ਮੁੱਖ ਮੰਤਰੀ ਵੱਲੋਂ ਖੇਤੀਬਾੜੀ ਟਿਊਬਵੈਲਾਂ ’ਤੇ ਮੀਟਰ ਲਾਉਣ ਦੀਆਂ ਅਫ਼ਵਾਹਾਂ ਰੱਦ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 25 ਸਤੰਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਵੱਲੋਂ ਕੀਤੇ ਜਾ ਰਹੇ ਭੰਡੀ ਪ੍ਰਚਾਰ ਦੀ ਤਿੱਖੀ ਆਲੋਚਨਾ ਕਰਦੇ ਹੋਏ ਖੇਤੀਬਾੜੀ ਟਿਊਬਵੈਲਾਂ ਉੱਤੇ ਮੀਟਰ ਲਾਉਣ ਤੋਂ ਸਪਸ਼ਟ ਤੌਰ ’ਤੇ ਇਨਕਾਰ ਕੀਤਾ ਹੈ। ਅੱਜ ਇੱਥੇ ਜਾਰੀ ਇੱਕ ਬਿਆਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਪਹਿਲਾਂ ਹੀ ਕੀਤੇ ਵਾਅਦੇ ਅਨੁਸਾਰ ਖੇਤੀ ਸੈਕਟਰ ਲਈ ਬਿਜਲੀ ਉੱਤੇ ਸਬਸਿਡੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਬਸਿਡੀ ਨੂੰ ਖਤਮ ਕਰਨ ਜਾਂ ਟਿਊਬਵੈਲਾਂ ਉੱਤੇ ਮੀਟਰ ਲਾਉਣ ਦਾ ਕੋਈ ਵੀ ਸਵਾਲ ਨਹੀਂ ਉਠਦਾ। ਮੁੱਖ ਮੰਤਰੀ ਨੇ ਇਸ ਸਾਲ ਜੂਨ ਮਹੀਨੇ ਵਿਚ ਸੂਬਾ ਵਿਧਾਨ ਸਭਾ ’ਚ ਖੇਤੀਬਾੜੀ ਸੈਕਟਰ ਲਈ ਬਿਜਲੀ ਸਬਸਿਡੀ ਜਾਰੀ ਰੱਖਣ ਦਾ ਐਲਾਨ ਕੀਤਾ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਲੋਕ ਸਭਾ ਦੀ ਉੱਪ ਚੋਣ ਦੇ ਮੱਦੇਨਜ਼ਰ ਅਧਾਰਹੀਣ ਬਿਆਨਾਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਉਪ ਚੋਣ ਨੂੰ ਖਾਸ ਤੌਰ ’ਤੇ ਧਿਆਨ ’ਚ ਰੱਖ ਕੇ ਅਕਾਲੀ ਦਲ ਅਤੇ ਭਾਜਪਾ ਦੇ ਆਗੂਆਂ ਵੱਲੋਂ ਟਿਊਬਵੈਲਾਂ ’ਤੇ ਮੀਟਰ ਲਾਉਣ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਝੂਠਾ ਭੰਡੀ ਪ੍ਰਚਾਰ ਕਰਨ ਵਾਸਤੇ ਪਹਿਲਾਂ ਹੀ ਬਦਨਾਮ ਹਨ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੇ ਵਿਧਾਨ ਸਭਾ ਚੋਣਾਂ ਦੌਰਾਨ ਵੀ ਵੱਡੀ ਪੱਧਰ ’ਤੇ ਅਫਵਾਹਾਂ ਫੈਲਾਈਆਂ ਸਨ ਪਰ ਉਸ ਸਮੇਂ ਇਹ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਵਿਚ ਅਸਫਲ ਰਹੀਆਂ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸਾਨੀ ਭਾਈਚਾਰੇ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਤੋਂ ਇਲਾਵਾ ਪਹਿਲਾਂ ਹੀ ਕਿਸਾਨਾਂ ਦੀ ਭਲਾਈ ਲਈ ਬਹੁਤ ਸਾਰੇ ਕਦਮ ਚੁੱਕੇ ਹਨ। ਕਰਜ਼ੇ ਮੁਆਫੀ ਦੇ ਸਬੰਧ ਵਿਚ ਲੋਕਾਂ ਨੂੰ ਗੁੰਮਰਾਹ ਕਰਨ ਵਿਚ ਅਸਫ਼ਲ ਰਹਿਣ ਤੋਂ ਬਾਅਦ ਹੁਣ ਇਹ ਪਾਰਟੀਆਂ ਮੀਟਰਾਂ ਦੇ ਮਾਮਲੇ ’ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ ਜਦਕਿ ਅਕਾਲੀ ਦਲ ਤੇ ਭਾਜਪਾ ਆਪਣੇ 10 ਸਾਲ ਦੇ ਸ਼ਾਸਨ ਦੌਰਾਨ ਕਰਜ਼ੇ ਮੁਆਫ਼ੀ ਦਾ ਐਲਾਨ ਕਰਨ ਵਿਚ ਅਸਫਲ ਰਹੀਆਂ ਸਨ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਇਹ ਦੋਵੇਂ ਪਾਰਟੀਆਂ ਬਿਜਲੀ ਦੀ ਸਬਸਿਡੀ ਬਾਰੇ ਕਿਸਾਨਾਂ ਦੇ ਮਨ ਵਿਚ ਭੰਬਲਭੂਸਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੀ ਸੰਕਟਾਂ ਵਿਚ ਘਿਰੀ ਹੋਈ ਕਿਸਾਨੀ ਨੂੰ ਬਚਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਜਿਸ ਨੂੰ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ ਬੁਰੀ ਤਰ੍ਹਾਂ ਕਰਜ਼ੇ ਵਿਚ ਡੁਬੋ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਾ ਕੇਵਲ ਇਸ ਮੌਜੂਦਾ ਸੰਕਟ ਵਿਚੋਂ ਕਿਸਾਨਾਂ ਨੂੰ ਬਾਹਰ ਕੱਢੇਗੀ ਸਗੋਂ ਉਨ੍ਹਾਂ ਨੂੰ ਮੁੜ ਪ੍ਰਗਤੀ ਦੇ ਰਾਹ ’ਤੇ ਲਿਜਾਵੇਗੀ।

Load More Related Articles
Load More By Nabaz-e-Punjab
Load More In Agriculture & Forrest

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…