Nabaz-e-punjab.com

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੈਂਗਸਟਰਾਂ ਨੂੰ ਹਿੰਸਾ ਦਾ ਰਾਹ ਤਿਆਗਣ ਦੀ ਅਪੀਲ

ਵਿੱਕੀ ਗੌਂਡਰ ਮਾਮਲੇ ਵਿੱਚ ਝੂਠੇ ਮੁਕਾਬਲੇ ਦੇ ਦੋਸ਼ ਰੱਦ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 29 ਜਨਵਰੀ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਅਜੇ ਵੀ ਸਰਗਰਮ ਗੈਂਗਸਟਰਾਂ ਨੂੰ ਹਿੰਸਾ ਦਾ ਰਾਹ ਤਿਆਗਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿੱਕੀ ਗੌਂਡਰ ਅਤੇ ਉਸ ਦੇ ਸਾਥੀਆਂ ਵਿਰੁੱਧ ਝੂਠਾ ਮੁਕਾਬਲਾ ਕੀਤੇ ਜਾਣ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਆਖਿਆ ਕਿ ਸੁਭਾਵਿਕ ਤੌਰ ’ਤੇ ਗੈਂਗਸਟਰਾਂ ਦੇ ਪਰਿਵਾਰ ਦੁੱਖ ਦੀ ਹਾਲਤ ਵਿੱਚ ਅਜਿਹੇ ਦੋਸ਼ਾਂ ਲਾ ਰਹੇ ਹਨ। ਮੁੱਖ ਮੰਤਰੀ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਆਖਿਆ ਕਿ ਗੈਂਗਸਟਰਾਂ ਦੀ ਮੌਤ ਜਸ਼ਨ ਮਨਾਉਣ ਦਾ ਕਾਰਨ ਨਹੀਂ ਅਤੇ ਅਜਿਹੇ ਅਪਰਾਧੀਆਂ ਨੂੰ ਇਸ ਗੱਲ ਦਾ ਅਹਿਸਾਸ ਜ਼ਰੂਰ ਹੋਣਾ ਚਾਹੀਦਾ ਹੈ ਕਿ ਨਾ ਤਾਂ ਕੋਈ ਕਾਨੂੰਨ ਤੋਂ ਉਪਰ ਹੈ ਅਤੇ ਨਾ ਹੀ ਉਹ ਬਹੁਤਾ ਸਮਾਂ ਕਾਨੂੰਨ ਤੋਂ ਬਚ ਸਕਦੇ ਹਨ।
ਮੁੱਖ ਮੰਤਰੀ ਅੱਜ ਇੱਥੇ ਪੰਜਾਬ ਕਲਾ ਭਵਨ ਵਿਖੇ ਚੰਡੀਗੜ੍ਹ ਪ੍ਰੈਸ ਕਲੱਬ ਵੱਲੋਂ ਲਾਈ ਗਈ ਅਖ਼ਬਾਰਾਂ ਦੀ ਫੋਟੋ ਪ੍ਰਦਰਸ਼ਨੀ (ਨਿਊਜ਼ਸਕੇਪਜ਼-5) ਦੇ ਇਨਾਮ ਵੰਡ ਸਮਾਰੋਹ ਵਿੱਚ ਪਹੁੰਚੇ ਹੋਏ ਸਨ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਆਈ ਹੈ, ਉਸ ਵੇਲੇ ਤੋਂ ਏ-ਕੈਟਾਗਰੀ ਦੇ 47 ਫੀਸਦੀ ਗੈਂਗਸਟਰ ਅਤੇ ਬੀ-ਕੈਟਾਗਰੀ ਦੇ 42 ਫੀਸਦੀ ਗੈਂਗਸਟਰਾਂ ਨੇ ਜਾਂ ਤਾਂ ਆਤਮ ਸਮਰਪਣ ਕਰ ਦਿੱਤਾ ਹੈ ਅਤੇ ਜਾਂ ਫਿਰ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਖਿਲਾਫ ਵਿੱਢੀ ਕਾਰਵਾਈ ਦੇ ਠੋਸ ਯਤਨਾਂ ਦਾ ਨਤੀਜਾ ਹੈ। ਮੁੱਖ ਮੰਤਰੀ ਨੇ ਆਖਿਆ ਕਿ ਸੂਬੇ ਵਿੱਚ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਗੈਂਗਸਟਰਾਂ ਖਿਲਾਫ ਕਾਰਵਾਈ ਜਾਰੀ ਰੱਖੀ ਜਾਵੇਗੀ। ਮੁੱਖ ਮੰਤਰੀ ਨੇ ਆਖਿਆ ਕਿ ਇਨ੍ਹਾਂ ਅਪਰਾਧੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਲਈ ਹੁਣ ਰਾਹ ਬੰਦ ਹੋ ਗਏ ਹਨ ਅਤੇ ਉਹ ਹੁਣ ਬਹੁਤਾ ਸਮਾਂ ਕਾਨੂੰਨ ਦੀ ਪਕੜ ਤੋਂ ਬਾਹਰ ਨਹੀਂ ਰਹਿ ਸਕਦੇ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਭਾਵੇਂ ਗੈਂਗਸਟਰਾਂ ਨੂੰ ਕਾਨੂੰਨ ਕਾਰਵਾਈ ’ਚੋਂ ਲੰਘਣਾ ਹੋਵੇਗਾ ਪਰ ਦੂਜੇ ਪਾਸੇ ਸੂਬਾ ਸਰਕਾਰ ਉਨ੍ਹਾਂ ਦੇ ਆਖਰਕਾਰ ਮੁੜ ਵਸੇਬੇ ਲਈ ਹਰ ਸੰਭਵ ਯਤਨ ਕਰੇਗੀ।
ਵਿੱਕੀ ਗੌਂਡਰ ਅਤੇ ਉਸ ਦੇ ਸਾਥੀਆਂ ਦੇ ਪਰਿਵਾਰਾਂ ਵੱਲੋਂ ਝੂਠੇ ਮੁਕਾਬਲੇ ਦੇ ਦੋਸ਼ਾਂ ਦੇ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਝੂਠ ਦੱਸਦਿਆਂ ਰੱਦ ਕਰ ਦਿੱਤਾ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਮੰਤਰੀ ਮੰਡਲ ਦਾ ਵਿਸਥਾਰ ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਕੀਤਾ ਜਾਵੇਗਾ ਅਤੇ ਪਹਿਲਾਂ ਵਾਂਗ ਮੰਤਰੀ ਮੰਡਲ ਦੀ ਚੋਣ ਵਿੱਚ ਮੈਰਿਟ ਨੂੰ ਹੀ ਅਧਾਰ ਬਣਾਇਆ ਜਾਵੇਗਾ। ਅੱਜ ਸਵੇਰੇ ਵਿਦਿਆਰਥੀਆਂ ਦੇ ਧਰਨੇ ਦੌਰਾਨ ਹਵਾ ਵਿੱਚ ਗੋਲੀਆਂ ਚਲਾਉਣ ਦੌਰਾਨ ਜੈਤੋ ਦੇ ਡੀਐਸਪੀ ਦੀ ਮੌਤ ਹੋ ਜਾਣ ਦੀ ਘਟਨਾ ਬਾਰੇ ਮੁੱਖ ਮੰਤਰੀ ਨੇ ਇਸ ਘਟਨਾ ਨੂੰ ਮੰਦਭਾਗੀ ਦੱਸਦਿਆਂ ਇਸ ਦੀ ਪੂਰੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ। ਪੰਜਾਬ ਕਲਾ ਭਵਨ ਵਿਖੇ ਕੈਪਟਨ ਅਮਰਿੰਦਰ ਸਿੰਘ ਨੇ ‘ਦਿ ਟ੍ਰਿਬਿਊਨ’ ਦੇ ਸਾਬਕਾ ਫੋਟੋ ਸੰਪਾਦਕ ਯੋਗ ਜੋਏ ਦੀ ਯਾਦ ਵਿੱਚ ਲਾਈ ਪ੍ਰਦਰਸ਼ਨੀ ਦੇਖੀ ਅਤੇ ਸ੍ਰੀ ਜੋਏ ਨਾਲ ਆਪਣੀ ਸਾਂਝ ਅਤੇ ਫੋਟੋਗ੍ਰਾਫੀ ਦੇ ਪੇਸ਼ੇ ਵਿਚ ਉਨ੍ਹਾਂ ਦੇ ਜੀਵਨ ਭਰ ਦੇ ਯੋਗਦਾਨ ਨੂੰ ਚੇਤੇ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਅਜਿਹੀਆਂ ਹੋਰ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਲਈ ਪ੍ਰੈਸ ਕਲੱਬ ਲਈ 10 ਲੱਖ ਰੁਪਏ ਦਾ ਨਗਦ ਯੋਗਦਾਨ ਪਾਉਣ ਦਾ ਐਲਾਨ ਕੀਤਾ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …