
ਮੁੱਖ ਮੰਤਰੀ ਵੱਲੋਂ ਨਰਮੇ ਨੂੰ ਚਿੱਟੀ ਮੱਖੀ ਤੋਂ ਬਚਾਉਣ ਲਈ ਖੇਤੀਬਾੜੀ ਵਿਭਾਗ ਨੂੰ ਮਹਿੰਮ ਤੇਜ਼ ਕਰਨ ਦੇ ਹੁਕਮ
ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 24 ਜੁਲਾਈ:
ਸਾਉਣੀ-2017 ਦੌਰਾਨ ਨਰਮੇ ਦੀ ਪੈਦਾਵਾਰ ਵਿਚ ਵੱਡਾ ਵਾਧਾ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਖੇਤੀਬਾੜੀ ਵਿਭਾਗ ਨੂੰ ਚਿੱਟੀ ਮੱਖੀ ਦੇ ਹਮਲੇ ਤੋਂ ਫਸਲ ਨੂੰ ਬਚਾਉਣ ਲਈ ਜ਼ੋਰਦਾਰ ਮੁਹਿੰਮ ਵਿੱਢਣ ਦੇ ਹੁਕਮ ਦਿੱਤੇ। ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ ਵਿਭਾਗ ਨੇ ਨਰਮੇ ਦੀ ਪੈਦਾਵਾਰ ਕਰਨ ਵਾਲੇ ਪਿੰਡਾਂ ਵਿਚ ਹਫਤੇ ’ਚ ਦੋ ਵਾਰ ਸਰਵੇਖਣ ਕਰਨ ਲਈ 500 ਸਕਾਊਟ ਤੇ 50 ਫੀਲਡ ਸੁਪਰਵਾਈਜ਼ਰ ਤਾਇਨਾਤ ਕੀਤੇ ਹਨ ਜੋ ਚਿੱਟੀ ਮੱਖੀ ਨਾਲ ਪੈਦਾ ਹੋਣ ਵਾਲੇ ਖਤਰੇ ਦਾ ਪਤਾ ਲਾਉਣਗੇ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਚਿੱਟੀ ਮੱਖੀ ਦੇ ਖਤਰੇ ਨੂੰ ਟਾਲਣ ਲਈ ਸੂਬਾ ਪੱਧਰੀ ਮੁਹਿੰਮ ਚਲਾਈ ਹੋਈ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਦੀ ਅਗਵਾਈ ਵਿਚ ਅੰਤਰ-ਰਾਜੀ ਸਲਾਹਕਾਰ ਅਤੇ ਨਿਗਰਾਨ ਕਮੇਟੀ ਦੇ ਗਠਨ ਕੀਤਾ ਗਿਆ ਹੈ ਜੋ ਸਮੁੱਚੀ ਸਥਿਤੀ ’ਤੇ ਨਿਗ੍ਹਾ ਰੱਖ ਰਹੀ ਹੈ। ਹਰਿਆਣਾ ਅਤੇ ਰਾਜਸਥਾਨ ਦੇ ਵਿਗਿਆਨੀ ਇਸ ਕਮੇਟੀ ਦੇ ਮੈਂਬਰ ਹਨ ਅਤੇ ਕਮੇਟੀ ਦੀਆਂ ਹੁਣ ਤੱਕ ਚਾਰ ਮੀਟਿੰਗਾਂ ਹੋ ਚੁੱਕਿਆਂ ਹਨ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਸਾਲ ਨਰਮੇ ਹੇਠ ਰਕਬਾ ਵਧਿਆ ਹੈ ਜੋ ਸਾਉਣੀ 2016 ਵਿੱਚ 2.85 ਲੱਖ ਹੈਕਟੇਅਰ ਦੇ ਮੁਕਾਬਲੇ ਇਸ ਸਾਲ 3.82 ਲੱਖ ਹੈਕਟੇਅਰ ਤੱਕ ਪਹੁੰਚ ਗਿਆ ਹੈ। ਉਨ੍ਹਾਂ ਦੱਸਿਆ ਕਿ ਨਰਮੇ ਦੀ ਪੈਦਾਵਾਰ ਕਰਨ ਵਾਲੇ 1000 ਪਿੰਡਾਂ ਵਿਚ ਸਕਾਊਟ ਤੇ ਫੀਲਡ ਸੁਪਰਵਾਈਜ਼ਰਾਂ ਦੀ ਤਾਇਨਾਤੀ ਸੱਤ ਮਹੀਨਿਆਂ ਲਈ ਕੀਤੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਸਕਾਊਟ ਨੂੰ ਦੋ ਪਿੰਡ ਅਲਾਟ ਕੀਤੇ ਗਏ ਹਨ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਹਾਇਤਾ ਲਈ ਇਸ ਕਾਰਜ ਵਾਸਤੇ ਛੇ ਖੋਜਾਰਥੀ ਵੀ ਨਿਯੁਕਤ ਕੀਤੇ ਗਏ ਹਨ। ਬੁਲਾਰੇ ਨੇ ਦੱਸਿਆ ਕਿ ਫਰਵਰੀ ਮਹੀਨੇ ਵਿਚ ਨਦੀਨ ’ਤੇ ਕਾਬੂ ਪਾਉਣ ਦੀ ਮੁਹਿੰਮ ਸ਼ੁਰੂ ਕਰਨ ਤੋਂ ਇਲਾਵਾ ਖੇਤੀਬਾੜੀ ਵਿਭਾਗ ਨੇ ਹਫਤਾਵਰੀ ਸਰਵੇਖਣ ਕਰਨ ਲਈ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਫਸਲੀ ਕੀੜਿਆਂ ਦੇ ਅਸਰ ਦੀ ਨਿਗਰਾਨੀ ਲਈ ਟੀਮਾਂ ਕਾਇਮ ਕੀਤੀਆਂ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਇਸ ਬਾਰੇ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਸਾਹਿਤ ਵੰਡਣ ਦੀ ਜਾਗਰੂਕਤਾ ਮੁਹਿੰਮ ਚਲਾਈ ਹੋਈ ਹੈ। ਇਸ ਤੋਂ ਇਲਾਵਾ ਸਮੁੱਚੇ ਨਰਮਾਂ ਸੀਜ਼ਨ ਦੌਰਾਨ ਪਿੰਡ ਪੱਧਰ ’ਤੇ ਪੰਜ ਸਿਖਲਾਈ ਕੈਂਪ, ਬਲਾਕ ਪੱਧਰ ’ਤੇ ਪੰਜਾਬ ਅਤੇ ਜ਼ਿਲ੍ਹਾ ਪੱਧਰ ’ਤੇ ਦੋ ਕੈਂਪ ਲਾਏ ਜਾ ਰਹੇ ਹਨ। ਕਿਸਾਨਾਂ ਨੂੰ ਆਧੁਨਿਕ ਤਕਨਾਲੋਜੀ ਬਾਰੇ ਜਾਣੂ ਕਰਾਉਣ ਲਈ ਨਰਮੇ ਦੀਆਂ ਲਗਪਗ 3037 ਨੁਮਾਇਸ਼ਾਂ (10 ਹੈਕਟੇਅਰ ਮਗਰ ਇਕ ਨੁਮਾਇਸ਼) ਲਾਈਆਂ ਜਾ ਰਹੀਆਂ ਹਨ ਤਾਂ ਕਿ ਚਿੱਟੀ ਮੱਖੀ ਦੀ ਅਲਾਮਤ ਤੋਂ ਬਚਾਉਣ ਲਈ ਕਿਸਾਨਾਂ ਦੀ ਮਦਦ ਕੀਤੀ ਜਾ ਸਕੇ। ਬੁਲਾਰੇ ਨੇ ਦੱਸਿਆ ਕਿ ਨਰਮੇ ਦੇ ਪ੍ਰੋਜੈਕਟਾਂ ਅਧੀਨ ਵੱਖ-ਵੱਖ ਸਕੀਮਾਂ ਸ਼ੁਰੂ ਕਰਨ ਲਈ 624.70 ਕਰੋੜ ਰੁਪਏ ਰਖੇ ਗਏ ਹਨ ਤਾਂ ਕਿ ਚਿੱਟੀ ਮੱਖੀ ਅਤੇ ਹੋਰ ਫਸਲੀ ਰੋਗਾਂ ਤੋਂ ਨਰਮੇ ਨੂੰ ਬਚਾਇਆ ਜਾ ਸਕੇ।