ਮੁੱਖ ਮੰਤਰੀ ਵੱਲੋਂ ਸ਼ਹੀਦ ਫੌਜੀ ਦੀ ਵੱਡੀ ਬੇਟੀ ਨੂੰ ਨਾਇਬ ਤਹਿਸੀਲਦਾਰ ਤੇ ਪੁੱਤਰ ਨੂੰ ਏਐਸਆਈ ਦੀ ਨੌਕਰੀ ਦੇਣ ਦਾ ਐਲਾਨ

ਸਰਕਾਰ ਸਾਰੀਆਂ ਫੋਰਸਾਂ ਨਾਲ ਸਬੰਧਤ ਵਿਅਕਤੀਆਂ ਲਈ ਮੁਆਵਜ਼ੇ ਨੂੰ ਨਿਯਮਬੰਦ ਕਰਨ ਲਈ ਵਿਆਪਕ ਨੀਤੀ ਕਰੇਗੀ ਤਿਆਰ

ਭਾਰਤੀ ਜਵਾਨਾਂ ’ਤੇ ਘਿਨਾਉਣਾ ਹਮਲਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਦੁਹਰਾਈ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਤਰਨ ਤਾਰਨ, 7 ਮਈ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਤਰਨ ਤਾਰਨ ਦੇ ਸ਼ਹੀਦ ਹੋਏ ਜੇ.ਸੀ.ਓ. ਪਰਮਜੀਤ ਸਿੰਘ ਦੀ ਵੱਡੀ ਪੁੱਤਰੀ ਨੂੰ ਨਾਇਬ ਤਹਿਸੀਲਦਾਰ ਦੀ ਨੌਕਰੀ ਦੇਣ ਅਤੇ ਛੋਟੇ ਪੁੱਤਰ ਲਈ ਏ.ਐਸ.ਆਈ. ਦੀ ਨੌਕਰੀ ਰਾਖਵੀਂ ਰੱਖਣ ਦਾ ਐਲਾਨ ਕੀਤਾ ਹੈ। ਇਹ ਐਲਾਨ ਉਨ੍ਹਾਂ ਨੇ ਅੱਜ ਵੇਈਂਪੂੰਈ ਪਿੰਡ ਵਿਖੇ ਸ਼ਹੀਦ ਦੇ ਪਰਿਵਾਰ ਦੇ ਘਰ ਜਾਣ ਦੌਰਾਨ ਕੀਤਾ। ਪੀੜਤ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇਸ਼ ਵਾਸਤੇ ਆਪਣੀ ਜਾਨ ਨਿਛਾਵਰ ਕਰਨ ਵਾਲੇ ਹਰੇਕ ਫੋਰਸ ਦੇ ਹਰੇਕ ਪੰਜਾਬੀ ਨੂੰ ਮੁਆਵਜ਼ਾ ਦੇਣ ਲਈ ਨਿਯਮਬੱਧ ਵਿਆਪਕ ਨੀਤੀ ਛੇਤੀਂ ਹੀ ਕੈਬਨਿਟ ਦੇ ਸਾਹਮਣੇ ਪੇਸ਼ ਕਰੇਗੀ।
ਸ਼ਹੀਦ ਪਰਮਜੀਤ ਸਿੰਘ ਦੀ ਮੌਤ ’ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼ਹੀਦ ਦੇ ਵਾਰਸਾਂ ਲਈ ਪਹਿਲਾਂ ਹੀ ਐਲਾਨ ਗਏ ਮੁਆਵਜ਼ੇ ਤੋਂ ਇਲਾਵਾ ਪਰਿਵਾਰ ਵੱਲੋਂ ਸਰਕਾਰ ਤੋਂ ਕੀਤੀ ਗਈ ਮੰਗ ਅਨੁਸਾਰ ਸ਼ਹੀਦ ਦੇ ਦੋ ਵੱਡੇ ਬੱਚਿਆਂ ਨੂੰ ਨੌਕਰੀ ਦਿੱਤੀ ਜਾਵੇਗੀ।
ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਸ਼ਹੀਦ ਦੇ ਪਰਿਵਾਰ ਨੂੰ 12 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਜਿਸ ਵਿੱਚ ਸ਼ਹੀਦ ਦੀ ਪਤਨੀ ਅਤੇ ਬੱਚਿਆਂ ਨੂੰ ਪੰਜ ਲੱਖ ਰੁਪਏ, ਦੋ ਲੱਖ ਰੁਪਏ ਉਸ ਦੇ ਮਾਪਿਆਂ ਅਤੇ ਪੰਜ ਲੱਖ ਰੁਪਏ ਦਾ ਪਲਾਟ ਦੇਣਾ ਸ਼ਾਮਲ ਹੈ।
ਇਸ ਤੋਂ ਇਲਾਵਾ ਸਥਾਨਕ ਰੈਸਟ ਹਾਊਸ ਦਾ ਨਾਂ ਸ਼ਹੀਦ ਦੇ ਨਾਂ ’ਤੇ ਰੱਖਣ ਲਈ ਇੱਕ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਅੱਜ ਇਸ ਇਲਾਕੇ ਦੇ ਸਕੂਲ ਅਤੇ ਸਟੇਡੀਅਮ ਦਾ ਨਾਂ ਵੀ ਸ਼ਹੀਦ ਜਵਾਨ ਦੇ ਨਾਂ ’ਤੇ ਰੱਖਣ ਦਾ ਐਲਾਨ ਕੀਤਾ ਹੈ। ਅੰਮ੍ਰਿਤਸਰ ਦੇ ਐਮ.ਪੀ. ਗੁਰਜੀਤ ਸਿੰਘ ਅੌਜਲਾ ਨੇ ਐਲਾਨ ਕੀਤਾ ਹੈ ਕਿ ਉਹ ਸ਼ਹੀਦ ਦੀ ਦੂਜੀ ਲੜਕੀ ਖੁਸ਼ਦੀਪ ਕੌਰ ਨੂੰ ਅਪਨਾਉਣਗੇ ਜਿਸ ਦੀ ਪੜ੍ਹਾਈ ਦਾ ਸਮੁੱਚਾ ਖਰਚਾ ਹਿਮਾਚਲ ਪ੍ਰਦੇਸ਼ ਦੇ ਆਈ.ਏ.ਐਸ.-ਆਈ.ਪੀ.ਐਸ. ਜੋੜੇ ਨੇ ਚੁੱਕਣ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ 16 ਵਰ੍ਹਿਆਂ ਦੀ ਧੀ ਸਿਮਰਨਦੀਪ ਕੌਰ ਅਤੇ 12 ਵਰ੍ਹਿਆਂ ਦੇ ਪੁੱਤਰ ਸਹਿਲਦੀਪ ਸਿੰਘ ਨੂੰ ਆਪਣੀ ਪੜ੍ਹਾਈ ਮੁਕੰਮਲ ਕਰ ਲੈਣ ਤੋਂ ਬਾਅਦ ਸਰਕਾਰ ਵੱਲੋਂ ਨੌਕਰੀ ਮੁਹੱਈਆ ਕਰਵਾਈ ਜਾਵੇਗੀ। ਇਹ ਪੁੱਛੇ ਜਾਣ ’ਤੇ ਕਿ ਇਸ ਨਾਲ ਸ਼ਹੀਦ ਦੇ ਤੀਜੇ ਬੱਚੇ ਨਾਲ ਵਿਤਕਰਾ ਨਹੀਂ ਹੋਵੇਗਾ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਪਰਿਵਾਰ ਦੇ ਹਰੇਕ ਮੈਂਬਰ ਨੂੰ ਵਿਅਕਤੀਗਤ ਅਧਾਰ ’ਤੇ ਮੁਆਵਜ਼ਾ ਦੇਣਾ ਸੰਭਵ ਨਹੀਂ ਹੈ ਪਰ ਉਨ੍ਹਾਂ ਨੇ ਇਸ ਦੇ ਨਾਲ ਹੀ ਸਪਸ਼ਟ ਕੀਤਾ ਕਿ ਪਰਿਵਾਰ ਨਾਲ ਸਰਕਾਰ ਵੱਲੋਂ ਕੀਤੇ ਸਾਰੇ ਵਾਅਦੇ ਉਨ੍ਹਾਂ ਦੀ ਸਰਕਾਰ ਵੱਲੋਂ ਪੂਰੇ ਕੀਤੇ ਜਾਣਗੇ ਅਤੇ ਜੇ ਜ਼ਰੂਰਤ ਹੋਈ ਤਾਂ ਹੋਰ ਵੀ ਸਹਾਇਤਾ ਦਿੱਤੀ ਜਾਵੇਗੀ। ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੀਆਂ ਸਰਹੱਦਾਂ ਦੀ ਰਖਵਾਲੀ ਕਰਨ ਵਾਲੇ ਵਿਅਕਤੀਆਂ ਦੀ ਸੁਰੱਖਿਆ ਲਈ ਕੁਝ ਵੀ ਨਹੀਂ ਕਰ ਰਹੀ। ਇਸ ਤਰ੍ਹਾਂ ਦੀਆਂ ਘਿਨਾਉਣੀਆਂ ਕਾਰਵਾਈਆਂ ਵਿਰੁੱਧ ਸਖਤ ਕਾਰਵਾਈ ਕੀਤੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜੇ ਇੱਕ ਵਾਰ ਕਾਰਵਾਈ ਹੁੰਦੀ ਹੈ ਤਾਂ ਭਾਰਤ ਨੂੰ ਇਸ ਦੇ ਜਵਾਬ ਵਿੱਚ ਤਿੰਨ ਵਾਰ ਕਾਰਵਾਈ ਕਰਨੀ ਚਾਹੀਦੀ ਹੈ।
ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੇ ਕੈਬਨਿਟ ਸਾਥੀ ਰਾਣਾ ਗੁਰਜੀਤ ਸਿੰਘ ਅਤੇ ਨਵਜੋਤ ਸਿੰਘ ਸਿੱਧੂ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਟੀ.ਐਸ. ਸ਼ੇਰਗਿੱਲ, ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਸਥਾਨਿਕ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ, ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ, ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਅਤੇ ਵਲਟੋਹਾ ਦਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਸ਼ਾਮਲ ਸਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…