Share on Facebook Share on Twitter Share on Google+ Share on Pinterest Share on Linkedin ਮੁੱਖ ਮੰਤਰੀ ਵੱਲੋਂ ਸਰਕਾਰੀ ਹਸਪਤਾਲ ਮੁਹਾਲੀ ਦਾ ਪੱਧਰ 200 ਤੋਂ 300 ਬਿਸਤਰਿਆਂ ਦਾ ਕਰਨ ਨੂੰ ਹਰੀ ਝੰਡੀ ਮੈਡੀਕਲ ਕੋਰਸ ਚਲਾ ਰਹੀਆਂ ਗੈਰ ਪੇਸ਼ੇਵਰ ਸੰਸਥਾਵਾਂ ਵਿਰੁੱਧ ਕਾਰਵਾਈ ਲਈ ਬਾਬਾ ਫਰੀਦ ਯੂਨੀਵਰਸਿਟੀ ਦੇ ਵੀਸੀ ਨੂੰ ਆਖਿਆ ਬਠਿੰਡਾ ਵਿੱਚ ਬਣ ਰਹੇ ਏਮਜ਼ ਦੀ ਉਸਾਰੀ ਵਿੱਚ ਤੇਜ਼ੀ ਲਿਆਉਣ ਲਈ ਕੇਂਦਰ ਨੂੰ ਲਗਾਈ ਗੁਹਾਰ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 28 ਜੂਨ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਹਾਲੀ ਦੇ ਸਰਕਾਰੀ ਹਸਪਤਾਲ ਦਾ ਪੱਧਰ ਵਧਾ ਕੇ 200 ਤੋਂ 300 ਬਿਸਤਰਿਆਂ ਦਾ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਮੈਡੀਕਲ ਕੌਂਸਲ ਆਫ ਇੰਡੀਆ ਦੇ ਨਿਯਮਾਂ ਅਨੁਸਾਰ ਇਕ ਨਵਾਂ ਮੈਡੀਕਲ ਕਾਲਜ ਖੋਲੇ ਜਾਣ ਨੂੰ ਵੀ ਸਹਮਤਿ ਦੇ ਦਿੱਤੀ ਹੈ। ਡਾਕਟਰੀ ਸਿੱਖਿਆ ਅਤੇ ਖੋਜ਼ ਵਿਭਾਗ ਦੇ ਕੰਮਕਾਜ ਦਾ ਜਾਇਜਾ ਲੈਣ ਲਈ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੋਹਾਲੀ ਵਿਖੇ ਨਵਾਂ ਮੈਡੀਕਲ ਕਾਲਜ ਜਲਦੀ ਤੋਂ ਜਲਦੀ ਕਾਰਜਸ਼ੀਲ ਹੋ ਜਾਵੇਗਾ। ਡਾਕਟਰੀ ਸਿੱਖਿਆ ਦੇ ਪੱਧਰ ਵਿੱਚ ਹੋਰ ਕੁਸ਼ਲਤਾ ਲਿਆਉਣ ਲਈ ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਗੁੰਮਰਾਹ ਕਰਕੇ ਮੈਡੀਕਲ ਕੋਰਸ ਚਲਾਉਣ ਵਾਲੀਆਂ ਗੈਰ ਪੇਸ਼ੇਵਰ ਯੂਨੀਵਰਸਿਟੀਆਂ ਤੇ ਸੰਸਥਾਵਾਂ ਵਿਰੁੱਧ ਤਿੱਖੀ ਕਾਰਵਾਈ ਕਰਨ ਲਈ ਵੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ ਨੂੰ ਆਖਿਆ ਹੈ। ਉਨ੍ਹਾਂ ਨੇ ਅਜਿਹੀਆਂ ਸੰਸਥਾਵਾਂ ਨੂੰ ਬੰਦ ਕਰਨ ਤੋਂ ਇਲਾਵਾ ਉਨ੍ਹਾਂ ਦੁਆਰਾ ਚਲਾਏ ਜਾਂਦੇ ਕੋਰਸਾਂ ਦੀਆਂ ਸੀਟਾਂ ਘਟਾਉਣ ਵਰਗੇ ਸਖਤ ਕਦਮ ਚੁੱਕਣ ਲਈ ਵੀ ਵੀ ਸੀ ਨੂੰ ਕਿਹਾ ਹੈ। ਮੁੱਖ ਮੰਤਰੀ ਨੇ ਫਿਰੋਜ਼ਪੁਰ ਵਿਖੇ ਪੀ ਜੀ ਆਈ ਦਾ ਸੈਟੇਲਾਈਟ ਸੈਂਟਰ ਖੋਲ੍ਹੇ ਜਾਣ ਦਾ ਮੁੱਦਾ ਏਸੀਐਸ ਸਿਹਤ ਨੂੰ ਤੁਰੰਤ ਭਾਰਤ ਸਰਕਾਰ ਦੇ ਨਾਲ ਉਠਾਉਣ ਲਈ ਆਖਿਆ ਹੈ। ਇਸ ਲਈ 25 ਏਕੜ ਜ਼ਮੀਨ ਦੀ ਪਹਿਲਾਂ ਹੀ ਸ਼ਨਾਖਤ ਕਰ ਲਈ ਹੈ ਜੋ ਕੇਂਦਰ ਵਲੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਤਬਦੀਲ ਕੀਤੀ ਜਾਣੀ ਹੈ। ਬਠਿੰਡਾ ਵਿੱਚ ਏਮਜ਼ ਦੇ ਪ੍ਰੋਜੈਕਟ ਦੀ ਪ੍ਰਗਤੀ ਦਾ ਜ਼ਾਇਜਾ ਲੈਂਦੇ ਹੋਏ ਮੁੱਖ ਮੰਤਰੀ ਨੇ ਵਿਭਾਗ ਨੂੰ ਕਿਹਾ ਕਿ ਉਹ ਬਠਿੰਡਾ ਵਿੱਚ ਏਮਜ਼ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ ਲਈ ਕੇਂਦਰ ਕੋਲ ਮੁੱਦਾ ਉਠਾਏ ਤਾਂ ਜੋ ਇਹ ਪ੍ਰੋਜੈਕਟ ਨਿਰਧਾਰਿਤ ਸਮੇਂ ਵਿੱਚ ਮੁਕੰਮਲ ਹੋ ਸਕੇ। ਮੁੱਖ ਮੰਤਰੀ ਨੇ 66 ਕੇਵੀ ਸਬ-ਸਟੇਸ਼ਨ, ਹਾਈ ਟ੍ਰਾਂਸਮਿਸ਼ਨ ਲਾਈਨਾਂ ਬਦਲਣ ਅਤੇ ਪਾਣੀ ਦੇ ਲਾਂਘੇ ਦੇ ਨਿਰਮਾਣ, ਨਵੀਂ ਪਹੁੰਚ ਸੜਕ ਦੇ ਨਿਰਮਾਣ, ਇਤਰਾਜ਼ਹੀਣਤਾ ਸਰਟੀਫਿਕੇਟ ਅਤੇ ਬਿਲਡਿੰਗ ਫੀਸ ਦੇ ਭੁਗਤਾਨ ਵਾਸਤੇ 20.58 ਕਰੋੜ ਰੁਪਏ ਤੁਰੰਤ ਜ਼ਾਰੀ ਕਰਨ ਲਈ ਵਿੱਤ ਵਿਭਾਗ ਨੂੰ ਆਖਿਆ ਹੈ। ਮੁੱਖ ਮੰਤਰੀ ਨੇ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਲਈ ਨਵੇਂ ਕੰਮਾਂ ਦੀ ਸ਼ੁਰੂਆਤ ਵਾਸਤੇ ਤੁਰੰਤ 65.95 ਕਰੋੜ ਰੁਪਏ ਜ਼ਾਰੀ ਕਰੇ ਜਿਨ੍ਹਾਂ ਵਿਚੋਂ 13 ਕਰੋੜ ਰੁਪਏ ਪਾਰਕਿੰਗ, 21 ਕਰੋੜ ਰੁਪਏ ਟੀ ਬੀ ਹਸਪਤਾਲ, ਪਟਿਆਲਾ ਦੀ ਮੁਰੰਮਤ ਅਤੇ 1 ਕਰੋੜ ਰੁਪਏ ਐਂਬੂਲੈਂਸ ਦੀ ਖਰੀਦ ਵਾਸਤੇ ਹੋਣਗੇ। ਸੀਵਰੇਜ਼ ਟ੍ਰੀਟਮੈਂਟ ਪਲਾਂਟ ਅਤੇ ਸੀਵਰੇਜ਼ ਦੀ ਮੁਰੰਮਤ ਲਈ ਪਹਿਲਾਂ ਹੀ 8 ਕਰੋੜ ਰੁਪਏ ਰੱਖ ਗਏ ਹਨ। ਗੌਰਤਲਬ ਹੈ ਕਿ ਪ੍ਰਵਾਨਿਤ ਬਜਟ ਵਿੱਚ 115.95 ਕਰੋੜ ਰੁਪਏ ਦੇ ਵਿਵਸਥਾ ਕੀਤੀ ਗਈ ਸੀ। ਜਿਸ ’ਚੋਂ ਵਿੱਤ ਵਿਭਾਗ ਨੇ ਪਹਿਲਾਂ ਹੀ 50 ਕਰੋੜ ਰੁਪਏ ਜ਼ਾਰੀ ਕਰ ਦਿੱਤੇ ਹਨ। ਮੁੱਖ ਮੰਤਰੀ ਨੇ ਵਧੀਕ ਮੁੱਖ ਸਕੱਤਰ ਸਿਹਤ ਨੂੰ ਆਖਿਆ ਕਿ ਉਹ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਬੁਨਿਆਦੀ ਢਾਂਚੇ ਦਾ ਪੱਧਰ ਉੱਚਾ ਚੁਕੱਣ ਅਤੇ ਅਧਿਆਪਨ ਸਬੰਧੀ ਵਿਆਪਕ ਕਾਰਜ਼ ਯੋਜਨਾ ਤਿਆਰ ਕਰਨ। ਇਹ ਦੇਸ਼ ਦੀ ਇਕ ਸ਼ਾਨੀਮਤੀ ਮੈਡੀਕਲ ਸੰਸਥਾ ਹੈ ਪਰ ਪਿਛਲੀ ਸਰਕਾਰ ਦੀ ਉਦਾਸੀਨਤਾ ਕਾਰਨ ਇਸ ਨੇ ਆਪਣੀ ਸ਼ਾਨ ਗਵਾ ਦਿੱਤੀ। ਕੈਪਟਨ ਨੇ ਸਰਕਾਰੀ ਹਸਪਤਾਲ ਅਤੇ ਮੈਡੀਕਲ ਕਾਲਜਾਂ ਨਾਲ ਸਬੰਧਤ ਵੱਖ ਵੱਖ ਪ੍ਰੋਜੈਕਟਾਂ ਦੀ ਪ੍ਰਗਤੀ ’ਤੇ ਨਿੱਜੀ ਤੌਰ ’ਤੇ ਨਿਗਰਾਨੀ ਰੱਖਣ ਵਾਸਤੇ ਵਧੀਕ ਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਨੂੰ ਆਖਿਆ ਹੈ। ਮੁੱਖ ਮੰਤਰੀ ਨੇ 2 ਹੋਰ ਮੈਡੀਕਲ ਕਾਲਜਾਂ ਲਈ ਵੀ ਰੂਪ ਰੇਖਾ ਤਿਆਰ ਕਰਨ ਵਾਸਤੇ ਵਿਭਾਗ ਨੂੰ ਆਖਿਆ ਹੈ ਜਿਨ੍ਹਾਂ ’ਚੋਂ ਇੱਕ ਸੰਗਰੂਰ ਅਤੇ ਇਕ ਗੁਰਦਾਸਪੁਰ ਜਾਂ ਪਠਾਨਕੋਟ ਵਿੱਖੇ ਹੋਵੇਗਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਡਾਕਟਰੀ ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਇਹ ਜ਼ਰੂਰੀ ਹਨ। ਇਸ ਤੋਂ ਇਲਾਵਾ ਇਹ ਕਾਂਗਰਸ ਦੇ ਚੋਣ ਮੈਨੀਫੈਸਟੋ ਦਾ ਹਿੱਸਾ ਵੀ ਹਨ ਜਿਸ ਵਿੱਚ ਸੂਬੇ ’ਚ 5 ਮੈਡੀਕਲ ਕਾਲਜ ਸਥਾਪਤ ਕਰਨ ਦੀ ਗੱਲ ਆਖੀ ਸੀ। ਮੈਡੀਕਲ ਫੈਕਲਟੀ ਦੀ ਸਮਾਂਬਧ ਪਦਉਨਤੀ ਤੇ ਸਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਡਾਕਟਰੀ ਸਿੱਖਿਆ ਅਤੇ ਖੋਜ਼ ਵਿਭਾਗ ਨੂੰ ਨਿਯਮਿਤ ਆਧਾਰ ’ਤੇ ਵਿਭਾਗੀ ਪਦਉਨਤੀ ਕਮੇਟੀ ਦੀਆਂ ਮੀਟਿੰਗਾਂ ਸੱਦਣ ਲਈ ਆਖਿਆ ਹੈ। ਮੀਟਿੰਗ ਵਿਚ ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਵਿੱਤ ਸਕੱਤਰ ਅਨਿਰੁੱਧ ਤਿਵਾੜੀ, ਵਧੀਕ ਮੁੱਖ ਸਕੱਤਰ ਸਿਹਤ ਸਤੀਸ਼ ਚੰਦਰਾ, ਉਪ-ਕੁਲਪਤੀ ਬਾਬਾ ਫਰੀਦ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਜ਼ ਡਾ. ਰਾਜ ਬਹਾਦਰ, ਡਾਇਰੈਕਟਰ ਮੈਡੀਕਲ ਸਿੱਖਿਆ ਅਤੇ ਖੋਜ ਡਾ. ਅਵਿਨਾਸ਼ ਕੁਮਾਰ, ਓਐਸਡੀ (ਮੈਡੀਕਲ ਸਰਵਿਸਿਜ਼)/ਮੁੱਖ ਮੰਤਰੀ ਡਾ. ਗਿਰੀਸ਼ ਸਾਹਨੀ ਅਤੇ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਡਾ. ਬੀ.ਐਸ. ਸਿੱਧੂ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ