nabaz-e-punjab.com

ਮੁੱਖ ਮੰਤਰੀ ਵੱਲੋਂ ਫਸਲੀ ਕਰਜ਼ੇ ਤੇ ਜੀਐਸਟੀ ਮੁੱਦੇ ’ਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਸੁਖਬੀਰ ਤੇ ਹਰਸਿਮਰਤ ਦੀ ਆਲੋਚਨਾ

ਅਕਾਲੀ ਦਲ ਨੂੰ ਆਪਣੀ ਸੱਤਾ ਦੌਰਾਨ ਇੱਕ ਵੀ ਪ੍ਰਾਪਤੀ ਗਿਨਾਉਣ ਦੀ ਖੁੱਲ੍ਹੀ ਚੁਣੌਤੀ

ਨਬਜ਼-ਏ-ਪੰਜਾਬ ਬਿਊਰੋ, ਅੰਮ੍ਰਿਤਸਰ, 17 ਅਗਸਤ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਸਲੀ ਕਰਜ਼ੇ ਮੁਆਫ ਕਰਨ, ਲੰਗਰ ਉੱਤੇ ਜੀ.ਐਸ.ਟੀ ਅਤੇ ਹੋਰਨਾਂ ਮੁੱਦਿਆਂ ਬਾਰੇ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੀ ਤਿੱਖੀ ਆਲੋਚਨਾ ਕੀਤੀ ਹੈ ਅਤੇ ਉਨ੍ਹਾਂ ਨੂੰ ਸੂਬੇ ਵਿਚ ਆਪਣੀ ਪਾਰਟੀ ਦੇ ਸ਼ਾਸਨ ਦੌਰਾਨ ਕੋਈ ਇੱਕ ਵੀ ਅਸਰਦਾਇਕ ਪ੍ਰਾਪਤੀ ਦੱਸਣ ਦੀ ਚੁਣੌਤੀ ਦਿੱਤੀ ਹੈ। ਘਟੀਆ ਨੀਤੀਆਂ ਅਤੇ ਦ੍ਰਿਸ਼ਟੀਹੀਣ ਪ੍ਰੋਗਰਾਮਾਂ ਦੇ ਰਾਹੀਂ ਸੂਬੇ ਨੂੰ ਤਬਾਹ ਕਰਨ ਲਈ ਬਾਦਲ ਪਤੀ-ਪਤਨੀ ਉੱਤੇ ਤਿੱਖਾ ਹਮਲਾ ਕਰਦੇ ਹੋਏ ਮੁੱਖ ਮੰਤਰੀ ਨੇ ਬਟਵਾਰੇ ਬਾਰੇ ਅਜਾਇਬ ਘਰ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਕਾਲੀਆਂ ਨੇ ਆਪਣੇ 10 ਸਾਲ ਦੇ ਸ਼ਾਸਨ ਦੌਰਾਨ ਸੂਬੇ ਦੀਆਂ ਗੋਟਣੀਆਂ ਲਵਾ ਦਿੱਤੀਆਂ ਹਨ।
ਸੁਖਬੀਰ ਤੇ ਉਸ ਦੇ ਜੋਟੀਦਾਰਾਂ ਨੇ ਸੂਬੇ ਅਤੇ ਇਸ ਦੀ ਸੰਪਤੀ ਨੂੰ ਤਬਾਹ ਕਰ ਦਿੱਤਾ ਹੈ ਅਤੇ ਪੰਜਾਬ ਨੂੰ ਉਸ ਦੇ ਮਾਣ ਅਤੇ ਗੌਰਵ ਤੋਂ ਵਾਂਝਾ ਕਰ ਦਿੱਤਾ ਹੈ। ਕਾਂਗਰਸ ਸਰਕਾਰ ਦੇ ਚਾਰ ਮਹੀਨਿਆਂ ਦੇ ਸ਼ਾਸਨ ਉੱਤੇ ਕਿੰਤੂ-ਪ੍ਰੰਤੂ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਆਲੋਚਨਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਇਹ ਸਪਸ਼ਟ ਕਰਨ ਲਈ ਚੁਣੌਤੀ ਦਿੱਤੀ ਕਿ ਉਨ੍ਹਾਂ ਨੇ ਪਿਛਲੇ ਇੱਕ ਦਹਾਕੇ ਦੌਰਾਨ ਪੰਜਾਬ ਲਈ ਕੀ ਕੀਤਾ ਹੈ। ਮੁੱਖ ਮੰਤਰੀ ਨੇ ਸੁਖਬੀਰ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਇਹ ਦੱਸਣ ਕਿ ਅਕਾਲੀ ਸਰਕਾਰ ਨੇ ਪੰਜਾਬ ਨੂੰ ਕੀ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੱਤਾ ਸੰਭਾਲੇ ਅਜੇ ਚਾਰ ਮਹੀਨੇ ਹੀ ਹੋਏ ਹਨ ਅਤੇ ਉਨ੍ਹਾਂ ਨੇ ਸੂਬੇ ਅਤੇ ਇੱਥੋਂ ਦੇ ਲੋਕਾਂ ਦੀ ਭਲਾਈ ਲਈ ਅਨੇਕਾਂ ਇਤਿਹਾਸਕ ਕਦਮ ਚੁੱਕੇ ਹਨ। ਲੰਗਰ ਅਤੇ ਪ੍ਰਸਾਦ ਉੱਤੇ ਜੀ.ਐਸ.ਟੀ ਤੋਂ ਛੋਟ ਦੇ ਸਬੰਧ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਹ ਮੁੱਦਾ ਕੇਂਦਰੀ ਵਿੱਤ ਮੰਤਰੀ ਕੋਲ ਉਠਾਇਆ ਹੈ ਅਤੇ ਇਸ ਦੀ ਪੈਰਵੀ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ ਮੁੱਦਾ ਕੇਂਦਰ ਸਰਕਾਰ ਕੋਲ ਪਿਆ ਹੈ ਅਤੇ ਕੇਂਦਰੀ ਫੂਡ ਤੇ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਇਹ ਮੁੱਦਾ ਸੂਬਾ ਸਰਕਾਰ ਉੱਤੇ ਮੜ੍ਹਣ ਦੀ ਥਾਂ ਲੰਗਰ ਉੱਤੇ ਜੀ.ਐਸ.ਟੀ ਤੋਂ ਛੋਟ ਦਿਵਾਉਣੀ ਚਾਹੀਦੀ ਹੈ। ਟੀ. ਹੱਕ ਕਮੇਟੀ ਦੀ ਰਿਪੋਰਟ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਹਿਲਾਂ ਹੀ ਸੂਬੇ ਦੇ 10.25 ਲੱਖ ਛੋਟੇ ਅਤੇ ਦਰਮਿਆਣੇ ਕਿਸਾਨਾਂ ਦੇ ਕਰਜ਼ੇ ਮੁਆਫ ਕਰ ਦਿੱਤੇ ਹਨ। ਹੱਕ ਕਮੇਟੀ ਹੁਣ ਕਿਸਾਨ ਭਾਈਚਾਰੇ ਨਾਲ ਸਬੰਧਤ ਹੋਰਨਾਂ ਮੁੱਦਿਆਂ ਉੱਤੇ ਕੰਮ ਕਰ ਰਹੀ ਹੈ ਅਤੇ ਇਹ ਛੇਤੀ ਹੀ ਆਪਣੀ ਅੰਤਿਮ ਰਿਪੋਰਟ ਪੇਸ਼ ਕਰ ਦੇਵੇਗੀ। ਉਨ੍ਹਾਂ ਨੇ ਇਸ ਮੁੱਦੇ ਉੱਤੇ ਆਪਣੇ ਸੌੜੇ ਸਿਆਸੀ ਹਿੱਤਾਂ ਦੇ ਲਈ ਅਕਾਲੀਆਂ ਅਤੇ ਹੋਰ ਸਿਆਸੀ ਪਾਰਟੀਆਂ ਉੱਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸ਼ਹੀਦ ਮਦਨ ਲਾਲ ਢੀਂਗਰਾ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ਮੌਕੇ ਸ਼ਰਧਾਂਜਲੀ ਭੇਟ ਕੀਤੀ।

Load More Related Articles
Load More By Nabaz-e-Punjab
Load More In Issues

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …