ਮੁੱਖ ਮੰਤਰੀ ਵੱਲੋਂ ਸਿੱਖ ਰੈਜ਼ੀਮੈਂਟ ਸੈਂਟਰ ਦੇ ਵਿਕਾਸ ਲਈ 25 ਲੱਖ ਦੀ ਵਿਸ਼ੇਸ਼ ਗਰਾਂਟ ਦੇਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 8 ਅਪਰੈਲ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਮੰਦਰ ਵਿਖੇ ਸਿੱਖ ਰੈਜੀਮੈਂਟ ਸੈਂਟਰ ਦੇ ਵਿਕਾਸ ਅਤੇ ਪੱਧਰ ਉੱਚਾ ਚੁੱਕਣ ਲਈ 25 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਮÎੁੱਖ ਮੰਤਰੀ ਨੇ ਇਹ ਐਲਾਨ ਚੰਡੀਮੰਦਰ ਮਿਲਟਰੀ ਸਟੇਸ਼ਨ ਵਿਖੇ ਖੇਤਰਪਾਲ ਆਫਿਸਰਜ਼ ਇੰਸਟੀਚਿਊਟ (ਕੇ.ਓ.ਆਈ) ਵਿਖੇ ਸਿੱਖ ਰੈਜੀਮੈਂਟ ਵੱਲੋਂ ਵਿਸਾਖੀ ਲੰਚ 2018 ਦੀ ਕੀਤੀ ਗਈ ਮੇਜ਼ਬਾਨੀ ਮੌਕੇ ਕੀਤਾ। ਭਾਰਤੀ ਫੌਜ ਨਾਲ ਆਪਣੇ ਸਬੰਧਾਂ ਦੀ ਯਾਦ ਤਾਜ਼ਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਫੌਜੀਆ ਅਤੇ ਸਾਬਕਾ ਫੌਜੀਆਂ ਦੀ ਭਲਾਈ ਵਾਸਤੇ ਆਪਣੀ ਨਿੱਜੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਇਹ ਗ੍ਰਾਂਟ ਸੈਂਟਰ ਵਿਖੇ ਖੇਡ ਬੁਨਿਆਦੀ ਢਾਂਚੇ ਅਤੇ ਹੋਰ ਸਬੰਧਤ ਸੁਵਿਧਾਵਾਂ ਦੇ ਵਿਕਾਸ ਅਤੇ ਪੱਧਰ ਉੱਚਾ ਚੁੱਕਣ ਲਈ ਮਦਦਗਾਰ ਹੋਵੇਗੀ। ਉਨ੍ਹਾਂ ਨੇ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਦੇਣ ਬਾਰੇ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ।
ਮੁੱਖ ਮੰਤਰੀ ਨੇ ਆਪਣੀ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ‘‘ਗਾਰਡੀਅਨਜ਼ ਆਫ ਗਵਰਨੈਂਸ’’ ਵਿਚ ਸਾਬਕਾ ਫੌਜੀਆਂ ਦੀ ਭੂਮਿਕਾ ਦੀ ਸਰਾਹਨਾ ਕੀਤੀ ਜਿਨ੍ਹਾਂ ਨੇ ਸਰਕਾਰੀ ਸਕੀਮਾਂ ਦਾ ਫਲ ਹੇਠਲੇ ਪੱਧਰ ’ਤੇ ਗ਼ਰੀਬਾਂ ਅਤੇ ਜ਼ਰੂਰਤਮੰਦਾ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਇਆ। ਸਾਰਾਗੜ੍ਹੀ ਜੰਗ ਬਾਰੇ ਚਰਚਿਤ ਕਿਤਾਬ ਦੇ ਲੇਖਕ ਮੁੱਖ ਮੰਤਰੀ ਨੇ ਸਾਰਾਗੜ੍ਹੀ ਕਿਲ੍ਹੇ ਤੋਂ ਸਿੱਖ ਰੈਜੀਮੈਂਟ ਦੇ ਸੈਂਟਰ ਅਤੇ 4 ਸਿੱਖ ਰੈਜੀਮੈਂਟ (ਪਿਛਲੇ ਸਮੇਂ ਦੀ 36 ਸਿੱਖ ਰੈਜੀਮੈਂਟ), ਜਿਸ ਨੇ ਇਹ ਇਤਿਹਾਸਕ ਜੰਗ ਲੜੀ ਸੀ ਨੂੰ ਇੱਕ ਸਮਰਿਤੀ ਚਿੰਨ ਪੇਸ਼ ਕੀਤਾ। ਫੌਜੀ ਇਤਿਹਾਸਕਾਰ ਨੇ ਕਿਹਾ ਕਿ ਇਸ ਜੰਗ ਨਾਲ ਸਬੰਧਤ ਇਤਿਹਾਸਕ ਤੱਥਾਂ ਦੀ ਘੋਖ ਕਰਨ ਲਈ ਬਹੁਤ ਸਾਰੀ ਖੋਜ ਕਰਨੀ ਪਈ ਹੈ। ਇੱਕ ਖੋਜੀ ਵੱਜੋ ਉਨ੍ਹਾਂ ਨੇ ਇਸ ਜੰਗ ਦੇ ਭੁੱਲੇ-ਵਿਸਰੇ ਨਾਇਕ ਦਾਦ ਦੇ ਵੱਡੇ ਯੋਗਦਾਨ ਦੀ ਖੋਜ ਕੀਤੀ ਹੈ ਜਿਸ ਨੇ 21 ਹੋਰ ਬਹਾਦਰ ਫੌਜੀਆਂ ਦੇ ਨਾਲ ਆਪਣੀ ਜਾਨ ਨਿਸ਼ਾਵਰ ਕੀਤੀ ਸੀ। ਉਨ੍ਹਾਂ ਨੇ ਇਹ ਮਹਾਨ ਕੁਰਬਾਨੀ ਸਾਰਾਗੜ੍ਹੀ ਜੰਗ ਦੌਰਾਨ ਅਫਗਾਨ ਕਬਾਇਲੀਆਂ ਨਾਲ ਲੜਦੇ ਹੋਏ ਕੀਤੀ ਸੀ।
ਕੈਪਟਨ ਅਮਰਿੰਦਰ ਸਿੰਘ ਨੇ 2 ਸਿੱਖ ਰੈਜੀਮੈਂਟ ਨਾਲ ਆਪਣੇ ਸਬੰਧਾਂ ਨੂੰ ਬਹੁਤ ਮਾਣ ਨਾਲ ਯਾਦ ਕੀਤਾ ਜਿਸ ਵਿਚ ਉਨ੍ਹਾਂ ਨੇ ਇੱਕ ਫੌਜੀ ਅਫਸਰ ਵਜੋਂ ਸੇਵਾ ਨਿਭਾਈ ਸੀ। ਉਨ੍ਹਾਂ ਕਿਹਾ ਕਿ ਉਹ ਆਪਣੇ ਆਖ਼ਰੀ ਸਾਹਾਂ ਤੱਕ ਇਸ ਸ਼ਾਨੀਮਤੀ ਰੈਜੀਮੈਂਟ ਦਾ ਹਿੱਸਾ ਬਣਿਆ ਰਹਿਣਾ ਚਾਹੁੰਦੇ ਹਨ। ਇਸ ਮੌਕੇ ਉਨ੍ਹਾਂ ਨੇ ਆਪਣੇ ਤਜ਼ਰਬੇ ਵੀ ਸਾਂਝੇ ਕੀਤੇ ਅਤੇ ਜੰਗ ਦੀ ਮੁਹਾਰਤ ਬਾਰੇ ਵੀ ਜ਼ਿਕਰ ਕੀਤਾ ਜਿਸ ਨੂੰ ਉਨ੍ਹਾਂ ਨੇ ਆਪਣੇ ‘‘ਗੁਰੂ ਜੀ’’ ਡਿਫੈਂਸ ਅਕੈਡਮੀ ਦੇ ਇੰਸਟਰਕਟਰ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਪੀ.ਐਸ. ਵਾਡਹਰਾ ਤੋਂ ਸਿੱਖੀ ਸੀ। ਲੈਫਟੀਨੈਂਟ ਜਨਰਲ ਵਾਡਹਰਾ ਵੀ ਇਸ ਸਮਾਰੋਹ ਵਿਚ ਸ਼ਾਮਲ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਦਾ ਸਵਾਗਤ ਕਰਦੇ ਹੋਏ ਸਿੱਖ ਰੈਜੀਮੈਂਟ ਦੇ ਕਰਨਲ ਲੈਫਟੀਨੈਂਟ ਜਨਰਲ ਐਸ.ਕੇ. ਝਾਅ ਨੇ ਜੇਸੀਓਜ਼ ਅਤੇ ਹੋਰਨਾਂ ਰੈਂਕਾਂ (ਓ.ਆਰਜ਼.) ਦੀ ਫੌਜ ਵਿਚੋਂ ਸੇਵਾ ਮੁਕਤੀ ਤੋਂ ਬਾਅਦ ਉਨ੍ਹਾਂ ਦਾ ਅੱਗੇ ਦਾ ਕੈਰੀਅਰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਦੀਆਂ ਕੋਸ਼ਿਸ਼ਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਜਨਰਲ ਝਾਅ ਨੇ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਭਾਵੀ ਰੈਜੀਮੈਂਟਲ ਭਾਵਨਾ ਅਤੇ ਗਿਆਨ ਦੀ ਸਰਾਹਨਾ ਕੀਤੀ।
ਉਨ੍ਹਾਂ ਨੇ ਫੌਜੀਆਂ ਦੀ ਸਮੁੱਚੀ ਭਲਾਈ ਬਾਰੇ ਵੀ ਮੁੱਖ ਮੰਤਰੀ ਦੀਆਂ ਚਿੰਤਾਵਾਂ ਦੀ ਪ੍ਰਸ਼ੰਸਾ ਕੀਤੀ। ਮÎੁੱਖ ਮੰਤਰੀ ਜੋ ਆਪਣੇ ਓ.ਐਸ.ਡੀ. ਮੇਜਰ ਅਮਰਦੀਪ ਸਿੰਘ ਅਤੇ ਕਰਨਪਾਲ ਸਿੰਘ ਸ਼ੇਖੋਂ ਦੇ ਨਾਲ ਰੈਜੀਮੈਂਟ ਦੇ ਸੈਂਟਰ ਵਿਚ ਗਏ ਸਨ ਨੇ ਫੌਜੀ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਅਤੇ ਉਨ੍ਹਾਂ ਨਾਲ ਤਸਵੀਰਾਂ ਖਿਚਾਈਆਂ। ਇਸ ਮੌਕੇ ਹਾਜ਼ਰ ਹੋਰਨਾਂ ਉੱਘੀਆਂ ਸਖ਼ਸ਼ੀਅਤਾਂ ਵਿਚ ਸਿੱਖ ਰੈਜੀਮੈਂਟ ਦੇ ਲੈਫਟੀਨੈਂਟ ਜਨਰਲ (ਰਿਟਾ.) ਐਸ.ਐਚ. ਚਾਹਲ, ਲੈਫਟੀਨੈਂਟ ਜਨਰਲ (ਰਿਟਾ.) ਆਰ.ਐਸ. ਸੁਜਲਾਨਾ, ਲੈਫਟੀਨੈਂਟ ਜਨਰਲ (ਰਿਟਾ.) ਐਨ.ਪੀ.ਐਸ. ਬਲ ਅਤੇ ਲੈਫਟੀਨੈਂਟ ਜਨਰਲ (ਰਿਟਾ.) ਜੀ.ਐਸ. ਸ਼ੇਰਗਿੱਲ ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…