ਮੁੱਖ ਮੰਤਰੀ ਵੱਲੋਂ ਸਨਅਤਕਾਰਾਂ ਨੂੰ ਸਿਆਸੀ ਜਾਂ ਅਫ਼ਸਰਸ਼ਾਹੀ ਪੱਧਰ ’ਤੇ ਭ੍ਰਿਸ਼ਟਾਚਾਰ, ਅਵੇਸਲੇਪਣ ਪ੍ਰਤੀ ਕੋਈ ਲਿਹਾਜ਼ ਨਾ ਵਰਤਣ ਦਾ ਭਰੋਸਾ

ਨਵੇਂ ਉੱਦਮੀਆਂ ਨੂੰ ਪੰਜਾਬ ਵਿੱਚ ਆਪਣੇ ਯੂਨਿਟਾਂ ਸਥਾਪਿਤ ਕਰਨ ਦੀ ਮਿਲੇਗੀ ਵੱਡੀ ਸਹੂਲਤ: ਚੰਨੀ

ਮੁੱਖ ਮੰਤਰੀ ਵੱਲੋਂ ਉਦਯੋਗਪਤੀਆਂ ਨੂੰ ਦੁਵੱਲੇ ਵਿਕਾਸ ਅਤੇ ਤਰੱਕੀ ਲਈ ਇੱਕਜੱੁਟ ਹੋ ਕੇ ਕੰਮ ਕਰਨ ਦਾ ਸੱਦਾ

‘ਸਨਅਤ ਲਾਓ ਤੇ ਚਲਾਓ’ ਦੀ ਸਹੂਲਤ ਨਾਲ ਲੈਸ 6000 ਏਕੜ ਦੀ ਲੈਂਡ ਬੈਂਕ ਵਿਕਸਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਕਤੂਬਰ:
ਦੇਸ਼-ਵਿਦੇਸ਼ ਦੇ ਸਨਅਤੀ ਦਿੱਗਜ਼ਾਂ ਨੂੰ ਪੰਜਾਬ ਵਿੱਚ ਨਿਵੇਸ਼ ਲਈ ਸਾਜ਼ਗਾਰ ਮਾਹੌਲ ਮੁਹੱਈਆ ਕਰਵਾਉਣ ਦਾ ਭਰੋਸਾ ਦਿੰਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸਨਅਤੀ ਖੇਤਰ ਲਈ ਸੂਬਾ ਸਰਕਾਰ ਵੱਲੋਂ ਅਸਲ ਮਦਦਗਾਰ ਅਤੇ ਸਹਿਯੋਗੀ ਵਜੋਂ ਆਪਣੀ ਭੂਮਿਕਾ ਨਿਭਾਉਣ ਦੀ ਦ੍ਰਿੜ ਵਚਨਬੱਧਤਾ ਦੁਹਰਾਈ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸਿਆਸੀ ਜਾਂ ਅਫ਼ਸਰਸ਼ਾਹੀ ਦੇ ਪੱਧਰ ’ਤੇ ਕਿਸੇ ਤਰ੍ਹਾਂ ਦੇ ਭ੍ਰਿਸ਼ਟਾਚਾਰ, ਨਾਕਾਰਤਮਿਕ ਰਵੱਈਏ, ਰੁਕਾਵਟਾਂ ਖੜ੍ਹੀਆਂ ਕਰਨ ਅਤੇ ਅਵੇਸਲਾਪਣ ਅਪਣਾਏ ਜਾਣ ਵਾਲਿਆਂ ਪ੍ਰਤੀ ਕੋਈ ਲਿਹਾਜ਼ ਨਹੀਂ ਵਰਤੀ ਜਾਵੇਗੀ।
ਅੱਜ ਇੱਥੇ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ) ਵਿਖੇ ਚੌਥੇ ਪ੍ਰਗਤੀਸ਼ੀਲ ਨਿਵੇਸ਼ ਸੰਮੇਲਨ ਦੇ ਦੇਸ਼-ਵਿਦੇਸ਼ੀ ਤੋਂ ਵਰਚੂਅਲ ਤੌਰ ’ਤੇ ਉੱਦਮੀਆਂ ਦੀ ਸ਼ਮੂਲੀਅਤ ਵਾਲੇ ਸੈਸ਼ਨ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸਨਅਤਕਾਰਾਂ ਦੀ ਉਮੀਦਾਂ ’ਤੇ ਪੰਜਾਬ ਖਰਾ ਉੱਤਰੇਗਾ ਕਿਉਂ ਜੋ ਸੂਬਾ, ਮੁਲਕ ਵਿੱਚ ਕਾਰੋਬਾਰ ਕਰਨ ਦਾ ਸਭ ਤੋਂ ਬਿਹਤਰ ਸਥਾਨ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਨਅਤਕਾਰਾਂ ਦੇ ਕੀਮਤੀ ਸੁਝਾਵਾਂ ਮੁਤਾਬਕ ਸੂਬਾ ਸਰਕਾਰ ਆਪਣੀ ਮੌਜੂਦਾ ਉਦਯੋਗਿਕ ਨੀਤੀ ਵਿੱਚ ਲੋੜੀਂਦੀਆਂ ਸੋਧਾਂ ਕਰਕੇ ਇਸ ਨੂੰ ਹੋਰ ਵੀ ਨਿਵੇਸ਼ ਪੱਖੀ ਬਣਾਏਗੀ। ਮੁੱਖ ਮੰਤਰੀ ਨੇ ਆਈਐਸਬੀ ਕੈਂਪਸ ਵਿੱਚ ਇਕ ਅੰਬ ਦਾ ਬੂਟਾ ਵੀ ਲਾਇਆ।
ਚੰਨੀ ਨੇ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਪੰਜਾਬ ਨੂੰ ਮੁਲਕ ਦੇ ਸਿਖਰਲੇ 10 ਸੂਬਿਆਂ ’ਚੋਂ ਸਿਖਰਲੇ 5 ਵਿੱਚ ਸ਼ੁਮਾਰ ਕਰਨ ਦੀ ਮਨਸ਼ਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ‘ਸਨਅਤ ਲਾਓ ਤੇ ਚਲਾਓ’ ਦੀ ਸਹੂਲਤ ਨਾਲ ਲੈਸ 6 ਹਜ਼ਾਰ ਏਕੜ ਦੀ ਲੈਂਡ ਬੈਂਕ ਵਿਕਸਤ ਕੀਤੀ ਗਈ ਹੈ ਅਤੇ ਸਨਅਤ ਦੀ ਸਰਗਰਮ ਭਾਈਵਾਲੀ ਨਾਲ ਹੁਨਰ ਵਿਕਾਸ ਦੀ ਕਾਰਗਾਰ ਪ੍ਰਣਾਲੀ ਸਿਰਜੀ ਗਈ ਹੈ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੂਬੇ ਵਿੱਚ ਉਦਯੋਗੀਕਰਨ ਦਾ ਨਵਾਂ ਅਧਿਆਏ ਲਿਖਣ ਲਈ ਉਦਯੋਗ ਜਗਤ ਦੇ ਦਿੱਗਜਾਂ ਵੱਲੋਂ ਪਾਏ ਵੱਡਮੁੱਲੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਖੇਤੀਬਾੜੀ ਖੇਤਰ ਵਿੱਚ ਸਫ਼ਲ ਮੁਕਾਮ ’ਤੇ ਪਹੁੰਚ ਚੁੱਕਾ ਹੈ ਅਤੇ ਹੁਣ ਉਦਯੋਗ ਨੂੰ ਹੁਲਾਰਾ ਦੇਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਦੁਨੀਆ ਭਰ ਵਿੱਚ ਸਖ਼ਤ ਮਿਹਨਤ ਅਤੇ ਬਹਾਦਰੀ ਲਈ ਜਾਣਿਆ ਜਾਂਦਾ ਹੈ, ਇਸੇ ਭਾਵਨਾ ਨਾਲ ਉਨ੍ਹਾਂ ਨੇ ਹਰੀ ਕ੍ਰਾਂਤੀ ਲਿਆ ਕੇ ਦੇਸ਼ ਨੂੰ ਖ਼ੁਰਾਕ ਉਤਪਾਦਨ ਵਿੱਚ ਆਤਮ ਨਿਰਭਰ ਬਣਾਉਣ ਦੇ ਨਾਲ-ਨਾਲ ਇਸ ਦੀ ਕੌਮੀ ਸੁਰੱਖਿਆ ਦੀ ਰਾਖੀ ਵਿੱਚ ਮੋਹਰੀ ਭੂਮਿਕਾ ਨਿਭਾਈ।
ਇਸ ਤੋਂ ਪਹਿਲਾਂ ਸੁਵਾਗਤੀ ਭਾਸ਼ਣ ਵਿੱਚ ਉਦਯੋਗ ਤੇ ਵਣਜ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਇਹ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਸੰਭਾਵੀ ਉਦਯੋਗਪਤੀਆਂ ਅਤੇ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਹੁਲਾਰਾ ਦੇਣ ਵਿੱਚ ਅਹਿਮ ਸਾਬਤ ਹੋਵੇਗਾ ਅਤੇ ਪੰਜਾਬ ਨੂੰ ਨਾ ਸਿਰਫ਼ ਦੇਸ਼ ਵਿੱਚ ਸਗੋਂ ਵਿਸ਼ਵ ਭਰ ਵਿੱਚ ਸਭ ਤੋਂ ਵੱਧ ਪਸੰਦੀਦਾ ਸਥਾਨ ਵਜੋਂ ਪੇਸ਼ ਕਰੇਗਾ।

ਇਸ ਮੌਕੇ ਮੁੱਖ ਸਕੱਤਰ ਅਨਿਰੁਧ ਤਿਵਾੜੀ ਨੇ ਕਿਹਾ ਕਿ ਪੰਜਾਬ ਦੇ ਸਰਬਪੱਖੀ ਵਿਕਾਸ ਅਤੇ ਸੰਤੁਲਿਤ ਖੇਤਰੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਹਿਯੋਗੀ ਭਾਈਵਾਲੀ ਵਿੱਚ ਵਿਸ਼ਵਾਸ ਰੱਖਦਾ ਹੈ। ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਉਦਯੋਗ ਅਤੇ ਵਣਜ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਵਪਾਰਕ ਮਾਹੌਲ ਨੂੰ ਹੋਰ ਬਿਹਤਰ ਬਣਾਉਣ ਅਤੇ ਨੀਤੀਆਂ ਵਿੱਚ ਸਥਿਰਤਾ ਅਤੇ ਨਿਰੰਤਰਤਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੀ ਦ੍ਰਿੜ ਵਚਨਬੱਧਤਾ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਨਵੀਆਂ ਬੁਲੰਦੀਆਂ ’ਤੇ ਲੈ ਕੇ ਜਾਵੇਗੀ ਅਤੇ ਉਦਯੋਗ, ਕਾਰੋਬਾਰ ਅਤੇ ਰੁਜ਼ਗਾਰ ’ਤੇ ਸੂਬੇ ਦਾ ਧਿਆਨ ਕੇਂਦਰਿਤ ਕਰੇਗੀ।
ਉਦਯੋਗੀਕਰਨ ਨੂੰ ਹੁਲਾਰਾ ਦੇਣ ਲਈ ਨਿਵੇਸ਼ ਪੰਜਾਬ ਦੀਆਂ ਪਹਿਲਕਦਮੀਆਂ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ, ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਨੇ ਕਿਹਾ ਕਿ ਇੱਕ ਪੰਜਾਬ ਸਰਕਾਰ ਦੀਆਂ ਉਦਾਰਵਾਦੀ ਨੀਤੀਆਂ ਦੇ ਨਾਲ ਉਨ੍ਹਾਂ ਦੇ ਉਦਯੋਗ ਨੇ ਬੇਮਿਸਾਲ ਤਰੱਕੀ ਕੀਤੀ ਹੈ ਅਤੇ ਇਸ ਇਤਿਹਾਸਕ ਮੌਕੇ ‘ਤੇ ਉਨ੍ਹਾਂ ਨੇ ਆਪਣੇ ਕਾਰੋਬਾਰ ਵਿੱਚ 2000 ਕਰੋੜ ਰੁਪਏ ਦੇ ਵਿਸਥਾਰ ਦਾ ਐਲਾਨ ਕੀਤਾ ਹੈ। ਇਸ ਦੌਰਾਨ ਚੇਅਰਮੈਨ ਅਤੇ ਐਮਡੀ, ਐਚਯੂਐਲ ਸੰਜੀਵ ਮਹਿਤਾ ਨੇ 1200 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਅਤੇ ਅਮਿੱਟੀ ਯੂਨੀਵਰਸਿਟੀ ਦੇ ਚਾਂਸਲਰ ਡਾ. ਅਤੁਲ ਚੌਹਾਨ ਨੇ ਉਚੇਰੀ ਸਿੱਖਿਆ ਦੇ ਖੇਤਰ ਵਿਚ ਅਗਲੇ ਦੋ ਸਾਲਾਂ ਵਿਚ 300 ਕਰੋੜ ਰੁਪਏ ਨਿਵੇਸ਼ ਕਰਨ ਦਾ ਐਲਾਨ ਕੀਤਾ।

ਇਸ ਤੋਂ ਇਲਾਵਾ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਜੀ ਮਹਿੰਦਰਾ ਨੇ ਐਲਾਨ ਕੀਤਾ ਕਿ ਸੂਬੇ ਵਿਚ ਛੇਤੀ ਹੀ ਤੀਜੀ ਟਰੈਕਟਰ ਫੈਕਟਰੀ ਲਾਈ ਜਾਵੇਗੀ ਅਤੇ ਪਠਾਨਕੋਟ ਨੇੜੇ ਹੋਟਲ ਪ੍ਰਾਜੈਕਟ ਵਿਕਸਤ ਕੀਤਾ ਜਾਵੇਗਾ। ਹੋਰ ਉਦਯੋਗਪਤੀਆਂ ਜਿਨ੍ਹਾ ਵਿੱਚ ਵਾਈਸ ਚੇਅਰਮੈਨ ਅਤੇ ਐਮਡੀ ਜੇਕੇ ਪੇਪਰ ਲਿਮਟਿਡ ਹਰਸ਼ ਪਤੀ ਸਿੰਘਾਨੀਆ, ਸਨ ਫਾਰਮਾਸਿਊਟੀਕਲ ਇੰਡਸਟਰੀ ਲਿਮਟਿਡ ਦੇ ਸੰਸਥਾਪਕ ਅਤੇ ਐਮਡੀ ਦਿਲੀਪ ਸਾਂਘਵੀ, ਐਮਡੀ ਅਤੇ ਸੀਈਓ ਇਨਵੈਸਟ ਇੰਡੀਆ ਦੀਪਕ ਬਾਗਲਾ, ਐਮਡੀ ਯਾਨਮਾਰ ਇੰਡੀਆ ਕਾਜੁਨੋਰੀ ਅਜਿਕੀ, ਚੇਅਰਮੈਨ ਯੂਰਪ ਹਿੰਦੂਜਾ ਗਰੁੱਪ ਪ੍ਰਕਾਸ਼ ਪੀ ਹਿੰਦੂਜਾ, ਵਧੀਕ ਸਕੱਤਰ ਡੀਪੀਆਈਆਈਟੀ ਸ੍ਰੀਮਤੀ ਸੁਮਿਤਾ ਦਾਵਰਾ, ਚੇਅਰਮੈਨ ਅਤੇ ਐਮਡੀ ਆਈਟੀਸੀ ਸੰਜੀਵ ਪੁਰੀ, ਭਾਰਤ ਵਿੱਚ ਜਾਪਾਨ ਦੀ ਰਾਜਦੂਤ ਸਤੋਸ਼ੀ ਸੁਜ਼ੂਕੀ, ਚੇਅਰਮੈਨ ਅਦਿੱਤਿਆ ਬਿਰਲਾ ਗਰੁੱਪ ਕੁਮਾਰ ਮੰਗਲਮ ਬਿਰਲਾ ਅਤੇ ਕਾਰਜਕਾਰੀ ਚੇਅਰਮੈਨ ਆਰਸੇਲਰ ਮਿੱਤਲ ਲਕਸ਼ਮੀ ਐਨ ਮਿੱਤਲ ਨੇ ਰਾਜ ਭਰ ਵਿੱਚ ਵੱਖ-ਵੱਖ ਉਦਯੋਗਿਕ ਉੱਦਮਾਂ ਵਿੱਚ ਆਪਣੀਆਂ ਭਾਈਵਾਲੀਆਂ ਬਾਰੇ ਤਜਰਬੇ ਅਤੇ ਜਾਣਕਾਰੀਆਂ ਸਾਂਝੀਆਂ ਕੀਤੀਆਂ। ਸੰਮੇਲਨ ਵਿਚ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਅਤੇ ਨਿਵੇਸ਼ ਪੰਜਾਬ ਦੇ ਸੀਈਓ ਦੇ ਰਜਤ ਅਗਰਵਾਲ ਹਾਜ਼ਰ ਸਨ।

Load More Related Articles
Load More By Nabaz-e-Punjab
Load More In Awareness/Campaigns

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…