nabaz-e-punjab.com

ਪੇਂਡੂ ਇਲਾਕਿਆਂ ਵਿਚ ਕੋਵਿਡ ਕੇਸ ਵਧਣ ’ਤੇ ਮੁੱਖ ਮੰਤਰੀ ਨੇ ਪਿੰਡਾਂ ਨੂੰ ਕਰੋਨਾ ਮੁਕਤ ਵਿਅਕਤੀਆਂ ਨੂੰ ਪ੍ਰਵੇਸ਼ ਕਰਨ ਦੇਣ ਲਈ ਆਖਿਆ

ਫੇਸਬੁੱਕ ਦੇ ਲਾਈਵ ਪ੍ਰਸਾਰਨ ਦੌਰਾਨ ਮੁੱਖ ਮੰਤਰੀ ਨੇ ਕਰੋਨਾ ਦੇ ਮੁੱਢਲੇ ਲੱਛਣ ਆਉਣ ’ਤੇ ਇਲਾਜ ਵਿਚ ਦੇਰੀ ਨਾ ਕਰਨ ਦੀ ਅਪੀਲ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 14 ਮਈ:
ਸੂਬੇ ਵਿਚ ਕੋਵਿਡ ਦੀ ਪਹਿਲੀ ਲਹਿਰ ਤੋਂ ਵੱਡੀ ਪੱਧਰ ਉਤੇ ਬੇਅਸਰ ਰਹੇ ਪੇਂਡੂ ਇਲਾਕਿਆਂ ਵਿਚ ਹੁਣ ਕੋਵਿਡ ਦੇ ਪੈਰ ਪਸਾਰਨ ਦੇ ਮੱਦੇਨਜਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਿੰਡ ਵਾਸੀਆਂ ਨੂੰ ਆਪੋ-ਆਪਣੇ ਪਿੰਡਾਂ ਵਿਚ ਸਿਰਫ ਉਨਾਂ ਵਿਅਕਤੀਆਂ ਨੂੰ ਦਾਖਲ ਹੋਣ ਦੇਣ ਦੀ ਅਪੀਲ ਕੀਤੀ ਜੋ ਕਰੋਨਾ ਵਾਇਰਸ ਤੋਂ ਮੁਕਤ ਹੋਣ।
ਫੇਸਬੁੱਕ ਦੇ ਲਾਈਵ ਪ੍ਰਸਾਰਨ ਦੌਰਾਨ ਪੰਜਾਬ ਵਾਸੀਆਂ ਨੂੰ ਮੁਖਾਤਿਬ ਹੁੰਦਿਆਂ ਮੁੱਖ ਮੰਤਰੀ ਨੇ ਅਗਲੇ ਦੋ ਮਹੀਨੇ ਪੇਂਡੂ ਇਲਾਕਿਆਂ ਵਿਚ ਸਖਤ ਕਦਮ ਉਠਾਉਣ ਦਾ ਸੱਦਾ ਦਿੱਤਾ ਹੈ ਅਤੇ ਉਨਾਂ ਨੇ ਆਉਂਦੇ ਦੋ ਮਹੀਨਿਆਂ ਨੂੰ ਬਹੁਤ ਹੀ ਗੰਭੀਰ ਸਮਾਂ ਦੱਸਿਆ। ਉਨਾਂ ਕਿਹਾ,“ਹੁਣ ਦਿਹਾਤੀ ਖੇਤਰਾਂ ਵਿਚ ਕੋਵਿਡ ਕੇਸਾਂ ਵਿਚ ਵਾਧਾ ਦੇਖਿਆ ਜਾ ਰਿਹਾ ਹੈ ਜਿਸ ਕਰਕੇ ਸਾਨੂੰ ਬਹੁਤ ਸੰਭਲਣ ਦੀ ਲੋੜ ਹੈ।” ਉਨਾਂ ਨੇ ਪਿੰਡ ਵਾਸੀਆਂ ਨੂੰ ਠੀਕਰੀ ਪਹਿਰੇ ਲਾਉਣ ਦੀ ਵੀ ਅਪੀਲ ਕੀਤੀ ਤਾਂ ਕਿ ਬਾਹਰੀ ਲੋਕਾਂ ਨੂੰ ਦੂਰ ਰੱਖਣ ਅਤੇ ਸਿਰਫ ਕੋਵਿਡ ਮੁਕਤ ਲੋਕਾਂ ਨੂੰ ਪਿੰਡਾਂ ਵਿਚ ਪ੍ਰਵੇਸ਼ ਕਰਨ ਦੀ ਇਜਾਜਤ ਦਿੱਤੀ ਜਾ ਸਕੇ।
ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਆਪਣੇ ਮੁਹੱਲੇ ਤੇ ਪਿੰਡ ਬਚਾਉਣ ਦਾ ਸੱਦਾ ਦਿੱਤਾ ਤਾਂ ਕਿ ਇਸ ਨਾਲ ਆਪਣੇ ਆਪ ਨੂੰ, ਆਪਣੇ ਪਰਿਵਾਰਾਂ ਨੂੰ ਅਤੇ ਪੰਜਾਬ ਨੂੰ ਬਚਾਇਆ ਜਾ ਸਕੇ। ਉਨਾਂ ਨੇ ਪਿੰਡ ਵਾਸੀਆਂ ਨੂੰ ਇਲਾਜ ਲਈ ਹਸਪਤਾਲ ਜਾਣ ਵਿਚ ਦੇਰੀ ਨਾ ਕਰਨ ਲਈ ਆਖਿਆ। ਉਨਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ,“ਸਾਡੇ ਕੋਲ ਹਰੇਕ ਜਗਾ ਡਾਕਟਰਾਂ ਦੀਆਂ ਟੀਮਾਂ ਹਨ ਅਤੇ ਜੇਕਰ ਤੁਸੀਂ ਠੀਕ ਮਹਿਸੂਸ ਨਹੀਂ ਕਰਦੇ ਤਾਂ ਇਨਾਂ ਡਾਕਟਰਾਂ ਤੱਕ ਪਹੁੰਚ ਕਰੋ।” ਉਨਾਂ ਇਸ ਗੱਲ ਉਤੇ ਜੋਰ ਦਿੱਤਾ ਕਿ ਇਲਾਜ ਵਿਚ ਦੇਰੀ ਹੋਣ ਨਾਲ ਲੋਕਾਂ ਨੂੰ ਲੈਵਲ-3 ਵਿਚ ਜਾਣਾ ਪੈਂਦਾ ਹੈ। ਉਨਾਂ ਦੱਸਿਆ ਕਿ ਇਸ ਵੇਲੇ ਐਲ-2 ਦੇ 50 ਫੀਸਦੀ ਬੈੱਡ ਭਰੇ ਹਨ ਜਦਕਿ ਐਲ-3 ਦੇ ਲਗਪਗ 90 ਫੀਸਦੀ ਬੈੱਡ ਭਰੇ ਹੋਏ ਹਨ ਅਤੇ ਸੂਬਾ ਸਰਕਾਰ 2000 ਹੋਰ ਬੈੱਡ ਸ਼ਾਮਲ ਕਰਨ ਦੀ ਪ੍ਰਕਿਰਿਆ ਵਿਚ ਹੈ ਜਿਸ ਨੂੰ ਲੋਕਾਂ ਵੱਲੋਂ ਸਮੇਂ ਸਿਰ ਇਲਾਜ ਲਈ ਨਾ ਜਾਣ ਦਾ ਕਾਰਨ ਦੱਸਿਆ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਬਿਮਾਰੀ ਦੇ ਤਿੰਨ ਪੜਾਅ ਹਨ, ਜਿਨਾਂ ਵਿੱਚੋਂ ਪਹਿਲੀ ਸਟੇਜ ਉਤੇ ਘਰ ਵਿਚ ਹੀ ਪ੍ਰਬੰਧਨ ਕੀਤਾ ਜਾ ਸਕਦਾ ਹੈ। ਉਨਾਂ ਨੇ ਲੋਕਾਂ ਨੂੰ ਲੱਛਣਾਂ ਦਾ ਪਹਿਲਾ ਸੰਕੇਤ ਮਿਲਣ ਉਤੇ ਹੀ ਤੁਰੰਤ ਡਾਕਟਰ ਕੋਲ ਜਾਣ ਲਈ ਆਖਿਆ। ਮੁੱਖ ਮੰਤਰੀ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ,“ਇਲਾਜ ਕਰਨ ਦਾ ਫੈਸਲਾ ਡਾਕਟਰਾਂ ਨੂੰ ਕਰਨ ਦਿਓ, ਆਪਣੇ ਆਪ ਹੀ ਜਾਂਚ ਅਤੇ ਦਵਾਈਆਂ ਨਾ ਲਈ ਜਾਓ।”
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,“ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਤੁਸੀਂ ਇਸ ਢੰਗ ਨਾਲ ਆਪਣੇ ਪਰਿਵਾਰਾਂ ਅਤੇ ਸੂਬੇ ਦੇ ਹਿੱਤਾ ਨੂੰ ਨੁਕਸਾਨ ਕਿਉਂ ਪਹੁੰਚਾ ਰਹੇ ਹੋ।” ਉਨਾਂ ਕਿਹਾ,“ਅਸੀਂ ਪੰਜਾਬ ਨੂੰ ਦਿੱਲੀ ਅਤੇ ਮਹਾਰਾਸ਼ਟਰ ਦੇ ਰਾਹ ਨਹੀਂ ਪੈਣ ਦੇਣਾ ਚਾਹੁੰਦੇ ਜਿਨਾਂ ਨੂੰ ਦੂਜੀ ਲਹਿਰ ਦੇ ਦੌਰਾਨ ਅਣਕਿਆਸੀਆਂ ਸਮੱਸਿਆਵਾਂ ਵਿੱਚੋਂ ਗੁਜਰਨਾ ਪਿਆ।” ਉਨਾਂ ਕਿਹਾ ਕਿ ਇਸ ਨੇ ਸਮੁੱਚੀ ਦੁਨੀਆ ਨੂੰ ਆਪਣੀ ਲਪੇਟ ਵਿਚ ਹੋਇਆ ਹੈ ਅਤੇ ਇੱਥੋਂ ਤੱਕ ਕਿ ਅਗਾਂਹਵਧੂ ਮੁਲਕ ਵੀ ਇਸ ਦੇ ਅਸਰ ਤੋਂ ਬਚ ਨਹੀਂ ਸਕੇ। ਮੁੱਖ ਮੰਤਰੀ ਨੇ ਲੋਕਾਂ ਨੂੰ ਆਪਣਾ ਸੂਬਾ ਬਚਾਉਣ ਲਈ ਉਨਾਂ ਦੀ ਸਰਕਾਰ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ।
ਮੁੱਖ ਮੰਤਰੀ ਨੇ ਕੋਵਿਡ ਦੀਆਂ ਚੁਣੌਤੀਆਂ ਦਰਮਿਆਨ ਕਣਕ ਦੀ ਖਰੀਦ ਦੇ ਸੁਚਾਰੂ ਢੰਗ ਨਾਲ ਮੁਕੰਮਲ ਹੋਣ ਉਤੇ ਖੁਸ਼ੀ ਜਾਹਰ ਕਰਦਿਆਂ ਇਸ ਪ੍ਰਾਪਤੀ ਲਈ ਸੂਬੇ ਦੇ ਮਿਹਨਤਕਸ਼ ਕਿਸਾਨਾਂ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਬੀਤੇ ਸਾਲ ਦੇ 129 ਲੱਖ ਮੀਟਰਕ ਟਨ ਦੇ ਮੁਕਾਬਲੇ ਇਸ ਸਾਲ ਕੁੱਲ 132 ਲੱਖ ਮੀਟਰਕ ਟਨ ਦੀ ਖਰੀਦ ਕੀਤੀ ਗਈ ਹੈ। ਉਨਾਂ ਕਿਹਾ ਕਿ ਇਸ ਦੇ ਨਤੀਜੇ ਵਜੋਂ ਬੀਤੇ ਸਾਲ 24,600 ਕਰੋੜ ਰੁਪਏ ਦੇ ਮੁਕਾਬਲੇ ਇਸ ਵਾਰ ਕਿਸਾਨਾਂ ਨੂੰ 26000 ਕਰੋੜ ਰੁਪਏ ਦੀ ਆਮਦਨ ਹੋਈ ਹੈ।
ਉਨਾਂ ਕਿਹਾ,“ਅਸੀਂ ਇਸ ਜੰਗ ਨੂੰ ਜਿੱਤ ਲਿਆ ਪਰ ਮਹਾਮਾਰੀ ਦਾ ਖਤਰਾ ਅਜੇ ਵੀ ਮੰਡਰਾ ਰਿਹਾ ਹੈ।” ਉਨਾਂ ਨੇ ਦੁੱਖ ਜਾਹਰ ਕੀਤਾ ਕਿ ਇਸ ਮਹਾਮਾਰੀ ਦੇ 14 ਮਹੀਨੇ ਬੀਤ ਜਾਣ ਦੇ ਬਾਵਜੂਦ ਕੁਝ ਲੋਕ ਅਜੇ ਵੀ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ।
ਮੁੱਖ ਮੰਤਰੀ ਨੇ ਅੰਕੜਿਆਂ ਨਾਲ ਖੁਲਾਸਾ ਕਰਦੇ ਹੋਏ ਦੱਸਿਆ ਕਿ ਪੰਜਾਬ ਵਿਚ ਹੁਣ ਤੱਕ 4.75 ਲੱਖ ਤੋਂ ਵੱਧ ਕੇਸ ਹੋ ਚੁੱਕੇ ਹਨ ਅਤੇ ਵੀਰਵਾਰ ਨੂੰ 24 ਘੰਟਿਆਂ ਦੌਰਾਨ 8484 ਕੇਸ ਸਾਹਮਣੇ ਆਏ ਹਨ। ਉਨਾਂ ਕਿਹਾ ਕਿ ਹੁਣ ਤੱਕ ਕੁੱਲ 11297 ਮੌਤਾਂ ਹੋਈਆਂ ਹਨ ਅਤੇ ਬੀਤੇ ਦਿਨ ਕੋਵਿਡ ਨਾਲ 184 ਜਾਨਾਂ ਗਈਆਂ। ਅੱਜ ਤੱਕ 9619 ਮਰੀਜ ਆਕਸੀਜਨ ਉਤੇ ਹਨ ਜਦਕਿ 429 ਮਰੀਜ ਵੈਂਟੀਲੇਟਰ ਦੇ ਸਹਾਰੇ ਉਤੇ ਹਨ।

Load More Related Articles
Load More By Nabaz-e-Punjab
Load More In Awareness/Campaigns

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …