nabaz-e-punjab.com

ਸਾਬਕਾ ਮੁੱਖ ਮੰਤਰੀ ਬਾਦਲ ਨੇ ਸਾਉਣੀ ਦੀਆਂ 14 ਫਸਲਾਂ ਦੇ ਸਮਰਥਨ ਮੁੱਲ ਵਿੱਚ ਕੀਤੇ ਬੇਮਿਸਾਲ ਵਾਧੇ ਦੀ ਸ਼ਲਾਘਾ

ਕੇਂਦਰ ਸਰਕਾਰ ਦੇ ਫੈਸਲੇ ਨੂੰ ਡਾਕਟਰ ਸਵਾਮੀਨਾਥਨ ਫਾਰਮੂਲੇ ਦੇ ਅਨੁਸਾਰ ਦੱਸਿਆ

ਅਕਾਲੀ ਦਲ ਦੀਆਂ ਬੇਨਤੀਆਂ ਸਵੀਕਾਰ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਧੰਨਵਾਦ

ਜੋਧਪੁਰ ਦੇ ਬੇਗੁਨਾਹ ਨਜ਼ਰਬੰਦਾਂ ਨੂੰ ਮੁਆਵਜ਼ਾ ਦੇਣ ਲਈ ਵੀ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜੁਲਾਈ:
ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਐਨਡੀਏ ਸਰਕਾਰ ਦੇ ਕਿਸਾਨਾਂ ਨੂੰ ਮਜ਼ਦੂਰੀ ਸਮੇਤ ਸਮੁੱਚੀ ਖੇਤੀ ਲਾਗਤ ਉੱਤੇ 50 ਫੀਸਦੀ ਤੋਂ ਵੱਧ ਮੁਨਾਫਾ ਦੇਣ ਲਈ ਅਨਾਜ, ਦਾਲਾਂ, ਤੇਲ ਦੇ ਬੀਜਾਂ ਅਤੇ ਕਪਾਹ ਦੀਆਂ ਫਸਲਾਂ ਦੇ ਘੱਟੋ ਘਟ ਸਮਰਥਨ ਮੁੱਲ ਵਿਚ ਭਾਰੀ ਵਾਧਾ ਕਰਨ ਵਾਲੇ ਫੈਸਲੇ ਦੀ ਸਰਾਹਨਾ ਕੀਤੀ ਹੈ। ਉਹਨਾਂ ਨੇ ਕਿਸਾਨਾਂ ਨੂੰ ਖੇਤੀ ਲਾਗਤ ਉੱਤੇ 50 ਫੀਸਦੀ ਮੁਨਾਫਾ ਦੇਣ ਸੰਬੰਧੀ ਡਾਕਟਰ ਸਵਾਮੀਨਾਥਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਦੇ ਵਾਅਦੇ ਨੂੰ ਪੂਰਾ ਕਰਨ ਵਾਸਤੇ ਪੰਜਾਬ ਦੇ ਕਿਸਾਨਾਂ ਦੀ ਤਰਫੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿੱਜੀ ਤੌਰ ਤੇ ਵੀ ਵਧਾਈਆਂ ਦਿੱਤੀਆਂ।
ਸ੍ਰੀ ਬਾਦਲ ਨੇ ਕੇਂਦਰ ਸਰਕਾਰ ਦੇ ਉਹਨਾਂ ਬੇਗੁਨਾਹ ਜੋਧਪੁਰ ਨਜ਼ਰਬੰਦਾਂ ਨੂੰ ਰਾਹਤ ਦੇਣ ਦੇ ਫੈਸਲੇ ਦੀ ਵੀ ਸਰਾਹਨਾ ਕੀਤੀ, ਜਿਹਨਾਂ ਨੂੰ ਜੂਨ 1984 ਵਿਚ ਸਿੱਖਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਉੱਤੇ ਕੀਤੇ ਫੌਜੀ ਹਮਲੇ ਸਮੇਂ ਬਿਨਾਂ ਕਸੂਰ ਤੋਂ ਅੱਤਿਆਚਾਰ ਸਹਿਣੇ ਪਏ ਸਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵਿਭਿੰਨ ਫਸਲਾਂ ਦੇ ਸਮਰਥਨ ਮੁੱਲ ਵਿਚ ਬੇਮਿਸਾਲ ਵਾਧਾ ਕਰਨ ਦਾ ਕੀਤਾ ਦਲੇਰਾਨਾ ਉਪਰਾਲਾ ਐਨਡੀਏ ਸਰਕਾਰ ਦੀ ਕਿਸਾਨਾਂ ਦੀ ਇਸ ਸੰਕਟ ਦੀ ਘੜੀ ਵਿਚ ਮੱਦਦ ਲਈ ਵਚਨਬੱਧਤਾ ਦੀ ਹਾਮੀ ਭਰਦਾ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ ਇਹ ਵਾਧਾ ਕਿਸਾਨਾਂ ਨੂੰ ਖੇਤੀ ਲਾਗਤ ਉੱਤੇ 50 ਫੀਸਦੀ ਮੁਨਾਫਾ ਦੇਣ ਦੇ ਸਵਾਮੀਨਾਥਨ ਫਾਰਮੂਲੇ ਦੀਆਂ ਸਿਫਾਰਿਸ਼ਾਂ ਸਿਧਾਂਤਕ ਤੌਰ ਤੇ ਲਾਗੂ ਕਰਨ ਦੇ ਤੁੱਲ ਹੈ, ਉੱਥੇ ਇਹ 60ਵਿਆਂ ਅਤੇ 70ਵਿਆਂ ਵਿਚ ਦੇਸ਼ ਦੀ ਭੋਜਨ ਦੀ ਕਮੀ ਪੂਰੀ ਕਰਨ ਦੀ ਲੜਾਈ ਵਿਚ ਮੱਦਦ ਕਰਦਿਆਂ ਖੇਤੀ ਸੰਕਟ ਦਾ ਸ਼ਿਕਾਰ ਹੋਏ ਕਿਸਾਨਾਂ ਨੂੰ ਇਸ ਸੰਕਟ ਵਿਚੋਂ ਬਾਹਰ ਕੱਢਣ ਵਿਚ ਵੀ ਮੱਦਦ ਕਰੇਗਾ।
ਸ੍ਰੀ ਬਾਦਲ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਦੇਸ਼ ਇਸ ਗੱਲ ਨੂੰ ਭੁੱਲਿਆ ਨਹੀਂ ਹੈ ਕਿ ਕਿਸ ਤਰਢਾਂ ਕਿਸਾਨਾਂ ਨੇ ਭੋਜਨ ਦੀ ਕਮੀ ਅਤੇ ਭੁੱਖਮਰੀ ਨਾਲ ਜੂਝ ਰਹੇ ਮੁਲਕ ਵਿਚ ਵਾਧੂ ਅਨਾਜ ਪੈਦਾ ਕਰਕੇ ਇਸ ਨੂੰ ਆਰਥਿਕ ਤੌਰ ’ਤੇ ਆਤਮਨਿਰਭਰ ਬਣਾਇਆ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਇਸ ਦੱਸ ਕੇ ਚੰਗਾ ਕੀਤਾ ਹੈ ਕਿ ਦੇਸ਼ ਕਿਸਾਨਾਂ ਵੱਲੋਂ ਉਸ ਸਮੇਂ ਰਾਸ਼ਟਰ ਨਿਰਮਾਣ ਵਿੱਚ ਪਾਏ ਦਲੇਰਾਨਾ ਅਤੇ ਨਿਰਸੁਆਰਥ ਯੋਗਦਾਨ ਨੂੰ ਨਹੀਂ ਭੁੱਲਿਆ ਹੈ, ਜਦੋਂ ਮੁਲਕ ਨੂੰ ਇਸ ਦੀ ਸਭ ਤੋਂ ਵੱਧ ਜਰੂਰਤ ਸੀ।
ਇਸ ਮੁੱਦੇ ਉੱਤੇ ਅਕਾਲੀ ਦਲ ਦੀਆਂ ਬੇਨਤੀਆਂ ਨੂੰ ਸੁਣਨ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਧੰਨਵਾਦ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸ੍ਰੀ ਸ਼ਾਹ ਨੇ ਪਿਛਲੇ ਮਹੀਨੇ ਚੰਡੀਗੜ੍ਹ ਵਿੱਚ ਅਕਾਲੀ ਆਗੂਆਂ ਨਾਲ ਕੀਤੀ ਮੁਲਾਕਾਤ ਦੌਰਾਨ ਨਿੱਜੀ ਤੌਰ ਤੇ ਇਸ ਸੰਬੰਧ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਸੀ। ਉਨ੍ਹਾਂ ਨੇ ਕਿਹਾ ਕਿ ਉਹਨਾਂ ਨੇ ਕਿਸਾਨਾਂ ਦੀ ਦੁਰਦਸ਼ਾ ਬਾਰੇ ਭਾਜਪਾ ਪ੍ਰਧਾਨ ਨੂੰ ਵਿਸਥਾਰ ਵਿਚ ਜਾਣੂ ਕਰਵਾਇਆ ਸੀ ਕਿ ਕਿਸ ਤਰ੍ਹਾਂ ਉਹ ਖੁਦਕੁਸ਼ੀ ਦੇ ਰਾਹ ਪੈ ਚੁੱਕੇ ਹਨ। ਸਿਰਫ ਇਸ ਸਾਲ ਦੌਰਾਨ ਹੀ 500 ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਸ੍ਰੀ ਬਾਦਲ ਨੇ ਉਮੀਦ ਜਤਾਈ ਹੈ ਕਿ ਪੰਜਾਬ ਦੇ ਮੁੱਖ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਲਈ ਕੀਤੇ ਇਸ ਵੱਡੇ ਉਪਰਾਲੇ ਵਾਸਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨ ਲਈ ਜਰੂਰ ਸਮਾਂ ਕੱਢਣਗੇ।
ਇੱਥੇ ਦੱਸਣਯੋਗ ਹੈ ਕਿ ਅਕਾਲੀ ਆਗੂਆਂ ਨੇ ਕਿਸਾਨਾਂ ਨੂੰ ਦਰਪੇਸ਼ ਸੰਕਟ ਦੇ ਹੱਲ ਵਾਸਤੇ ਫਸਲਾਂ ਦੇ ਸਮਰਥਨ ਮੁੱਲ ਵਿਚ ਵਾਧਾ ਕਰਨ ਦਾ ਮੁੱਦਾ ਪਿਛਲੇ ਮਹੀਨੇ ਭਾਜਪਾ ਪ੍ਰਧਾਨ ਸ੍ਰੀ ਅਮਿਤ ਸ਼ਾਹ ਦੀ ਚੰਡੀਗੜ੍ਹ ਫੇਰੀ ਦੌਰਾਨ ਉਠਾਇਆ ਸੀ। ਉਹਨਾਂ ਕਿਹਾ ਕਿ ਇਸ ਮੁੱਦੇ ਉੱਤੇ ਡੂੰਘੀ ਚਰਚਾ ਹੋਈ ਸੀ ਅਤੇ ਸ੍ਰੀ ਅਮਿਤ ਸ਼ਾਹ ਨੂੰ ਇਹ ਵੀ ਦੱਸਿਆ ਗਿਆ ਸੀ ਕਿ ਕਿਸ ਤਰਢਾਂ ਪੰਜਾਬ ਦੇ ਕਿਸਾਨ ਕਾਂਗਰਸ ਸਰਕਾਰ ਵੱਲੋਂ 90 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਮੁਆਫੀ ਦਾ ਵਾਅਦਾ ਨਾ ਪੂਰਾ ਕਰਨ ਕਰਕੇ ਤਕਲੀਫ਼ਾਂ ਭੋਗ ਰਹੇ ਹਨ। ਇਸ ਤੋਂ ਇਲਾਵਾ ਜਦੋਂ ਗੁਰਦੁਆਰਿਆਂ, ਦੂਜੇ ਧਾਰਮਿਕ ਅਤੇ ਚੈਰੀਟੇਬਲ ਅਸਥਾਨਾਂ ਵਿਚ ਲੰਗਰ ਉੱਤੇ ਜੀਐਸਟੀ ਛੋਟ ਦਿੱਤੇ ਜਾਣ ਮਗਰੋਂ ਅਕਾਲੀ ਦਲ ਦਾ ਵਫ਼ਦ ਧੰਨਵਾਦ ਕਰਨ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਮਿਲਿਆ ਸੀ ਤਾਂ ਉਸ ਸਮੇਂ ਵੀ ਉਹਨਾਂ ਨਾਲ ਕਿਸਾਨੀ ਸੰਕਟ ਉੱਤੇ ਚਰਚਾ ਕੀਤੀ ਸੀ। ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਵੱਲੋਂ ਵੀ ਇਹ ਮੁੱਦਾ ਉੱਚ ਪੱਧਰ ਤੇ ਉਠਾਇਆ ਗਿਆ ਸੀ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …