Share on Facebook Share on Twitter Share on Google+ Share on Pinterest Share on Linkedin ਮੁੱਖ ਮੰਤਰੀ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਐਨਐਸਯੂਆਈ ਦੇ ਵਫ਼ਦ ਨੂੰ ਨਵੇਂ ਹੋਸਟਲਾਂ ਅਤੇ ਵਜ਼ੀਫ਼ਿਆਂ ਲਈ ਮਦਦ ਦਾ ਭਰੋਸਾ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 28 ਸਤੰਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਯੂਨੀਵਰਸਿਟੀ ਤੋਂ ਆਏ ਐਨ.ਐਸ.ਯੂ.ਆਈ ਦੇ ਇੱਕ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਯੂਨੀਵਰਸਿਟੀ ਵਿਚ ਨਵੇਂ ਹੋਸਟਲ ਬਣਾਉਣ ਅਤੇ ਸਮਾਜ ਦੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੇ ਵਿਦਿਆਰਥੀਆਂ ਨੂੰ ਵਜ਼ੀਫਾ ਦੇਣ ਲਈ ਪੂਰਾ ਸਹਿਯੋਗ ਦੇਵੇਗੀ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ (ਐਨ.ਐਸ.ਯੂ.ਆਈ) ਦੇ ਪ੍ਰਧਾਨ ਜਸ਼ਨ ਕੰਬੋਜ, ਜਨਰਲ ਸਕੱਤਰ ਵਾਨੀ ਸੂਦ ਅਤੇ ਕਾਰਜਕਾਰੀ ਪ੍ਰਧਾਨ ਪਰਗਟ ਸਿੰਘ ਬਰਾੜ ਦੀ ਅਗਵਾਈ ਵਿਚ ਵਫ਼ਦ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਪੰਜਾਬ ਯੂਨੀਵਰਸਿਟੀ ਵਿਚ ਹਾਲ ’ਚ ਹੀ ਹੋਈਆਂ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਵਿਚ ਇਸ ਵਿਦਿਆਰਥੀ ਵਿੰਗ ਵੱਲੋਂ ਦਿਖਾਈ ਸ਼ਾਨਦਾਰ ਕਾਰਗੁਜ਼ਾਰੀ ਲਈ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਸਲਿਆਂ ਦਾ ਹੱਲ ਗੱਲਬਾਤ ਰਾਹੀਂ ਕੱਢਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਹੋਸਟਲਾਂ ਅਤੇ ਵਜ਼ੀਫ਼ਿਆਂ ਦਾ ਮਸਲਾ ਉਹ ਯੂਨੀਵਰਸਿਟੀ ਦੇ ਕੁਲਪਤੀ ਅਤੇ ਉਪ ਕੁਲਪਤੀ ਕੋਲ ਉਠਾਉਣਗੇ। ਵਫ਼ਦ ਨੇ ਹੋਸਟਲ ਦੀ ਸਹੂਲਤ ਨਾ ਹੋਣ ਕਾਰਨ ਵਿਦਿਆਰਥੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦਾ ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਉਨ੍ਹਾਂ ਦੀ ਇਹ ਚਿੰਤਾ ਯੂਨੀਵਰਸਿਟੀ ਦੇ ਪੱਧਰ ’ਤੇ ਉਠਾਉਣ ਦਾ ਭਰੋਸਾ ਦਿੱਤਾ। ਲੜਕੇ ਅਤੇ ਲੜਕੀਆਂ ਲਈ ਨਵੇਂ ਹੋਸਟਲਾਂ ਦੀ ਮੰਗ ਕਰਦਿਆਂ ਵਿਦਿਆਰਥੀ ਲੀਡਰਾਂ ਨੇ ਦੱਸਿਆ ਕਿ ਕੈਂਪਸ ਵਿਚ ਮੌਜੂਦਾ ਸਮੇਂ 8000 ਤੋਂ ਵੱਧ ਵਿਦਿਆਰਥੀ ਹੋਸਟਲ ਦੀ ਸਹੂਲਤ ਲੈ ਰਹੇ ਹਨ ਜਦਕਿ ਹੋਰ 5000 ਵਿਦਿਆਰਥੀਆਂ ਨੂੰ ਯੂਨੀਵਰਸਿਟੀ ਤੋਂ ਬਾਹਰ ਵੱਧ ਕਿਰਾਇਆ ਦੇ ਕੇ ਪ੍ਰਾਈਵੇਟ ਰਿਹਾਇਸ਼ ਕਰਨੀ ਪੈ ਰਹੀ ਹੈ। ਵਫ਼ਦ ਨੇ ਮੁੱਖ ਮੰਤਰੀ ਨੂੰ ਨਵੇਂ ਹੋਸਟਲਾਂ ਦੀ ਉਸਾਰੀ ਲਈ ਵਿਸ਼ੇਸ਼ ਗ੍ਰਾਂਟ ਦੇਣ ਦੀ ਅਪੀਲ ਕੀਤੀ ਜਦਕਿ ਯੂਨੀਵਰਸਿਟੀ ਕੋਲ ਕੈਂਪਸ ਨੇੜੇ ਜ਼ਮੀਨ ਮੌਜੂਦ ਹੈ। ਵਫ਼ਦ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਸੱਤਾ ਵਿਚ ਆਉਣ ਤੋਂ ਬਾਅਦ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਯੂਨੀਵਰਸਿਟੀ ਦੀ ਗ੍ਰਾਂਟ 14 ਕਰੋੜ ਰੁਪਏ ਤੋਂ ਵਧਾ ਕੇ 32 ਕਰੋੜ ਰੁਪਏ ਕਰਨ ਦੇ ਫੈਸਲੇ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਵਫ਼ਦ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੇ ਵਿਦਿਆਰਥੀਆਂ ਲਈ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਨਾਂ ’ਤੇ ਵਜ਼ੀਫ਼ਾ ਸ਼ੁਰੂ ਕਰਨ ਦੀ ਵੀ ਅਪੀਲ ਕੀਤੀ। ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਵੀ ਹਾਜ਼ਰ ਸਨ। ਇਸ ਦੌਰਾਨ ਵਿਦਿਆਰਥੀ ਲੀਡਰਾਂ ਅਤੇ ਵਫ਼ਦ ਦੇ ਹੋਰ ਮੈਂਬਰਾਂ ਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਅੱਜ ਜਨਮ ਦਿਹਾੜੇ ਮੌਕੇ ਮੁੱਖ ਮੰਤਰੀ ਨੂੰ ਇਸ ਮਹਾਨ ਸ਼ਹੀਦ ਦਾ ਚਿੱਤਰ ਵੀ ਭੇਟ ਕੀਤਾ। ਮੀਟਿੰਗ ਵਿਚ ਵਿਦਿਆਰਥੀ ਲੀਡਰ ਪ੍ਰਗਟ ਸਿੰਘ ਬਰਾੜ, ਅਨੰਤ ਚੌਧਰੀ, ਨਵਦੀਪ ਬੱਬੀ, ਸੁਖਜੀਤ ਸੁਖੋਈ, ਜੀਵਨਜੋਤ ਸਿੰਘ ਚਾਹਲ, ਗੁਰਸ਼ੀਨ ਕੌਰ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ