆ ਦਾ ਖ਼ਾਤਮਾ ਕੀਤਾ ਗਿਆ ਅਤੇ ਮਾਈਨਿੰਗ ਮਾਫ਼ੀਆ ਦਾ ਖ਼ਾਤਮਾ ਕੀਤਾ ਜਾ ਰਿਹਾ ਹੈ। ਇਸ ਤੋਂ ਅਗਲੀ ਵਾਰੀ ਕੇਬਲ ਮਾਫ਼ੀਆ ਦੀ ਹੈ।
ਅੱਜ ਫਤਹਿਗੜ ਸਾਹਿਬ ਦੇ ਆਪਣੇ ਦੌਰੇ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਥਾਨਕ ਵਿਧਾਇਕ ਕੁਲਜੀਤ ਨਾਗਰਾ ਨਾਲ ਆਪਣੀ ਪੁਰਾਣੀ ਸਾਂਝ ਦੀਆਂ ਤੰਦਾਂ ਵੀ ਛੇੜੀਆਂ। ਉਨਾਂ ਕਿਹਾ ਕਿ ਅਸੀਂ ਦੋਵੇਂ (ਚਰਨਜੀਤ ਸਿੰਘ ਚੰਨੀ ਤੇ ਕੁਲਜੀਤ ਸਿੰਘ ਨਾਗਰਾ) ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸਬੰਧਤ ਧਰਤੀ ਦੇ ਚੁਣੇ ਹੋਏ ਨੁਮਾਇੰਦੇ ਹਾਂ ਅਤੇ ਸ੍ਰੀ ਫਤਿਹਗੜ ਸਾਹਿਬ ਅਤੇ ਸ੍ਰੀ ਚਮਕੌਰ ਸਾਹਿਬ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸ. ਨਾਗਰਾ ਨੇ ਲੋਕਾਂ ਤੇ ਪਾਰਟੀ ਦੀ ਸੇਵਾ ਨੂੰ ਪਹਿਲ ਦਿੰਦਿਆਂ ਮੰਤਰੀ ਦਾ ਅਹੁਦਾ ਤਿਆਗਿਆ, ਉਨਾਂ ਨਾਲ ਮੇਰੀ ਪਰਿਵਾਰਕ ਸਾਂਝ ਵੀ ਹੈ। ਉਨਾਂ ਕਿਹਾ ਕਿ ਜੋ ਵੀ ਕੁਲਜੀਤ ਸਿੰਘ ਨਾਗਰਾ ਹਲਕੇ ਲਈ ਮੰਗ ਕਰਨਗੇ, ਉਹ ਪਹਿਲ ਦੇ ਆਧਾਰ ਉਤੇ ਪੂਰੀ ਕੀਤੀ ਜਾਵੇਗੀ।
ਉਨਾਂ ਦੱਸਿਆ ਕਿ ਸਿੱਖ ਕੌਮ ਦੀ ਮਾਣਮੱਤੀ ਵਿਰਾਸਤ ਨੂੰ ਦਰਸਾਉਣ ਲਈ ਚਮਕੌਰ ਸਾਹਿਬ ਥੀਮ ਪਾਰਕ 15 ਨਵੰਬਰ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਉਨਾਂ ਦੀਵਾਲੀ ਮੌਕੇ ਪੰਜਾਬ ਵਾਸੀਆਂ ਲਈ ਕਿਸੇ ਵੱਡੇ ਤੋਹਫ਼ੇ ਦਾ ਐਲਾਨ ਕਰਨ ਦੀ ਗੱਲ ਆਖੀ ਅਤੇ ਕਿਹਾ ਕਿ ਇਸ ਦਾ ਪਤਾ ਜਲਦੀ ਹੀ ਲੋਕਾਂ ਨੂੰ ਲੱਗ ਜਾਵੇਗਾ।
ਮੁੱਖ ਮੰਤਰੀ ਚੰਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਲੋਕ ਹਿੱਤ ਵਿੱਚ ਫ਼ੈਸਲੇ ਲੈਂਦਿਆਂ ਦੋ ਕਿਲੋਵਾਟ ਤੱਕ ਦੇ ਬਿਜਲੀ ਕੁਨੈਕਸ਼ਨਾਂ ਦੇ ਬਕਾਏ ਮੁਆਫ਼ ਕਰ ਦਿੱਤੇ ਹਨ। ਪਾਣੀ ਦੇ ਬਿੱਲਾਂ ਦੇ ਬਕਾਏ ਮੁਆਫ਼ ਕਰਨ ਦੀ ਗੱਲ ਕਰਦਿਆਂ ਉਨਾਂ ਕਿਹਾ ਕਿ ਹੁਣ ਪਿੰਡਾਂ ਵਿੱਚ ਪਾਣੀ ਦਾ ਬਿੱਲ ਅਗਾਂਹ ਤੋਂ 50 ਰੁਪਏ ਤੱਕ ਮਹਿਦੂਦ ਕਰ ਦਿੱਤਾ ਗਿਆ ਹੈ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨਾਂ ਆਪਣੀ ਸਰਕਾਰ ਦੀ ਵੱਡ ਆਕਾਰੀ ਸਕੀਮ ਮੇਰਾ ਘਰ ਮੇਰੇ ਨਾਮ ਦਾ ਖ਼ਾਸ ਜ਼ਿਕਰ ਕਰਦਿਆਂ ਆਖਿਆ ਕਿ ਹੁਣ ਲਾਲ ਲਕੀਰ ਅੰਦਰ ਘਰਾਂ ਦੇ ਮਾਲਕਾਂ ਨੂੰ ਮਾਲਕਾਨਾ ਹੱਕ ਦਿੱਤੇ ਜਾ ਰਹੇ ਹਨ ਅਤੇ ਇਸ ਕੰਮ ਲਈ ਘਰਾਂ ਦੀ ਡਰੋਨ ਰਾਹੀਂ ਮੈਪਿੰਗ ਕਰਵਾਈ ਜਾ ਰਹੀ ਹੈ।
ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਮੰਗ ਉਤੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਜਲਦੀ ਹੀ ਪੰਜਾਬ ਵਿੱਚੋਂ ਕੇਬਲ ਮਾਫ਼ੀਆ ਦਾ ਮੁਕੰਮਲ ਖ਼ਾਤਮਾ ਕਰਨ ਜਾ ਰਹੇ ਹਨ ਕਿਉਂਕਿ ਉਹ ਆਮ ਲੋਕਾਂ ਦੇ ਦਰਦ ਨੂੰ ਸਮਝਦੇ ਹਨ। ਉਨਾਂ ਸੁਵਿਧਾ ਕੈਂਪ ਦੌਰਾਨ ਵੱਖ ਵੱਖ ਸੇਵਾਵਾਂ ਦੇ ਲਾਭਪਾਤਰੀਆਂ ਨੂੰ ਸੇਵਾਵਾਂ ਹਾਸਲ ਕਰਨ ਦੇ ਸਰਟੀਫਿਕੇਟ ਵੀ ਤਕਸੀਮ ਕੀਤੇ।
ਇਸ ਦੌਰਾਨ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਮੁੱਖ ਮੰਤਰੀ ਦਾ ਸਵਾਗਤ ਕਰਦਿਆਂ ਹਲਕੇ ਦੀਆਂ ਮੁੱਖ ਮੰਗਾਂ ਦਾ ਜ਼ਿਕਰ ਕੀਤਾ ਅਤੇ ਇਨਾਂ ਨੂੰ ਜਲਦੀ ਪੂਰਾ ਕਰਨ ਲਈ ਕਿਹਾ। ਇਸ ਮੌਕੇ ਸੰਸਦ ਮੈਂਬਰ ਡਾ. ਅਮਰ ਸਿੰਘ, ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਰਣਦੀਪ ਸਿੰਘ ਨਾਭਾ, ਹਲਕਾ ਬਸੀ ਪਠਾਣਾਂ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ., ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ, ਸ੍ਰੀਮਤੀ ਮਨਦੀਪ ਕੌਰ ਨਾਗਰਾ, ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਡਾ. ਸ਼ੌਕਤ ਅਹਿਮਦ ਪਰੈ, ਕਮਿਸ਼ਨਰ ਪਟਿਆਲਾ ਡਿਵੀਜ਼ਨ ਚੰਦਰ ਗੈਂਦ, ਆਈ.ਜੀ. ਅਰੁਨ ਕੁਮਾਰ ਮਿੱਤਲ, ਡਿਪਟੀ ਕਮਿਸ਼ਨਰ ਸੁਰਭੀ ਮਲਿਕ ਅਤੇ ਜ਼ਿਲਾ ਪੁਲਿਸ ਮੁਖੀ ਸੰਦੀਪ ਗੋਇਲ ਹਾਜ਼ਰ ਸਨ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਗੁਰਦੁਆਰਾ ਸ੍ਰੀ ਫਤਹਿਗੜ ਸਾਹਿਬ ਵਿਖੇ ਨਤਮਸਤਕ ਹੋਏ, ਜਿੱਥੇ ਉਨਾਂ ਦਾ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਫਤਹਿਗੜ ਸਾਹਿਬ ਦੇ ਆਪਣੇ ਦੌਰੇ ਦੌਰਾਨ ਉਨਾਂ ਅੰਬੇਦਕਰ ਭਵਨ ਫਤਹਿਗੜ ਸਾਹਿਬ ਨੇੜੇ ਕਰੀਬ 07 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਉਪ ਮੰਡਲ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ। ਉਨਾਂ ਆਮ ਖਾਸ ਬਾਗ, ਸਰਹਿੰਦ ਦੀ ਪੁਰਾਤਨ ਦਿੱਖ ਕਾਇਮ ਰੱਖਦਿਆਂ ਇਸ ਦੀ ਸਾਂਭ ਸੰਭਾਲ ਲਈ 06.50 ਕਰੋੜ ਦੇ ਪ੍ਰੋਜੈਕਟ ਦੇ ਹਿੱਸੇ ਵਜੋਂ ਸੁਰਜੀਤ ਕੀਤੇ ਗਏ ਮਹਿਤਾਬੀ ਬਾਗ ਨੂੰ ਲੋਕਾਂ ਨੂੰ ਸਮਰਪਿਤ ਕੀਤਾ। ਸ. ਚੰਨੀ ਨੇ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਸਮਾਰਕ ਨੇੜੇ ਬੂਟਾ ਵੀ ਲਾਇਆ।

Load More Related Articles
Load More By Nabaz-e-Punjab
Load More In Awareness/Campaigns

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…