Share on Facebook Share on Twitter Share on Google+ Share on Pinterest Share on Linkedin ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਰਵਾਸੀ ਪੰਜਾਬੀਆਂ ਨੂੰ ਪੰਜਾਬ ਵਿੱਚ ਪੂੰਜੀ ਨਿਵੇਸ਼ ਦਾ ਸੱਦਾ ਸਨਅਤਕਾਰਾਂ ਨੂੰ ਪੰਜਾਬ ਵਿੱਚ ਕਾਰੋਬਾਰ ਲਈ ਇੱਕ ਹਫ਼ਤੇ ਵਿੱਚ ਸਾਰੀਆਂ ਪ੍ਰਵਾਨਗੀਆਂ ਦੇਣ ਦਾ ਭਰੋਸਾ ਸਤਲੁਜ ਯਮੁਨਾ ਲਿੰਕ ਨਹਿਰ ਬਾਰੇ ਫੈਸਲੇ ਤੋਂ ਪਹਿਲਾਂ ਪਾਣੀ ਦੀ ਉਪਲਬੱਧਤਾ ਦਾ ਪਤਾ ਲਾਉਣ ਦੀ ਲੋੜ ਨੂੰ ਦੁਹਰਾਇਆ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ\ਲੰਡਨ, 12 ਸਤੰਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਦੀ ਸ਼ਾਮ ਵਿਦੇਸ਼ਾਂ ’ਚ ਵਸਦੇ ਪੰਜਾਬੀਆਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਭਰੋਸਾ ਦਿਵਾਇਆ ਕਿ ਨਿਵੇਸ਼ ਲਈ ਇੱਕ ਹਫ਼ਤੇ ਵਿਚ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਦੇਣ ਦੇ ਨਾਲ-ਨਾਲ ਦਿੱਕਤ ਰਹਿਤ ਵਪਾਰਕ ਮਾਹੌਲ ਯਕੀਨੀ ਬਣਾਉਣ ਲਈ ਉਨ੍ਹਾਂ ਦੀ ਸਰਕਾਰ ਪੂਰਾ ਸਹਿਯੋਗ ਦੇਵੇਗੀ। ਇੱਥੇ ਮੇਅਫੇਅਰ ਹੋਟਲ ਵਿਖੇ ਇਸ਼ਤਿਹਾਰਬਾਜ਼ੀ ਖੇਤਰ ਦੀ ਪ੍ਰਸਿੱਧ ਹਸਤੀ ਸੁਹੇਲ ਸੇਠ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਜੀਵਨੀ ਲਿਖਣ ਵਾਲੇ ਖੁਸ਼ਵੰਤ ਸਿੰਘ ਨਾਲ ਵਿਚਾਰ-ਚਰਚਾ ਸੈਸ਼ਨ ਦੌਰਾਨ ਮੁੱਖ ਮੰਤਰੀ ਨੇ ਸਤਲੁਜ ਯਮੁਨਾ ਲਿੰਕ ਨਹਿਰ ਸਮੇਤ ਕਈ ਵਿਸ਼ਿਆਂ ’ਤੇ ਖੱੁਲ੍ਹ ਕੇ ਆਪਣੇ ਵਿਚਾਰ ਜ਼ਾਹਰ ਕੀਤੇ। ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਸੁਪਰੀਮ ਕੋਰਟ ਦੇ ਅੰਤਿਮ ਫੈਸਲੇ ਦਾ ਇੰਤਜ਼ਾਰ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਹੋਰਨਾਂ ਸੂਬਿਆਂ ਨੂੰ ਦਿੱਤੇ ਜਾਣ ਵਾਲੇ ਪਾਣੀ ਦੀ ਮਿਕਦਾਰ ਦਾ ਫੈਸਲਾ ਕਰਨ ਤੋਂ ਪਹਿਲਾਂ ਪੰਜਾਬ ਦੇ ਪਾਣੀਆਂ ਦੀ ਉਪਲਬੱਧਤਾ ਦਾ ਪਤਾ ਲਾਉਣ ਦੀ ਲੋੜ ਨੂੰ ਦੁਹਰਾਇਆ। ਮੁੱਖ ਮੰਤਰੀ ਨੇ ਆਖਿਆ ਕਿ ਪੰਜਾਬ ਵਿਚ ਸਥਿਤੀ ਬਹੁਤ ਨਾਜ਼ੁਕ ਹੈ ਜਿਸ ਕਰਕੇ ਜਦੋਂ ਪੰਜਾਬ ਕੋਲ ਹੀ ਪੂਰਾ ਪਾਣੀ ਨਹੀਂ ਹੈ ਤਾਂ ਉਹ ਕਿਸੇ ਦੂਜੇ ਸੂਬੇ ਨੂੰ ਪਾਣੀ ਨਹੀਂ ਦੇ ਸਕਦਾ। ਆਪਣੀ ਅਧਿਕਾਰਤ ਜੀਵਨੀ ‘ਦਾ ਪੀਪਲਜ਼ ਮਹਾਰਾਜਾ’ ਨੂੰ ਲੰਡਨ ਵਿਖੇ ਲਾਂਚ ਕਰਨ ਤੋਂ ਬਾਅਦ ਸਵਾਲ-ਜਵਾਬ ਦੇ ਸੈਸ਼ਨ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਬਰਫ ਦੀਆਂ ਚੱਟਾਨਾਂ ਪਿਘਲਣ ਨਾਲ ਉੱਤਰੀ ਸੂਬੇ ਦੇ ਦਰਿਆਵਾਂ ’ਤੇ ਬਹੁਤ ਜ਼ਿਆਦਾ ਪ੍ਰਭਾਵ ਪਿਆ ਹੈ ਅਤੇ ਪੰਜਾਬ ਵਿਚ ਪਾਣੀ ਦਾ ਪੱਧਰ ਤੇਜ਼ੀ ਨਾਲ ਹੇਠਾਂ ਡਿੱਗਿਆ ਹੈ। ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀਆਂ ਪਿਛਲੇ ਛੇ ਮਹੀਨੇ ਦੀਆਂ ਪ੍ਰਾਪਤੀਆਂ ਪ੍ਰਤੀ ਭਰੋਸਾ ਜ਼ਾਹਰ ਕੀਤਾ ਜੋ ਸੂਬੇ ਦੀ ਤਰੱਕੀ ਦਾ ਮੁੱਢ ਬੰਨਣਗੀਆਂ। ਮੁੱਖ ਮੰਤਰੀ ਨੇ ਆਖਿਆ ਕਿ ਭਾਰਤ ਅਤੇ ਹੋਰ ਮੁਲਕਾਂ ਦੇ ਕਾਰੋਬਾਰੀਆਂ ਨੇ ਸੂਬੇ ਵਿਚ ਨਿਵੇਸ਼ ਕਰਨ ਲਈ ਦਿਲਚਸਪੀ ਦਿਖਾਈ ਹੈ ਅਤੇ ਇਸ ਲਈ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਵਾਸਤੇ ਉਨ੍ਹਾਂ ਦੀ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਟਾਟਾ, ਮਹਿੰਦਰਾ, ਅੰਬਾਨੀ ਸਮੇਤ ਦਿੱਗਜ਼ ਉਦਯੋਗਪਤੀਆਂ ਤੇ ਵਪਾਰਕ ਘਰਾਣਿਆਂ ਨੇ ਪੰਜਾਬ ਵਿਚ ਨਿਵੇਸ਼ ਦੀ ਪੇਸ਼ਕਸ਼ ਕੀਤੀ ਹੈ ਅਤੇ ਸੂਬੇ ਵਿਚ ਉਦਯੋਗਿਕ ਖੇਤਰ ਦੀ ਸਥਿਤੀ ਦਿਨ-ਬ-ਦਿਨ ਸੁਧਰ ਰਹੀ ਹੈ। ਸਾਲ 1985 ਵਿਚ ਪੈਪਸੀ ਕੰਪਨੀ ਵਰਗੀ ਕੰਪਨੀ ਨੂੰ ਪੰਜਾਬ ਵਿਚ ਲਿਆਉਣ ਦਾ ਸਿਹਰਾ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਂਦਾ ਹੈ ਕਿਉਂ ਜੋ ਉਹ ਉਸ ਵੇਲੇ ਸੂਬੇ ਦੇ ਖੇਤੀਬਾੜੀ ਮੰਤਰੀ ਸਨ। ਮੁੱਖ ਮੰਤਰੀ ਨੇ ਪਰਵਾਸੀ ਪੰਜਾਬੀਆਂ ਨੂੰ ਸੂਬੇ ਵਿਚ ਕਾਰੋਬਾਰ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੇਸ਼ ਨਾ ਆਉਣ ਦਾ ਭਰੋਸਾ ਦਿੰਦਿਆਂ ਆਖਿਆ ਕਿ ਉਨ੍ਹਾਂ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਮੁੱਖ ਮੰਤਰੀ ਆਖਿਆ ਕਿ ਪਰਵਾਸੀ ਪੰਜਾਬੀਆਂ ਦੇ ਨਿਵੇਸ਼ ਕਰਨ ਲਈ ਸੂਬਾ ਸਰਕਾਰ ਮਜ਼ਬੂਤ ਬੁਨਿਆਦੀ ਢਾਂਚਾ, ਹੁਨਰਮੰਦ ਕਿਰਤੀ ਅਤੇ ਹੋਰ ਸਹੂਲਤਾਂ ਨਾਲ ਉਨ੍ਹਾਂ ਦਾ ਸਵਾਗਤ ਤੇ ਮਦਦ ਲਈ ਪੂਰੀ ਤਰ੍ਹਾਂ ਤਿਆਰ ਹੈ। ਪਿਛਲੇ 10 ਸਾਲਾਂ ਵਿਚ ਸੂਬੇ ਦੀ ਮਾੜੀ ਹਾਲਤ ਲਈ ਨਸ਼ਿਆਂ ਅਤੇ ਬੇਰੁਜ਼ਗਾਰੀ ਨੂੰ ਮੁੱਖ ਕਾਰਨ ਦੱਸਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਪਿਛਲੀ ਸਰਕਾਰ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਦਿਵਾਲੀਆ ਬਣਾ ਦਿੱਤਾ। ਉਨ੍ਹਾਂ ਆਖਿਆ ਕਿ ਬਾਦਲ ਸਿਰਫ ਤੇ ਸਿਰਫ ਆਪਣਾ ਹੀ ਸੋਚਦੇ ਸਨ ਜਿਨ੍ਹਾਂ ਨੇ ਸੂਬੇ ਨੂੰ ਬਰਬਾਦ ਕਰ ਦਿੱਤਾ ਜਿਸ ਨੂੰ ਅੱਤਵਾਦ ਦੇ ਦਿਨਾਂ ਦੌਰਾਨ ਵੀ ਬਹੁਤ ਨੁਕਸਾਨ ਪਹੁੰਚਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਹੁਣ ਪੰਜਾਬ ਦੀ ਆਬੋ-ਹਵਾ ਉਸਾਰੂ ਦਿਸ਼ਾ ਵੱਲ ਵਗਣ ਲੱਗੀ ਹੈ। ਸੂਬੇ ਵਿਚ ਵੱਡੀ ਪੱਧਰ ’ਤੇ ਫੈਲੀ ਬੇਰੁਜ਼ਗਾਰੀ ’ਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਭਾਵੇਂ ਉਨ੍ਹਾਂ ਦੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਬਾਅਦ ਛੇ ਮਹੀਨਿਆਂ ਵਿਚ ਕਈ ਉਪਰਾਲੇ ਕੀਤੇ ਹਨ ਪਰ ਉਹ ਇਸ ਪਾਸੇ ਤੇਜ਼ੀ ਨਾਲ ਅੱਗੇ ਵਧਣਾ ਚਾਹੁੰਦੇ ਹਨ ਤਾਂ ਕਿ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਹਾਸਲ ਹੋ ਸਕਣ ਅਤੇ ਸੂਬਾ ਮੁੜ ਵਿਕਾਸ ਦੀ ਲੀਹ ’ਤੇ ਪੈ ਸਕੇ। ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਕੌਮੀ ਉਪ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਨਸ਼ਿਆਂ ਬਾਰੇ ਉਠਾਏ ਮਸਲੇ ਦੀ ਸ਼ਨਾਖਤ ਕੀਤੀ ਅਤੇ ਇਸ ਸਾਲ ਦੇ ਸ਼ੁਰੂ ਵਿਚ ਆਪਣੀ ਪਾਰਟੀ ਦੀ ਹੂੰਝਾਫੇਰ ਜਿੱਤ ਲਈ ਅਕਾਲੀਆਂ ਦੇ ਕੰਮਕਾਜ ਦੇ ਢੰਗ ਤੋਂ ਲੋਕਾਂ ਵਿੱਚ ਬੇਚੈਨੀ ਅਤੇ ਆਮ ਆਦਮੀ ਪਾਰਟੀ ਦਾ ਗਰਮ ਖਿਆਲੀਆਂ ਪ੍ਰਤੀ ਝੁਕਾਅ ਹੋਣ ਦੇ ਕਾਰਨਾਂ ਦਾ ਜ਼ਿਕਰ ਕੀਤਾ। ਵਿਧਾਨ ਸਭਾ ਚੋਣਾਂ ਵਿੱਚ ਆਪਣੀ ਪਾਰਟੀ ਦੀ ਸ਼ਾਨਦਾਰ ਜਿੱਤ ਦਾ ਸਿਹਰਾ ਉਨ੍ਹਾਂ ਨੂੰ ਜਾਣ ਦੇ ਸੁਝਾਅ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਇਹ ਸਾਰਿਆਂ ਦੇ ਸਾਂਝੇ ਯਤਨ ਦਾ ਸਿੱਟਾ ਹੈ। ਮੁੱਖ ਮੰਤਰੀ ਨੇ ਆਖਿਆ ਕਿ ਉਹ ਇੱਕ ਹੋਰ ਜਨਮ ਲੈ ਕੇ ਆਪਣਾ ਜੀਵਨ ਦੁਬਾਰਾ ਜਿਉਣ ਦੀ ਚਾਹਤ ਰੱਖਣਗੇ ਪਰ ਉਨ੍ਹਾਂ ਦੇ ਇਸ ਜੀਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਪੰਜਾਬ ਲਈ ਕੁਝ ਕਰ ਗੁਜ਼ਰਨਾ ਹੋਵੇਗੀ ਅਤੇ ਸੂਬਾ ਉਸੇ ਤਰ੍ਹਾਂ ਅੱਗੇ ਵਧੇ, ਜਿਸ ਤਰ੍ਹਾਂ ਦੀ ਇੱਛਾ ਉਨ੍ਹਾਂ ਨੇ ਪਾਲੀ ਹੋਈ ਹੈ। ਉਨ੍ਹਾਂ ਆਖਿਆ ਕਿ ਓਪਰੇਸ਼ਨ ਬਲਿਊ ਸਟਾਰ ਤੋਂ ਬਾਅਦ ਪੰਜਾਬ ਇੱਕ ਖੁਸ਼ਹਾਲ ਸੂਬੇ ਤੋਂ ਹੌਲੀ ਹੌਲੀ ਹੇਠਾਂ ਵੱਲ ਵਧਦਾ ਗਿਆ। ਉਨ੍ਹਾਂ ਨੇ 1984 ਵਿਚ ਵਾਪਰੀਆਂ ਘਟਨਾਵਾਂ ਨੂੰ ਆਪਣੇ ਜੀਵਨ ਦਾ ਨਾਜ਼ੁਕ ਮੋੜ ਦੱਸਿਆ। ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਪਲਾਂ ਨੂੰ ਵੀ ਚੇਤੇ ਕੀਤਾ ਜਦੋਂ ਉਨ੍ਹਾਂ ਨੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਤਵਾਦੀਆਂ ਨੂੰ ਹਟਾਉਣ ਲਈ ਕੋਈ ਹੱਲ ਲੱਭਣ ਦੀ ਬਜਾਏ ਟਕਰਾਅ ਦਾ ਰਾਹ ਅਖਤਿਆਰ ਨਾ ਕਰਨ ਤੋਂ ਰੋਕਣ ਲਈ ਯਤਨ ਕੀਤੇ ਸਨ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਸਿਆਸਤ ਵਿਚ ਆਉਣ ਤੋਂ ਪਹਿਲਾਂ ਆਪਣੇ ਜੀਵਨ ਦੇ ਮੁਢਲੇ ਦਿਨਾਂ ਦੇ ਨਾਲ-ਨਾਲ ਫੌਜੀ ਜੀਵਨ ਨਾਲ ਜੁੜੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਇਸ ਗੱਲ ’ਤੇ ਵੀ ਸਹਿਮਤੀ ਪ੍ਰਗਟਾਈ ਕਿ ਸਿਆਸਤ ਵਿਚ ਸਦਾਚਾਰ ’ਚ ਬਹੁਤ ਨਿਘਾਰ ਆਇਆ ਅਤੇ ਹੁਣ ਸੇਵਾ ਦੀ ਬਜਾਏ ਨਿੱਜ ਦਾ ਨਵਾਂ ਆਦਰਸ਼ ਉਭਰ ਕੇ ਸਾਹਮਣੇ ਆਇਆ। ਆਪਣੇ ਜੀਵਨ ਦੇ ਸ਼ੁਰੂਆਤੀ ਦਿਨਾਂ ਬਾਰੇ ਮੁੱਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਅਫਸੋਸ ਨਹੀਂ ਹੈ ਕਿ ਉਨ੍ਹਾਂ ਨੂੰ ਸਾਢੇ ਚਾਰ ਸਾਲ ਦੀ ਉਮਰ ਵਿਚ ਆਪਣੇ ਸ਼ਾਹੀ ਜੀਵਨ ਨੂੰ ਛੱਡ ਕੇ ਬੋਰਡਿੰਗ ਸਕੂਲ ਭੇਜ ਦਿੱਤਾ ਗਿਆ। ਉਨ੍ਹਾਂ ਦੇ ਮਾਪੇ ਮੁਲਕ ਵਿਚ ਆਜ਼ਾਦੀ ਤੋਂ ਉਪਰੰਤ ਆਏ ਬਦਲਾਅ ਦੇ ਮੱਦੇਨਜ਼ਰ ਉਨ੍ਹਾਂ ਨੂੰ ਸਧਾਰਨ ਪਾਲਣ-ਪੋਸ਼ਣ ਦੇਣਾ ਚਾਹੁੰਦੇ ਸਨ ਅਤੇ ਉਹ ਛੇਤੀ ਹੀ ਇਸ ਨਵੇਂ ਦੌਰ ਦਾ ਹਿੱਸਾ ਬਣ ਗਏ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਿਆਸੀ ਜੀਵਨ ਤੋਂ ਇਲਾਵਾ ਖੇਡਾਂ ਪ੍ਰਤੀ ਜਨੂੰਨ ਅਤੇ ਫੌਜ ਪ੍ਰਤੀ ਮੁਹੱਬਤ ਬਾਰੇ ਲੰਮੀ ਚੌੜੀ ਗੱਲਬਾਤ ਕੀਤੀ ਜਿਨ੍ਹਾਂ ਬਾਰੇ ਉਨ੍ਹਾਂ ਦੀ ਜੀਵਨੀ ਵਿੱਚ ਵਿਸਥਾਰ ’ਚ ਵਰਨਣ ਕੀਤਾ ਗਿਆ। ਉਨ੍ਹਾਂ ਦੀ ਰਾਏ ਮੁਤਾਬਕ ਫੌਜ ਅਤੇ ਸਿਆਸੀ ਮਸਲਿਆਂ ਵਿਚ ਬਹੁਤ ਕੁਝ ਸਾਂਝਾ ਹੁੰਦਾ ਹੈ ਕਿਉਂ ਜੋ ਇਨ੍ਹਾਂ ਦੋਵਾਂ ਵਿਚ ਉਨ੍ਹਾਂ ਦੀ ਪਹੁੰਚ ਮੁਤਾਬਕ ਨਿਪੁੰਨਤਾ ਅਤੇ ਢੰਗ ਵਰਤਿਆ ਜਾਂਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ