ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਲੰਡਨ ਤੋਂ ‘ਆਪਣੀਆਂ ਜੜ੍ਹਾਂ ਨਾਲ ਜੁੜੋ’ ਆਲਮੀ ਪ੍ਰੋਗਰਾਮ ਦਾ ਆਗਾਜ਼

ਇਹ ਉਪਰਾਲਾ ਨੌਜਵਾਨਾਂ ਨੂੰ ਖਾਲਿਸਤਾਨ ਦੇ ਝੂਠੇ ਪ੍ਰਚਾਰ ਤੋਂ ਦੂਰ ਰੱਖਣ ਵਿੱਚ ਸਹਾਈ ਹੋਵੇਗਾ

ਨਬਜ਼-ਏ-ਪੰਜਾਬ ਬਿਊਰੋ, ਲੰਡਨ, 14 ਸਤੰਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਡਨ ਤੋਂ ਆਪਣੀ ਸਰਕਾਰ ਦੇ ਨਿਵੇਕਲੇ ਉੱਦਮ ਦਾ ਆਰੰਭ ਕਰਦਿਆਂ ‘ਆਪਣੀਆਂ ਜੜ੍ਹਾਂ ਨਾਲ ਜੁੜੋ’ ਆਲਮੀ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਆਖਿਆ ਕਿ ਇਹ ਪ੍ਰੋਗਰਾਮ ਦੂਜੇ ਮੁਲਕਾਂ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਨੌਜਵਾਨਾਂ ਨੂੰ ਪੰਜਾਬ ਦੀਆਂ ਜ਼ਮੀਨੀ ਹਕੀਕਤਾਂ ਬਾਰੇ ਜਾਣੂੰ ਕਰਵਾੳਣ ਦੇ ਨਾਲ-ਨਾਲ ਉਨ੍ਹਾਂ ਨੂੰ ਖਾਲਿਸਤਾਨੀਆਂ ਦੇ ਝੂਠੇ ਪ੍ਰਚਾਰ ਤੋਂ ਦੂਰ ਰੱਖਣ ਵਿੱਚ ਸਹਾਈ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਭਾਰਤ ਤੋਂ ਬਾਹਰੀ ਮੁਲਕਾਂ ਵਿੱਚ ਜੰਮੀ-ਪਲੀ ਤੀਜੀ ਤੇ ਚੌਥੀ ਪੀੜ੍ਹੀ ਦੇ ਨੌਜਵਾਨਾਂ ਨੂੰ ਝੂਠੇ ਪ੍ਰਚਾਰ ਰਾਹੀਂ ਗੁੰਮਰਾਹ ਕੀਤਾ ਜਾ ਰਿਹਾ ਹੈ ਜੋ ਖਾਲਿਸਤਾਨੀ ਲਹਿਰ ਦੀ ਪ੍ਰੋੜਤਾ ਕਰਦਾ ਹੈ। ਉਨ੍ਹਾਂ ਆਖਿਆ ਕਿ ਇਸ ਉਪਰਾਲੇ ਦਾ ਉਦੇਸ਼ ਇਨ੍ਹਾਂ ਨੌਜਵਾਨਾਂ ਨੂੰ ਪੰਜਾਬ ਦੀ ਸੱਚੀ ਤਸਵੀਰ ਦਿਖਾਉਣਾ ਹੈ। ਮੁੱਖ ਮੰਤਰੀ ਨੇ ਇਨ੍ਹਾਂ ਨੌਜਵਾਨਾਂ ਨੂੰ ਖੱੁਲ੍ਹੇ ਮਾਹੌਲ ਵਿੱਚ ਪੰਜਾਬ ਦੀਆਂ ਜ਼ਮੀਨੀ ਹਕੀਕਤਾਂ ਨੂੰ ਸਮਝਣ ਅਤੇ ਆਪਣੀ ਪਹਿਚਾਣ ਨੂੰ ਮੁੜ ਲੱਭਣ ਲਈ ਸ਼ੁਰੂ ਕੀਤੀ ਮੁਹਿੰਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਮੁੱਖ ਮੰਤਰੀ ਨੇ 16 ਤੋਂ 22 ਸਾਲ ਦੀ ਉਮਰ ਦੇ ਮੁੰਡੇ ਤੇ ਕੁੜੀਆਂ ਖਾਸਕਰ ਕਦੀ ਵੀ ਭਾਰਤ ਨਾ ਆਉਣ ਵਾਲੇ ਨੌਜਵਾਨਾਂ ਨੂੰ ਸਰਕਾਰ ਵੱਲੋਂ ਸ਼ੁਰੂ ਕੀਤੇ ਦੋ ਹਫਤਿਆਂ ਦੇ ਪ੍ਰੋਗਰਾਮ ਵਿੱਚ ਵਧ-ਚੜ੍ਹ ਕੇ ਸ਼ਾਮਲ ਹੋਣ ਦਾ ਵੀ ਸੱਦਾ ਦਿੱਤਾ ਜੋ ਉਨ੍ਹਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜਣ ਦਾ ਮੌਕਾ ਮੁਹੱਈਆ ਕਰਵਾਏਗਾ। ਮੁੱਖ ਮੰਤਰੀ ਨੇ ਆਖਿਆ ਕਿ ਇਹ ਪ੍ਰੋਗਰਾਮ ਉਨ੍ਹਾਂ ਦੀ ਪਾਰਟੀ ਤੇ ਸਰਕਾਰ ਦੀ ਸੋਚ ਤੋਂ ਪ੍ਰੇਰਿਤ ਹੋਣ ਦੇ ਨਾਲ-ਨਾਲ ਭਾਰਤ ਸਰਕਾਰ ਦੀ ਇੱਛਾ ਮੁਤਾਬਕ ਹੈ ਕਿ ਅਜਿਹੇ ਨੌਜਵਾਨਾਂ ਨੂੰ ਪੰਜਾਬ ਆ ਕੇ ਸੂਬੇ ਦੀ ਸਫਲਤਾ ਅਤੇ ਨਾਕਾਮੀ ਦਾ ਪਤਾ ਲਾਉਣ ਲਈ ਵਿਦਿਆਰਥੀਆਂ ਸਮੇਤ ਹੋਰ ਵੱਖ-ਵੱਖ ਲੋਕਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਇਹ ਪ੍ਰੋਗਰਾਮ ਉਨ੍ਹਾਂ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਦੇ ਨਾਲ-ਨਾਲ ਆਪਣੇ ਪੁਰਖਿਆਂ ਦੀਆਂ ਜੜ੍ਹਾਂ ਨਾਲ ਜੁੜਣ ਦਾ ਮੰਚ ਮੁਹੱਈਆ ਕਰਵਾਏਗਾ।
ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਇਸ ਪ੍ਰੋਗਰਾਮ ਨੂੰ ਸਿਆਸਤ ਲਈ ਵਰਤਣ ਦਾ ਸਰਕਾਰ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਭਾਰਤ ਵਿੱਚ ਆ ਕੇ ਕਿਸੇ ਵੀ ਸਿਆਸੀ ਪਾਰਟੀ ਨਾਲ ਖੁੱਲ੍ਹੀ ਗੱਲਬਾਤ ਕਰਨ ਅਤੇ ਖੁਦ ਹੀ ਇਸ ਮੁਲਕ ਬਾਰੇ ਆਪਣੀ ਰਾਏ ਬਣਾਉਣ ਲਈ ਆਖਿਆ ਅਤੇ ਇੱਥੋਂ ਵਾਪਸ ਜਾ ਕੇ ਵਿਦੇਸ਼ਾਂ ਵਿੱਚ ਵਸਦੇ ਬਾਕੀ ਨੌਜਵਾਨਾਂ ਨੂੰ ਹਕੀਕਤ ਬਾਰੇ ਜਾਣੂੰ ਕਰਵਾਇਆ ਜਾਵੇ। ਉਨ੍ਹਾਂ ਆਖਿਆ ਕਿ ਇਸ ਭਾਈਵਾਲੀ ਦਾ ਦੁਵੱਲਾ ਲਾਭ ਹੋਵੇਗਾ। ਉਨ੍ਹਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਆਖਿਆ ‘ਤੁਸੀਂ ਭਾਰਤ ਦੀ ਖੁਸ਼ਹਾਲੀ ਲਈ ਸਾਡੀ ਮਦਦ ਕਰ ਸਕਦੇ ਹੋ ਅਤੇ ਇਸ ਦੇ ਇਵਜ਼ ਵਿੱਚ ਅਸੀਂ ਤੁਹਾਡੇ ਵੱਲੋਂ ਅਪਣਾਏ ਮੁਲਕਾਂ ਦੀ ਖੁਸ਼ਹਾਲੀ ਲਈ ਮਦਦ ਕਰ ਸਕਦੇ ਹਾਂ।’
ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਉਨ੍ਹਾਂ ਦੀ ਇਹ ਨਿੱਜੀ ਖਾਹਿਸ਼ ਹੈ ਕਿ ਇਹ ਨੌਜਵਾਨ ਪੰਜਾਬ ਆਉਣ ਅਤੇ ਸਰਕਾਰ ਕੋਲ ਸੂਬੇ ਬਾਰੇ ਆਪਣੀਆਂ ਭਾਵਨਾਵਾਂ ਨੂੰ ਉਜਾਗਰ ਕਰਨ ਤੋਂ ਇਲਾਵਾ ਇਸ ਗੱਲ ਲਈ ਵੀ ਰਾਏ ਦੇਣ ਕਿ ਸਥਿਤੀ ਹੋਰ ਬਿਹਤਰ ਬਣਾਉਣ ਲਈ ਕੀ ਕੁਝ ਕੀਤਾ ਜਾ ਸਕਦਾ ਹੈ। ਉਨ੍ਹਾਂ ਅਫਸੋਸ ਜ਼ਾਹਰ ਕਰਦਿਆਂ ਆਖਿਆ ਕਿ ਉਨ੍ਹਾਂ ਦੇ ਮਨਾਂ ਵਿੱਚ ਪੰਜਾਬ ਬਾਰੇ ਗਲਤ ਧਾਰਨਾਵਾਂ ਪੈਦਾ ਕੀਤੀਆਂ ਗਈਆਂ ਹਨ। ਮੁੱਖ ਮੰਤਰੀ ਨੇ ਆਖਿਆ ਕਿ ਉਹ ਤੇ ਉਨ੍ਹਾਂ ਦੇ ਸਾਥੀ ਖੁਦ ਪੰਜਾਬ ਵਿੱਚ ਇਨ੍ਹਾਂ ਨੌਜਵਾਨਾਂ ਦਾ ਸਵਾਗਤ ਕਰਨਗੇ ਅਤੇ ਇਨ੍ਹਾਂ ਨੌਜਵਾਨਾਂ ਦੇ ਘੁੰਮਣ-ਫਿਰਣ ’ਤੇ ਕੋਈ ਬੰਦਿਸ਼ ਨਹੀਂ ਹੋਵੇਗੀ ਸਗੋਂ ਉਹ ਜਿੱਥੇ ਵੀ ਜਾਣਾ ਚਾਹੁਣ, ਜਾ ਸਕਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਉਹ ਚਾਹੁੰਦੇ ਹਨ ਕਿ ਨੌਜਵਾਨ ਪੰਜਾਬ ਦੀ ਸੱਚੀ ਆਵਾਜ਼ ਬਣ ਕੇ ਉਭਰਨ। ਉਨ੍ਹਾਂ ਆਖਿਆ ਕਿ ਜਿਸ ਵੇਲੇ ਉਨ੍ਹਾਂ ਦੀ ਸਰਕਾਰ ਸੂਬੇ ਦੇ ਵਿਕਾਸ ਲਈ ਖਾਸ ਕਰਕੇ 90 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਪੂਰੀ ਵਾਹ ਲਾ ਰਹੀ ਹੈ ਤਾਂ ਇਸ ਵੇਲੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਖੁਦ ਆ ਕੇ ਪੰਜਾਬ ਨੂੰ ਮੁੜ ਤਰੱਕੀ ਦੀ ਲੀਹ ’ਤੇ ਪਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ’ਤੇ ਨਜ਼ਰਸਾਨੀ ਕਰਨੀ ਚਾਹੀਦੀ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਇਹ ਪ੍ਰੋਗਰਾਮ ਨੌਜਵਾਨਾਂ ਨੂੰ ਆਪਣੇ ਜੱਦੀ ਸਥਾਨ ’ਤੇ ਆਉਣ ਦਾ ਮੌਕਾ ਪ੍ਰਦਾਨ ਕਰੇਗਾ ਜਿੱਥੇ ਉਨ੍ਹਾਂ ਦੇ ਮਾਪੇ ਜਾਂ ਦਾਦੇ-ਪੜਦਾਦੇ ਪੈਦਾ ਹੋਏ ਅਤੇ ਆਪਣੇ ਜੀਵਨ ਦੇ ਮੁਢਲੇ ਦਿਨ ਇਨ੍ਹਾਂ ਥਾਵਾਂ ’ਤੇ ਗੁਜ਼ਾਰੇ ਸਨ। ਇਹ ਪ੍ਰੋਗਰਾਮ ਉਨ੍ਹਾਂ ਨੂੰ ਆਪਣੇ ਪੁਰਖਿਆਂ ਦੀ ਬੋਲੀ ਵਿੱਚ ਗੱਲਾਂ ਕਰਨ ਦਾ ਮੌਕਾ ਮੁਹੱਈਆ ਕਰਵਾਏਗਾ। ਇਸ ਪ੍ਰੋਗਰਾਮ ਅਧੀਨ ਹਰੇਕ ਦੋ ਮਹੀਨਿਆਂ ਵਿੱਚ 15 ਨੌਜਵਾਨਾਂ ਦਾ ਗਰੁੱਪ ਪੰਜਾਬ ਆਵੇਗਾ ਜਿਸ ਵਿੱਚ ਵੱਖ-ਵੱਖ ਮੁਲਕਾਂ ਦੇ ਨੌਜਵਾਨ ਸ਼ਾਮਲ ਹੋਣਗੇ। ਇਸ ਪ੍ਰੋਗਰਾਮ ਲਈ ਇਸ ਸਾਲ ਸੂਬਾ ਸਰਕਾਰ ਨੇ ਬਜਟ ਦਾ ਉਪਬੰਧ ਪਹਿਲਾਂ ਹੀ ਕੀਤਾ ਹੋਇਆ ਹੈ। ਸਰਕਾਰ ਵੱਲੋਂ ਬਾਕੀ ਮੁਲਕਾਂ ਤੋਂ ਪਹਿਲਾਂ ਨੌਜਵਾਨਾਂ ਦੇ ਪਹਿਲੇ ਤਿੰਨ ਗਰੁੱਪ ਬਰਤਾਨੀਆ ਤੋਂ ਲਿਆਉਣ ਬਾਰੇ ਵਿਚਾਰਿਆ ਜਾ ਸਕਦਾ ਹੈ।
ਪਹਿਲੇ ਪੜਾਅ ਵਿੱਚ ਇਸ ਪ੍ਰੋਗਰਾਮ ਦੇ ਹਿੱਸੇ ਵਜੋਂ ਬਰਤਾਨੀਆ ਤੋਂ ਇਲਾਵਾ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਯੂਰਪੀਅਨ ਯੂਨੀਅਨ ਦੇ ਨੌਜਵਾਨ ਲਿਆਉਣ ਦਾ ਪ੍ਰਸਤਾਵ ਹੈ। ਜਿਸ ਲਈ ਅਰਜ਼ੀਕਰਤਾ ਨੂੰ ਭਾਰਤ ਆਉਣ-ਜਾਣ ਦਾ ਖਰਚਾ ਸਹਿਣ ਕਰਨਾ ਹੋਵੇਗਾ ਜਦਕਿ ਪੰਜਾਬ ਵਿੱਚ ਰਹਿਣ-ਸਹਿਣ, ਸਥਾਨਕ ਆਉਣ-ਜਾਣ ਲਈ ਅਤੇ ਵੱਖ-ਵੱਖ ਥਾਵਾਂ ਦੇਖਣ ਦਾ ਖਰਚਾ ਪੰਜਾਬ ਸਰਕਾਰ ਵੱਲੋਂ ਸਹਿਣ ਕੀਤਾ ਜਾਵੇਗਾ। ਪ੍ਰਚਾਰ ਸਮਗਰੀ ਸਬੰਧਤ ਮੁਲਕਾ ਦੇ ਦੂਤਘਰਾਂ/ਹਾਈ ਕਮਿਸ਼ਨਾਂ ਨੂੰ ਪਹੁੰਚਾਈ ਜਾਵੇਗੀ। ਇਸ ਸਕੀਮ ਨੂੰ ਅੱਗੇ ਲਿਜਾਣ ਦਾ ਜ਼ਿੰਮਾ ਐਨ.ਆਰ.ਆਈ. ਮਾਮਲਿਆਂ ਦੇ ਸਕੱਤਰ ਨੂੰ ਸੌਂਪਿਆ ਗਿਆ ਹੈ। ਇਸ ਸਕੀਮ ਅਧੀਨ ਇਕ ਪਿੰਡ ਵਿੱਚ ਤਿੰਨ ਦਿਨਾਂ ਲਈ ਘਰ ਵਿੱਚ ਠਹਿਰ ਹੋਣ ਤੋਂ ਇਲਾਵਾ ਇਨ੍ਹਾਂ ਨੌਜਵਾਨਾਂ ਨੂੰ ਪੁਰਾਣੀਆਂ ਯਾਦਗਾਰਾਂ ਦਿਖਾਉਣ ਦੇ ਨਾਲ-ਨਾਲ ਪਟਿਆਲਾ, ਅੰਮ੍ਰਿਤਸਰ, ਲੁਧਿਆਣਾ ਅਤੇ ਉਨ੍ਹਾਂ ਦੀ ਇੱਛਾ ਮੁਤਾਬਕ ਹੋਰ ਥਾਵਾਂ ਤੋਂ ਖਾਣ-ਪੀਣ ਵਾਲੀਆਂ ਮਸ਼ਹੂਰ ਦੁਕਾਨਾਂ ਤੋਂ ਰਵਾਇਤੀ ਪਕਵਾਨਾਂ ਦਾ ਆਨੰਦ ਮਾਨਣ ਦਾ ਮੌਕਾ ਦਿੱਤਾ ਜਾਵੇਗਾ। ਇਸੇ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ, ਜਲ੍ਹਿਆਂ ਵਾਲਾ ਬਾਗ, ਵਾਹਗਾ ਬਾਰਡਰ, ਬੰਗਾ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਯਾਦਗਾਰ ਅਤੇ ਵਿਰਾਸਤ-ਏ-ਖਾਲਸਾ ਅਨੰਦਪੁਰ ਸਾਹਿਬ ਵਰਗੀਆਂ ਇਤਿਹਾਸਕ, ਸੱਭਿਆਚਾਰਕ ਅਤੇ ਸੈਰ-ਸਪਾਟੇ ਵਾਲੀਆਂ ਥਾਵਾਂ ’ਤੇ ਲਿਜਾਇਆ ਜਾਵੇਗਾ।
ਇਸ ਪ੍ਰੋਗਰਾਮ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਫੇਸਬੁਕ ’ਤੇ ਵੀ ਇਕ ਪੇਜ ਬਣਾਇਆ ਗਿਆ ਹੈ। ਇਸ ਪ੍ਰੋਗਰਾਮ ਵਿੱਚ ਦਿਲਚਸਪੀ ਰੱਖਣ ਵਾਲੇ ਨੌਜਵਾਨ ਈ-ਮੇਲ punjab.gov.in ਅਤੇ punjab.gov.in ਰਾਹੀਂ ਪਹੁੰਚ ਕਰ ਸਕਦੇ ਹਨ। ਸਰਕਾਰ ਦਾ ਇਕ ਹੋਰ ਪ੍ਰੋਗਰਾਮ ‘ਪੰਜਾਬ ਦੇ ਮਿੱਤਰ-ਮੁੱਖ ਮੰਤਰੀ ਗਰਿਮਾ ਗ੍ਰਾਮ ਯੋਜਨਾ’ ਰਾਹੀਂ ਪਰਵਾਸੀ ਪੰਜਾਬੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜੇਗਾ ਜਿਨ੍ਹਾਂ ਨੇ ਵਿਦੇਸ਼ੀ ਧਰਤੀ ਨੂੰ ਆਪਣਾ ਘਰ ਬਣਾ ਲਿਆ ਅਤੇ ਸਖਤ ਮਿਹਨਤ ਅਤੇ ਸਮਰਪਤ ਭਾਵਨਾ ਨਾਲ ਦੁਨਿਆ ਭਰ ਦੇ ਮੁਲਕਾਂ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਇਆ। ਇਹ ਪ੍ਰੋਗਰਾਮ ਪਰਵਾਸੀ ਪੰਜਾਬੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜੇਗਾ ਅਤੇ ਪੇਂਡੂ ਵਿਕਾਸ ਦੇ ਕੰਮਾਂ ਵਿੱਚ ਬਰਾਬਰ ਦੇ ਵਿੱਤੀ ਯੋਗਦਾਨ ਰਾਹੀਂ ਸਰਕਾਰ ਦੀ ਮਦਦ ਕਰਨ ਵਿੱਚ ਸਹਾਈ ਹੇਵਗਾ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…