
ਮੁੱਖ ਮੰਤਰੀ ਬਾਦਲ 15 ਦਸੰਬਰ ਨੂੰ ਕਰਨਗੇ ਮੁਹਾਲੀ ਵਿੱਚ 21 ਕਰੋੜੀ ਕਿਸਾਨ ਵਿਕਾਸ ਚੈਂਬਰ ਦੇ ਦਫ਼ਤਰ ਦਾ ਉਦਘਾਟਨ
ਕਿਸਾਨ ਵਿਕਾਸ ਚੈਂਬਰ ਦਾ ਦਫ਼ਤਰ ਪੰਜਾਬ ਦੇ ਕਿਸਾਨਾਂ ਲਈ ਹੋਵੇਗਾ ਇੱਕ ਵਰਦਾਨ ਸਾਬਤ: ਸਿੱਧੂ
ਅਮਨਦੀਪ ਸਿੰਘ ਸੋਢੀ
ਮੁਹਾਲੀ, 13 ਦਸੰਬਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਐਰੋਸਿਟੀ ਬਲਾਕ-ਸੀ (ਏਅਰਪੋਰਟ ਮਾਰਗ) ਵਿੱਚ 21 ਕਰੋੜ ਰੁਪਏ ਦੀ ਲਾਗਤ ਨਾਲ 2 ਏਕੜ ਵਿੱਚ ਕਿਸਾਨ ਵਿਕਾਸ ਚੈਂਬਰ ਪੰਜਾਬ ਦੇ ਦਫ਼ਤਰ ਦੀ ਨਵੀਂ ਇਮਾਰਤ ਦੀ ਉਸਾਰੀ ਕੀਤੀ ਗਈ ਹੈ। ਇਸ ਕਾਰਜ ਲਈ ਪੰਜਾਬ ਸਰਕਾਰ ਵੱਲੋਂ ਮੁਫ਼ਤ ਜ਼ਮੀਨ ਮੁਹੱਈਆ ਕਰਵਾਈ ਗਈ ਸੀ ਅਤੇ ਇਮਾਰਤ ਦੀ ਉਸਾਰੀ ਲਈ ਵੀ 20 ਕਰੋੜ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ ਸੀ। ਇਸ ਇਮਾਰਤ ਦਾ ਉੁਦਘਾਟਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ 15 ਦਸਬੰਰ ਨੂੰ ਕੀਤਾ ਜਾਵੇਗਾ।
ਇਹ ਜਾਣਕਾਰੀ ਪੰਜਾਬ ਮੰਡੀ ਬੋਰਡ ਦੇ ਸਕੱਤਰ ਤੇਜਿੰਦਰਪਾਲ ਸਿੰਘ ਸਿੱਧੂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਕਿਸਾਨ ਵਿਕਾਸ ਚੈਂਬਰ ਦੇ ਦਫ਼ਤਰ ਦੀ ਇਮਾਰਤ ਦਾ ਨੀਂਹ ਪੱਥਰ ਬੀਤੀ 30 ਅਪਰੈਲ ਨੂੰ ਖ਼ੁਦ ਮੁੱਖ ਮੰਤਰੀ ਨੇ ਰੱਖਿਆ ਸੀ। ਇਹ ਸੰਸਥਾ ਭਾਰਤ ਦੀ ਪਹਿਲੀ ਸੰਸਥਾ ਹੈ ਜੋ ਕੇਵਲ ਤੇ ਕੇਵਲ ਕਿਸਾਨਾਂ ਦੀ ਬਿਹਤਰੀ ਲਈ ਹੋਂਦ ਵਿੱਚ ਆਈ ਹੈ ਅਤੇ ਗ਼ੈਰ ਰਾਜਨੀਤਕ ਸੰਸਥਾ ਹੈ। ਇਸ ਦਫ਼ਤਰ ਦੀ ਇਮਾਰਤ ਵਿੱਚ ਕਿਸਾਨਾਂ ਲਈ ਸੈਮੀਨਾਰ ਆਯੋਜਿਤ ਕਰਨ ਲਈ 400 ਕਿਸਾਨਾਂ ਦੇ ਬੈਠਣ ਦੀ ਸਮਰੱਥਾ ਵਾਲਾ ਆਡੀਟੋਰੀਅਮ, ਕਮੇਟੀ ਰੂਮ, ਲਾਇਬ੍ਰੇਰੀ, ਕੈਨਟੀਨ ਅਤੇ ਕਿਸਾਨਾਂ ਲਈ ਕਮਰਿਆਂ ਦੀ ਵਿਵਸਥਾ ਕੀਤੀ ਗਈ ਹੈ। ਇਹ ਇਮਾਰਤ ਅਧੁਨਿਕ ਕਿਸਮ ਦੀ ਹੈ। ਜਿਸ ਵਿੱਚ ਸਾਰੀਆਂ ਆਧੁਨਿਕ ਸਹੂਲਤਾ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਇਮਾਰਤ ਵਿਚ ਬੇਸਮੈਂਟ ਤੋਂ ਇਲਾਵਾ ਪੰਜ ਮਜਿੰਲਾਂ ਹਨ ਅਤੇ ਪਾਰਕਿੰਗ ਦੀ ਵਿਵਸਥਾ ਬੇਸਮੈਂਟ ਵਿਚ ਕੀਤੀ ਗਈ।
ਸ੍ਰੀ ਸਿੱਧੂ ਨੇ ਹੋਰ ਦੱਸਿਆ ਕਿ ਇਹ ਦਫ਼ਤਰ ਪੰਜਾਬ ਦੇ ਕਿਸਾਨਾਂ ਲਈ ਇੱਕ ਵਰਦਾਨ ਸਾਬਤ ਹੋਵੇਗਾ ਕਿਉਂਕਿ ਇਥੇ ਕਿਸਾਨ ਵਿਕਾਸ ਚੈਂਬਰ ਪੰਜਾਬ ਵੱਲੋਂ ਖੇਤੀਬਾੜੀ ਨੂੰ ਲਾਹੇਵੰਦ ਬਣਾਉਣ ਅਤੇ ਸਹਾਇਕ ਧੰਦੇ ਜਿਸ ਵਿੱਚ ਮੁਰਗੀ ਪਾਲਣ, ਸੂਰ, ਪਸ਼ੂ ਪਾਲਣ, ਸ਼ਹਿਦ ਦੀ ਮੱਖੀਆਂ ਪਾਲਣ, ਫਲੋਰੀਕਲਚਰ, ਬਾਗਬਾਨੀ, ਫੱਲਾਂ, ਸਬਜੀਆਂ, ਮੱਛੀ ਪਾਲਣ ਅਤੇ ਦਿਹਾਤੀ ਸੈਰ ਸਪਾਟੇ ਨੂੰ ਉਤਸਾਹਿਤ ਕਰਨ ਲਈ ਮਹਿਰਾਂ ਨਾਲ ਕਿਸਾਨਾਂ ਦੀ ਵਿਚਾਰ ਗੋਸਟੀ ਅਤੇ ਖੇਤੀਬਾੜੀ ਨੂੰ ਹੋਰ ਹੁਲਾਰਾਂ ਦੇਣ ਲਈ ਹੋਰ ਗਤੀਵਿਧੀਆਂ ਵੀ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਕਿਸਾਨਾਂ ਨੂੰ ਖੇਤੀਬਾੜੀ ਵਿੱਚ ਨਵੀਆਂ ਤਕਨੀਕਾਂ ਅਪਣਾਉਣ ਸਬੰਧੀ ਵੀ ਜਾਣਕਾਰੀ ਮੁਹੱਈਆ ਕਰਵਾਈ ਜਾਇਆ ਕਰੇਗੀ।