ਮੁੱਖ ਮੰਤਰੀ ਵੱਲੋਂ ਬੱਸੀ ਪਠਾਣਾ ਵਿੱਚ ਸੰਗਤ ਦਰਸ਼ਨ: ਕੈਪਟਨ ’ਤੇ ਸਰਕਾਰੀ ਨੌਕਰੀਆਂ ਤੇ ਕਿਸਾਨਾਂ ਦਾ ਮੁਫ਼ਤ ਬਿਜਲੀ-ਪਾਣੀ ਬੰਦ ਕਰਨ ਦਾ ਦੋਸ਼

ਬਾਦਲ ਵੱਲੋਂ ਕੈਪਟਨ ਨੂੰ ਆਪਣੀ ਜਗੀਰੂ ਮਾਨਸਿਕਤਾ ਵਿੱਚ ਤਬਦੀਲੀ ਲਿਆਉਣ ਦੀ ਸਲਾਹ

ਸੰਗਤ ਦਰਸ਼ਨ ਪ੍ਰੋਗਰਾਮ ਵਿੱਚ ਸਥਾਨਕ ਆਗੂਆਂ ਦੀ ਗ਼ੈਰ ਹਾਜ਼ਰੀ ਰਹੀ ਚਰਚਾ ਦਾ ਵਿਸ਼ਾ

ਖਮਾਣੋਂ 14 ਦਸੰਬਰ (ਬੌਂਦਲੀ)
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਵਿਧਾਨ ਸਭਾ ਹਲਕਾ ਬੱਸੀ ਪਠਾਣਾ ਵਿੱਚ ਸੰਗਤ ਦਰਸ਼ਨ ਦੌਰਾਨ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਦਾ ਭਰੋਸਾ ਦਿੰਦਿਆਂ ਕਈ ਮੁਸ਼ਕਲਾਂ ਨੂੰ ਮੌਕੇ ’ਤੇ ਹੀ ਹੱਲ ਕਰਕੇ ਲੋਕਾਂ ਦਾ ਭਰੋਸਾ ਜਿੱਤਣ ਦਾ ਯਤਨ ਕੀਤਾ। ਮੁੱਖ ਮੰਤਰੀ ਨੇ ਬੱਸੀ ਪਠਾਣਾਂ ਦੇ ਵਿਧਾਨ ਸਭਾ ਹਲਕੇ ਦੇ ਦੋ ਦਿਨਾਂ ਸੰਗਤ ਦਰਸ਼ਨ ਦੌਰਾਨ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਕਾਰਜਾਂ ਲਈ ਤਕਰੀਬਨ 20 ਕਰੋੜ ਰੁਪਏ ਤੋਂ ਵੱਧ ਦੇ ਚੈਕ ਵੰਡੇ।
ਇਸ ਮੌਕੇ ਸ੍ਰੀ ਬਾਦਲ ਨੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਜਗੀਰੂ ਮਾਨਸਿਕਤਾ ਵਿੱਚ ਤਬਦੀਲੀ ਲਿਆਉਣ ਦੀ ਸਲਾਹ ਦਿੰਦਿਆਂ ਅਖੌਤੀ ਬਾਦਸ਼ਾਹ ਵਾਲਾ ਪ੍ਰਗਟਾਵਾ ਕਰਨਾ ਛੱਡ ਕੇ ਖ਼ੁਦ ਨੂੰ ਜਮਹੂਰੀ ਢਾਂਚੇ ਵਿੱਚ ਆਮ ਲੋਕਾਂ ਦਾ ਹਿੱਸਾ ਸਮਝਣ ਲਈ ਆਖਿਆ ਹੈ।
ਸੰਗਤ ਦਰਸ਼ਨ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਉਹ ਲੋਕਾਂ ਦੇ ਸੇਵਕ ਹਨ ਜਦੋਂ ਕਿ ਕੈਪਟਨ ਇਕ ਬਾਦਸ਼ਾਹ ਹੈ। ਜਿਸ ਦੀਆਂ ਜੜ੍ਹਾਂ ਆਮ ਲੋਕਾਂ ਨਾਲ ਹੇਠਲੇ ਪੱਧਰ ਉੱਤੇ ਜੁੜੀਆਂ ਹੋਈਆਂ ਨਹੀਂ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਲੋਕਾਂ ਵਿਚ ਵਿਚਰਣ ਨੂੰ ਆਪਣੀ ਹਾਨੀ ਸਮਝਦਾ ਹੈ ਜਦਕਿ ਦੂਜੇ ਪਾਸੇ ਉਹ ਲੋਕਾਂ ਦੀ ਸੰਗਤ ਵਿਚ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਜਮਹੂਰੀਅਤ ਬਾਰੇ ਉਨ੍ਹਾਂ ਦੀ ਸੋਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁੱਖੀ ਤੋਂ ਬਿਲਕੁਲ ਵੱਖਰੀ ਹੈ ਜਿਸ ਦੀ ਕਿ ਰਾਜੇ ਅਤੇ ਬਾਦਸ਼ਾਹ ਵਾਲੀ ਪਹੁੰਚ ਹੈ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਕਾਰਜਕਾਲ ਦੌਰਾਨ ਲਏ ਗਏ ਲੋਕ ਵਿਰੋਧੀ ਫੈਸਲਿਆਂ ਬਾਰੇ ਲੋਕਾਂ ਨੂੰ ਯਾਦ ਦਿਵਾਉਂਦੇ ਹੋਏ ਸ੍ਰੀ ਬਾਦਲ ਨੇ ਕਿਹਾ ਕਿ ਕੈਪਟਨ ਨੇ ਮੁੱਖ ਮੰਤਰੀ ਵਜੋਂ ਆਪਣਾ ਅਹੁਦਾ ਸੰਭਾਲਣ ਦੇ ਨਾਲ ਹੀ ਕਿਸਾਨਾਂ ਨੂੰ ਦਿੱਤੀ ਜਾਂਦੀ ਮੁਫਤ ਬਿਜਲੀ ਬੰਦ ਕਰ ਦਿੱਤੀ ਸੀ, ਨਹਿਰੀ ਪਾਣੀ ਉੱਤੇ ਅਬਿਆਨਾ ਲਾ ਦਿੱਤਾ ਸੀ ਅਤੇ ਸਰਕਾਰੀ ਨੌਕਰੀਆਂ ਉੱਤੇ ਪਾਬੰਦੀ ਲਾ ਦਿੱਤੀ ਸੀ ਜਦਕਿ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਬਾਅਦ ਨਾ ਕੇਵਲ ਆਪਣੀਆਂ ਉਪਰੋਕਤ ਪਹਿਲਕਦਮੀਆਂ ਨੂੰ ਬਹਾਲ ਕੀਤਾ ਸਗੋਂ ਆਟਾ-ਦਾਲ ਅਤੇ ਸਾਰਿਆਂ ਲਈ ਸਿਹਤ ਬੀਮਾ ਯੋਜਨਾ ਵਰਗੀਆਂ ਗਰੀਬਾਂ ਪੱਖੀ ਨਵੀਆਂ ਪਹਿਲ ਕਦਮੀਆਂ ਸ਼ੁਰੂ ਕੀਤੀਆਂ। ਸ. ਬਾਦਲ ਨੇ ਕਿਹਾ ਕਿ ਕੈਪਟਨ ਤਾਂ ਆਪਣੇ ਵਿਧਾਇਕਾਂ ਨੂੰ ਵੀ ਨਹੀਂ ਲੱਭਦਾ, ਆਮ ਲੋਕਾਂ ਨਾਲ ਮਿਲਣਾ ਤਾਂ ਦੂਰ ਦੀ ਗੱਲ ਹੈ। ਉਨ੍ਹਾਂ ਨੇ ਕੈਪਟਨ ਦੀ ਸ਼ੱਕੀ ਭੂਮਿਕਾ ਤੋਂ ਲੋਕਾਂ ਨੂੰ ਸਾਵਧਾਨ ਰਹਿਣ ਲਈ ਆਖਿਆ। ਉਨ੍ਹਾਂ ਕਿਹਾ ਕਿ ਕੈਪਟਨ ਨੇ ਪੰਜਾਬ ਦੇ ਹਿੱਤਾਂ ਨਾਲ ਧੋਖਾ ਕੀਤਾ ਹੈ। ਕਾਂਗਰਸੀ ਲੀਡਰਸ਼ਿਪ ਨੇ ਨਾ ਕੇਵਲ ਸੂਬੇ ਦੀ ਰਾਜਧਾਨੀ, ਪੰਜਾਬੀ ਬੋਲਦੇ ਇਲਾਕਿਆਂ ਅਤੇ ਦਰਿਆਈ ਪਾਣੀਆਂ ਦੇ ਮਾਮਲੇ ’ਤੇ ਧ੍ਰੋਹ ਕਮਾਇਆ ਹੈ ਸਗੋਂ ਸਿਆਸੀ, ਆਰਥਿਕ ਅਤੇ ਧਾਰਮਿਕ ਮੋਰਚਿਆਂ ’ਤੇ ਵੀ ਸੂਬੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨੋਟਬੰਦੀ ਦੇ ਸਬੰਧ ਵਿੱਚ ਸ੍ਰੀ ਬਾਦਲ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲੰਮੇ ਸਮੇਂ ਦੌਰਾਨ ਇਹ ਸਮਾਜ ਲਈ ਲਾਭਦਾਇਕ ਸਿੱਧ ਹੋਵੇਗੀ ਭਾਵੇਂ ਕਿ ਇਸ ਨੇ ਸ਼ੁਰੂ ਵਿੱਚ ਕੁਝ ਸਮੱਸਿਆਵਾਂ ਪੈਦਾ ਹੋਈਆਂ ਹਨ ਜੋ ਕਿ ਸਮੇਂ ਦੇ ਨਾਲ ਦੂਰ ਹੋ ਜਾਣਗੀਆਂ। ਸਵਿਸ ਬੈਂਕ ਵਿੱਚ ਗ਼ੈਰ-ਕਾਨੂੰਨੀ ਧੰਨ ਰੱਖਣ ਦੇ ਮਾਮਲੇ ਵਿੱਚ ਕੈਪਟਨ ਅਮਰਿੰਦਰ ਦੇ ਪਰਿਵਾਰ ਨੂੰ ਇੰਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਿੱਤੇ ਨੋਟਿਸ ਸਬੰਧੀ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਉੱਤੇ ਤਾਂ ਕੈਪਟਨ ਹੀ ਵਧੀਆ ਜਵਾਬ ਦੇ ਸਕਦੇ ਹਨ।
ਸੰਗਤ ਦਰਸ਼ਨ ਦੌਰਾਨ ਸਥਾਨਕ ਭਾਜਪਾ ਆਗੂਆਂ ਨੂੰ ਨਾ ਬੁਲਾਏ ਜਾਣ ਸਬੰਧੀ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਸੰਗਤ ਦਰਸ਼ਨ ਪ੍ਰੋਗਰਾਮ ਲੋਕਾਂ ਅਤੇ ਸਥਾਨਕ ਪ੍ਰਸ਼ਾਸਨ ਵਿਚ ਵਿਚਾਰ-ਵਟਾਂਦਰੇ ਰਾਹੀਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਇਕ ਮੰਚ ਹੈ ਜਿਸ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਮੌਕੇ ’ਤੇ ਹੀ ਹੱਲ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਕਿਸੇ ਨੂੰ ਵੀ ਰਸਮੀ ਸੱਦਾ ਪੱਤਰ ਨਹੀਂ ਭੇਜਿਆ ਜਾਂਦਾ ਅਤੇ ਸਾਰਿਆਂ ਦਾ ਹੀ ਸੰਗਤ ਦਰਸ਼ਨ ਵਿਚ ਪਹੁੰਚਣ ’ਤੇ ਸਵਾਗਤ ਕੀਤਾ ਜਾਂਦਾ ਹੈ। ਮੁੱਖ ਮੰਤਰੀ ਨੇ ਲੋਕਾਂ ਨੂੰ ਸੰਗਤ ਦਰਸ਼ਨ ਪ੍ਰੋਗਰਾਮਾਂ ਵਿਚ ਹਾਜ਼ਰ ਹੋਣ ਲਈ ਅਪੀਲ ਕੀਤੀ ਕਿਉਂਕਿ ਇਹ ਕਿਸੇ ਵੀ ਸਿਆਸੀ ਮਕਸਦ ਲਈ ਆਯੋਜਿਤ ਨਹੀਂ ਕਰਵਾਏ ਜਾਂਦੇ। ਉਨ੍ਹਾਂ ਕਿਹਾ ਕਿ ਸੰਗਤ ਦਰਸ਼ਨਾਂ ਦਾ ਇਕੋ ਇਕ ਉਦੇਸ਼ ਸੂਬੇ ਦੇ ਸਮੁੱਚੇ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣਾ ਹੈ।
ਅਕਾਲੀ ਆਗੂਆਂ ਵੱਲੋਂ ਕਾਂਗਰਸ ਵਿਚ ਸ਼ਾਮਲ ਹੋਣ ਦੇ ਸਬੰਧ ਵਿਚ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਸਵਾਲ ਦਾ ਜਵਾਬ ਕਿਸ ਤਰ੍ਹਾਂ ਦੇ ਸਕਦੇ ਹਨ। ਇਹ ਸਵਾਲ ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਨੂੰ ਹੀ ਪੁੱਛਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਅਜਿਹੇ ਆਗੂਆਂ ਨੂੰ ਮੌਕਾਪ੍ਰਸਤ ਦੱਸਦੇ ਹੋਏ ਕਿਹਾ ਕਿ ਪਾਰਟੀ ਪ੍ਰਤੀ ਵਫਾਦਾਰੀ ਅਤੇ ਵਚਨਬੱਧਤਾ ਲੰਮੇ ਸਮੇਂ ਦੌਰਾਨ ਹੀ ਕੰਮ ਆਉਂਦੀ ਹੈ। ਉਨ੍ਹਾਂ ਕਿਹਾ ਕਿ ਟਿਕਟਾਂ ਨਾ ਮਿਲਣ ਕਾਰਨ ਬਹੁਤ ਸਾਰੇ ਲੋਕ ਪਾਸਾ ਬਦਲ ਲੈਂਦੇ ਹਨ ਜਦਕਿ ਇਹ ਅਸਲੀਅਤ ਹੈ ਕਿ ਜਦੋਂ ਇਕ ਵਿਅਕਤੀ ਨੂੰ ਟਿਕਟ ਦੇ ਦਿੱਤੀ ਜਾਂਦੀ ਹੈ ਤਾਂ ਉਹ ਪਾਰਟੀ ਹਾਈਮਾਂਡ ਦੀ ਰੱਬ ਵਾਂਗ ਪੂਜਾ ਕਰਨ ਲਗ ਪੈਂਦਾ ਹੈ ਪਰ ਜਦੋਂ ਉਸ ਨੂੰ ਟਿਕਟ ਤੋਂ ਨਾ ਕਰ ਦਿੱਤੀ ਜਾਂਦੀ ਹੈ ਤਾਂ ਉਹ ਪਾਰਟੀ ਮੁਖੀ ਨੂੰ ਹੀ ਧੋਖੇਬਾਜ਼ ਦੱਸਣ ਲੱਗ ਪੈਂਦਾ ਹੈ।
ਇਸ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਬੱਸੀ ਪਠਾਣਾਂ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਉਮੀਦਵਾਰ ਸ੍ਰੀ ਦਰਬਾਰਾ ਸਿੰਘ ਗੁਰੂ ਨੇ ਮੁੱਖ ਮੰਤਰੀ ਨੂੰ ਜੀ ਆਇਆਂ ਆਖਿਆ ਅਤੇ ਭਰੋਸਾ ਦਿਵਾਇਆ ਕਿ ਉਹ ਵਿਧਾਨ ਸਭਾ ਹਲਕੇ ਦੇ ਲੋਕਾਂ ਦੀਆਂ ਖਾਹਿਸ਼ਾਂ ਨੂੰ ਪੂਰਾ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡਣਗੇ ਅਤੇ ਸਮਾਜ ਦੇ ਸਾਰੇ ਵਰਗਾਂ ਦੇ ਵਿਕਾਸ ਨੂੰ ਯਕੀਨੀ ਬਣਾਉਣਗੇ।
ਇਸ ਮੌਕੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਡਾ. ਐਸ. ਕਰੁਣਾਰਾਜੂ, ਫਤਹਿਗੜ੍ਹ ਸਾਹਿਬ ਦੇ ਹਲਕਾ ਇੰਚਾਰਜ ਦੀਦਾਰ ਸਿੰਘ ਭੱਟੀ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਲਿਬੜਾ, ਡੀ.ਆਈ.ਜੀ. ਰੋਪੜ ਰੇਂਜ ਹਰਸ਼ਰਨ ਸਿੰਘ ਸੰਧੂ, ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਐਸਐਸਪੀ ਹਰਚਰਨ ਸਿੰਘ ਭੁੱਲਰ, ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸਵਰਨ ਸਿੰਘ ਚਨਾਰਥਲ, ਡੀਐਸਪੀ ਗੁਰਪ੍ਰੀਤ ਸਿੰਘ, ਐਸਐਚਓ ਅਮਰਦੀਪ ਸਿੰਘ, ਜਥੇਦਾਰ ਸਰਵਣ ਸਿੰਘ ਸੁਹਾਵੀ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਲਜੀਤ ਸਿੰਘ ਭੁੱਟਾ, ਯੂਥ ਅਕਾਲੀ ਆਗੂ ਗੁਰਮੀਤ ਸਿੰਘ ਸੋਨੂੰ, ਜ਼ਿਲ੍ਹਾ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਮਨਜੀਤ ਕੌਰ ਕਾਲੇਮਾਜਰਾ, ਐਸਜੀਪੀਸੀ ਮੈਂਬਰ ਅਵਤਾਰ ਸਿੰਘ, ਅਕਾਲੀ ਦਲ ਬੀ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਮਠਾੜੂ, ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ, ਅਮਰਿੰਦਰ ਸਿੰਘ ਲਿਬੜਾ, ਬਲਾਕ ਸੰਮਤੀ ਬਸੀ ਪਠਾਣਾਂ ਦੇ ਚੇਅਰਮੈਨ ਭੁਪਿੰਦਰ ਸਿੰਘ ਹਾਂਸ, ਮਾਰਕੀਟ ਕਮੇਟੀ ਬਸੀ ਪਠਾਣਾਂ ਦੇ ਚੇਅਰਮੈਨ ਵਰਿੰਦਰ ਸਿੰਘ ਸੋਢੀ, ਜਸਮੇਰ ਸਿੰਘ ਬਡਲਾ, ਯੂਥ ਅਕਾਲੀ ਦਲ ਮਾਲਵਾ ਜੋਨ-2 ਦੇ ਸੀਨੀਅਰ ਮੀਤ ਪ੍ਰਧਾਨ ਰੂਪੀ ਵਿਰਕ, ਮਨਮੋਹਨ ਸਿੰਘ ਮਕਾਰੋਂਪੁਰ, ਹਰਿੰਦਰ ਸਿੰਘ ਕੁੱਕੀ, ਲਖਬੀਰ ਸਿੰਘ, ਰਣਧੀਰ ਸਿੰਘ ਪੋਲੋ ਮਾਜਰਾ, ਗੁਰਦੀਪ ਸਿੰਘ ਘੁਮਾਣ, ਰਤਨ ਸਿੰਘ ਰਾਮਗੜ੍ਹ ਸਮੇਤ ਪਿੰਡਾਂ ਦੇ ਸਰਪੰਚ, ਪੰਚ ਤੇ ਹੋਰ ਮੋਹਤਬਰ ਵਿਅਕਤੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…