nabaz-e-punjab.com

ਮੁੱਖ ਮੰਤਰੀ ਵੱਲੋਂ ਪਸ਼ੂ ਧਨ ਉਤਪਾਦ ਨਿਰਯਾਤ ਵਿਕਾਸ ਅਥਾਰਟੀ ਦੇ ਗਠਨ ਦੀ ਮੰਗ

ਅਥਾਰਟੀ ਦੀ ਸਥਾਪਨਾ ਲਈ ਮੁੱਖ ਮੰਤਰੀ ਨੇ ਕੇਂਦਰੀ ਵਣਜ ਮੰਤਰੀ ਸੁਰੇਸ਼ ਪ੍ਰਭੂ ਨੂੰ ਲਿਖਿਆ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 5 ਨਵੰਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਸ਼ੂ ਧਨ ਉਤਪਾਦ ਬਰਾਮਦ ਵਿਕਾਸ ਅਥਾਰਟੀ (ਐਲ.ਪੀ.ਈ.ਡੀ.ਏ) ਦਾ ਗਠਨ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਪਸ਼ੂ ਉਤਪਾਦ ਖੇਤਰ ਦੇ ਵਿਆਪਕ ਵਿਕਾਸ ’ਤੇ ਕੇਂਦਰਤ ਹੋਣ ਦੇ ਨਾਲ ਨਾਲ ਇਸ ਦੀ ਅਥਾਹ ਬਰਾਮਦ ਸਮਰੱਥਾ ਨੂੰ ਵਰਤੋਂ ਵਿਚ ਲਿਆਂਦਾ ਜਾ ਸਕੇ। ਮੁੱਖ ਮੰਤਰੀ ਨੇ ਕੇਂਦਰੀ ਵਣਜ ਮੰਤਰੀ ਸੁਰੇਸ਼ ਪ੍ਰਭੂ ਨੂੰ ਲਿਖੇ ਪੱਤਰ ਵਿੱਚ ਆਖਿਆ ਕਿ ਅਜਿਹੀ ਅਥਾਰਟੀ ਦੀ ਸਥਾਪਨਾ ਹੋਣ ਨਾਲ ਵਿਸ਼ਵ ਦੀ ਵਧ ਰਹੀ ਆਬਾਦੀ ਦੀ ਭੋਜਨ ਦੀ ਮੰਗ ਨੂੰ ਪੂਰਾ ਕਰਨ ਲਈ ਲੋੜੀਂਦੇ ਉਤਪਾਦ ਮੁਹੱਈਆ ਕਰਵਾਉਣ ਵਿਚ ਸਹਾਇਤਾ ਮਿਲੇਗੀ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਇਸ ਤਰ੍ਹਾਂ ਦੀ ਅਥਾਰਟੀ ਇਸ ਖੇਤਰ ਨੂੰ ਮੌਜੂਦਾ ਸਮੇਂ ਵਿਚ ਵਿਘਨ ਪਾਉਂਦੀਆਂ ਤਕਨੀਕੀ ਬੰਦਿਸ਼ਾਂ ਨੂੰ ਹੱਲ ਕਰਨ ਦੇ ਯੋਗ ਬਣਾਵੇਗੀ ਅਤੇ ਵਿਸ਼ਵ ਪੱਧਰੀ ਉਤਪਾਦਾਂ ਨੂੰ ਮੁਹੱਈਆ ਕਰਵਾਉਣ ਅਤੇ ਕੌਮਾਂਤਰੀ ਮੰਡੀ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਦੇ ਸਮਰੱਥ ਵੀ ਬਣਾਵੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਪਲਾਂਟ ਦੇ ਖੇਤਰ ਵਿਚ ਪਹਿਲਾਂ ਹੀ ਕਈ ਅਜਿਹੀਆਂ ਅਥਾਰਟੀਆਂ ਹਨ ਪਰ ਭਾਰਤ ਵਿਚ ਪਸ਼ੂ ਧਨ ਖੇਤਰ ਵਿਚ ਅਜਿਹੇ ਵਪਾਰ ਨੂੰ ਉਤਸ਼ਾਹਤ ਕਰਨ ਦੀ ਕਮੀ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਮੁਲਕ ਵਿਚ ਪਸ਼ੂ ਧਨ ਸੈਕਟਰ ਜੀ.ਡੀ.ਪੀ ਦਾ 4.11 ਫੀਸਦੀ ਅਤੇ ਖੇਤੀਬਾੜੀ ਦੇ ਕੁੱਲ ਜੀ.ਡੀ.ਪੀ ਦਾ 25.6 ਫੀਸਦੀ ਹਿੱਸਾ ਹੈ ਜਦਕਿ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਦਾ ਉਤਪਾਦਨ ਮੁੱਲ 29 ਫੀਸਦੀ ਹੈ। ਇਸ ਦੀ ਵਿਕਾਸ ਦਰ ਫਸਲ ਖੇਤਰ ਨਾਲੋਂ ਕਿਤੇ ਵੱਧ ਹੈ। ਉਨ੍ਹਾਂ ਦੱਸਿਆ ਕਿ ਪਸ਼ੂ ਧਨ ਕਿਸਾਨਾਂ ਦੀ ਆਰਥਿਕਤਾ ਵਿਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ ਕਿਉਂ ਜੋ ਇਹ ਕਿਸਾਨਾਂ ਨੂੰ ਸਥਾਈ ਆਮਦਨ, ਰੁਜ਼ਗਾਰ, ਭੋਜਨ ਅਤੇ ਸਮਾਜਿਕ ਸੁਰੱਖਿਆ ਮੁਹੱਈਆ ਕਰਵਾਉਂਦਾ ਹੈ। ਲਗਭਗ 20.5 ਮਿਲੀਅਨ ਲੋਕ ਜੋ ਮੁਲਕ ਦੀ ਆਬਾਦੀ ਦੀ 8.8 ਫੀਸਦੀ ਅਤੇ ਪੇਂਡੂ ਆਬਾਦੀ ਦਾ ਲਗਭਗ ਦੋ ਤਿਹਾਈ ਦੀ ਨੁਮਾਇੰਦਗੀ ਕਰਦੇ ਹਨ, ਆਪਣਾ ਜੀਵਨ ਬਸਰ ਕਰਨ ਲਈ ਪਸ਼ੂ ਧਨ ਖੇਤਰ ’ਤੇ ਨਿਰਭਰ ਕਰਦੇ ਹਨ। ਮੁਲਕ ਵਿਚ ਪਸ਼ੂਆਂ ਦੀ ਗਿਣਤੀ ਦੁਨੀਆਂ ਭਰ ਵਿਚ ਸਭ ਤੋਂ ਵੱਧ ਹੈ ਅਤੇ ਇਸ ਤੋਂ ਇਲਾਵਾ ਬੱਕਰੀਆਂ ਅਤੇ ਭੇਡਾਂ ਵਿਚ ਵੀ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਆਉਂਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਦੁੱਧ ਦੀ ਪੈਦਾਵਾਰ ਵਿਚ ਦੁਨੀਆਂ ’ਚ ਭਾਰਤ ਪਹਿਲਾ ਅਤੇ ਅੰਡਿਆਂ ਦੀ ਪੈਦਾਵਾਰ ’ਚ ਤੀਜੇ ਸਥਾਨ ’ਤੇ ਹੈ।
ਮੁੱਖ ਮੰਤਰੀ ਨੇ ਪਸ਼ੂ ਧਨ ਸੈਕਟਰ ਨੂੰ ਉਤਸ਼ਾਹਤ ਕਰਨ ਦੀ ਮਹੱਤਤਾ ਦੱਸੀ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਪਸ਼ੂ ਧਨ ਉਤਪਾਦ ਨੂੰ ਪਹਿਲ ਦੇ ਅਧਾਰ ’ਤੇ ਬਰਾਮਦ ਕੀਤੇ ਜਾਣ ਦੀ ਲੋੜ ਹੈ ਜਿਸ ਨਾਲ ਕੀਮਤੀ ਵਿਦੇਸ਼ੀ ਮੁਦਰਾ ਕਮਾਈ ਵਧੇਗੀ ਅਤੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਵੇਗਾ। ਇਸ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਭਾਰਤ ਸਰਕਾਰ ਦੇ ਟੀਚੇ ਨੂੰ ਵੀ ਪੂਰਾ ਕੀਤਾ ਜਾ ਸਕੇਗਾ। ਮੁੱਖ ਮੰਤਰੀ ਨੇ ਆਖਿਆ ਕਿ ਵੱਡੇ ਪੱਧਰ ’ਤੇ ਅਸੰਗਠਿਤ ਖੇਤਰ ਪਸ਼ੂ ਧਨ ਨੂੰ ਫੌਰੀ ਤੌਰ ’ਤੇ ਤਕਨੀਕੀ ਲੋੜਾਂ ਦੀ ਜ਼ਰੂਰਤ ਹੈ ਤਾਂ ਕਿ ਪਸ਼ੂ ਧਨ ਨੂੰ ਸਹਿਤਮੰਦ ਤੇ ਬਿਮਾਰੀ ਰਹਿਤ ਬਣਾਉਣ ਦੇ ਨਾਲ ਨਾਲ ਕੌਮਾਂਤਰੀ ਮੰਡੀ ਵਿਚ ਭਾਰਤੀ ਪਸ਼ੂ ਉਤਪਾਦਾਂ ਦੀ ਪ੍ਰਵਾਨਗੀ ਨੂੰ ਉਤਸ਼ਾਹਤ ਕੀਤਾ ਜਾ ਸਕੇ।
ਕੈਪਟਨ ਅਮਰਿੰਦਰ ਸਿੰਘ ਨੇ ਸਮੁੰਦਰੀ ਉਤਪਾਦ ਨਿਰਯਾਤ ਵਿਕਾਸ ਅਥਾਰਟੀ ਦੀ ਮਿਸਾਲ ਦਿੱਤੀ ਜੋ ਬਰਾਮਦ ਦੇ ਉਦੇਸ਼ ਲਈ ਸਮੁੰਦਰੀ ਉਤਪਾਦਾਂ ਦੇ ਉਦਯੋਗ ਨੂੰ ਹੁਲਾਰਾ ਦਿੰਦੀ ਹੈ ਅਤੇ ਬਰਾਮਦਕਾਰਾਂ, ਕਿਸਾਨਾਂ ਤੇ ਮਛੇਰਿਆਂ ਨੂੰ ਬੁਨਿਆਦੀ ਢਾਂਚਾ, ਗੁਣਵੱਤਾ ਨਿਯੰਤਰਣ, ਤਕਨੀਕੀ ਸੇਧ, ਸਮਰੱਥਾ ਨਿਰਮਾਣ ਦੀਆਂ ਸੇਵਾਵਾਂ ਮੁਹੱਈਆ ਕਰਵਾ ਕੇ ਮੱਛੀ ਉਤਪਾਦਾਂ ਦਾ 30 ਹਜ਼ਾਰ ਕਰੋੜ ਰੁਪਏ ਦਾ ਸਾਲਾਨਾ ਨਿਰਯਾਤ ਕਰਦੀ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਉਤਪਾਦ ਨਿਰਯਾਤ ਵਿਕਾਸ ਅਥਾਰਟੀ ਸਾਲਾਨਾ 1,10,000 ਕਰੋੜ ਰੁਪਏ ਦੇ ਪਲਾਂਟ ਅਤੇ ਪਸ਼ੂ ਸੈਕਟਰ ਦੇ ਨਿਰਯਾਤ ਦਾ ਪ੍ਰਬੰਧ ਕਰਦੀ ਹੈ ਜਿਸ ਵਿਚ ਪਸ਼ੂ ਉਤਪਾਦ ਦਾ ਲਗਭਗ 30 ਹਜ਼ਾਰ ਕਰੋੜ ਰੁਪਏ (27 ਫੀਸਦੀ) ਬਣਦਾ ਹੈ, ਫਿਰ ਵੀ ਇਹ ਅਥਾਰਟੀ ਇਸ ਮਹੱਤਵਪੂਰਨ ਸੈਕਟਰ ਦੀਆਂ ਚਿੰਤਾਵਾਂ ਨੂੰ ਢੁਕਵੇਂ ਢੰਗ ਨਾਲ ਮੁਖਾਤਬ ਨਹੀਂ ਹੁੰਦੀ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…