nabaz-e-punjab.com

ਮੁੱਖ ਮੰਤਰੀ ਵੱਲੋਂ ਅਨਾਜ ਖਾਤੇ ਨਾਲ ਸਬੰਧਤ 31 ਹਜ਼ਾਰ ਕਰੋੜ ਦੇ ਨਿਪਟਾਰੇ ਲਈ ਅਰੁਣ ਜੇਤਲੀ ਤੋਂ ਨਿੱਜੀ ਦਖ਼ਲ ਦੀ ਮੰਗ

ਅਰੁਣ ਜੇਤਲੀ ਵੱਲੋਂ ਇਸ ਮੁੱਦੇ ’ਤੇ ਵਿਚਾਰ ਵਟਾਂਦਰੇ ਲਈ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਸੱਦਾ

ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ\ਚੰਡੀਗੜ੍ਹ, 31 ਅਗਸਤ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਣਕ ਅਤੇ ਝੋਨੇ ਦੀ ਖਰੀਦ ਦੇ ਸਬੰਧ ਵਿੱਚ ਅਨਾਜ ਖਾਤੇ ਦੇ 31,000 ਕਰੋੜ ਰੁਪਏ ਦੇ ਤੁਰੰਤ ਨਿਪਟਾਰੇ ਲਈ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੇ ਨਿੱਜੀ ਦਖਲ ਦੀ ਮੰਗ ਕੀਤੀ ਹੈ। ਇਹ ਰਾਸ਼ੀ ਪਿਛਲੀ ਸਰਕਾਰ ਨੇ ਸੂਬੇ ਅਤੇ ਕੇਂਦਰ ਸਰਕਾਰ ਵਿਚਕਾਰ ਵਿਵਸਥਿਤ ਕਰਨ ਦੀ ਥਾਂ ਗਲਤੀ ਨਾਲ ਆਪਣੇ ਸਿਰ ’ਤੇ ਲੈ ਲਈ ਸੀ। ਅੱਜ ਸ਼ਾਮ ਸ੍ਰੀ ਜੇਤਲੀ ਦੇ ਸਰਕਾਰੀ ਨਿਵਾਸ ਸਥਾਨ ’ਤੇ ਇਕ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸ੍ਰੀ ਜੇਤਲੀ ਕੋਲ ਇਹ ਮੁੱਦਾ ਉਠਾਉਂਦੇ ਹੋਏ ਉਨ੍ਹਾਂ ਨੂੰ ਦੱਸਿਆ ਕਿ ਇਸ 31 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਵਿੱਚ 12,000 ਕਰੋੜ ਰੁਪਏ ਮੂਲ ਰਾਸ਼ੀ ਹੈ ਜਦਕਿ ਇਸ ’ਤੇ 19,000 ਕਰੋੜ ਰੁਪਏ ਵਿਆਜ ਹੈ।
ਉਨ੍ਹਾਂ ਕਿਹਾ ਕਿ ਇਹ ਪਹਿਲਾਂ ਹੀ ਵਿੱਤੀ ਦਬਾਅ ਦਾ ਸਾਹਮਣਾ ਕਰ ਰਹੇ ਸੂਬੇ ’ਤੇ ਹੋਰ ਬੋਝ ਹੈ। ਉਨ੍ਹਾਂ ਨੇ 2003-04 ਤੋਂ ਲੈ ਕੇ ਐਫ.ਸੀ.ਆਈ. ਦੇ ਵਾਸਤੇ ਸੂਬਾ ਏਜੰਸੀਆਂ ਵੱਲੋਂ ਕੀਤੀ ਗਈ ਖਰੀਦ ਦੇ ਵਾਸਤੇ ਵੀ ਖਾਤਿਆਂ ਨੂੰ ਵਿਵਸਥਿਤ ਨਾ ਕਰਨ ਸਬੰਧੀ ਰਾਸ਼ੀ ਦਾ ਜ਼ਿਕਰ ਕੀਤਾ। ਇਸ ਮੁੱਦੇ ਨੂੰ ਤੁਰੰਤ ਹੱਲ ਕਰਨ ਦੀ ਕੇਂਦਰੀ ਵਿੱਤ ਮੰਤਰੀ ਨੂੰ ਅਪੀਲ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਲੈ ਕੇ ਉਹ ਇਸ ਮੁੱਦੇ ਨੂੰ ਵਾਰ-ਵਾਰ ਉਠਾਉਂਦੇ ਰਹੇ ਹਨ ਅਤੇ ਇਹ ਹੁਣ ਕੇਂਦਰੀ ਵਿੱਤ ਮੰਤਰੀ ਦੇ ਫੈਸਲੇ ਵਾਸਤੇ ਲੰਬਿਤ ਪਿਆ ਹੋਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸੂਬਾ ਪਹਿਲਾਂ ਹੀ 3240 ਕਰੋੜ ਰੁਪਏ ਦੇ ਸਾਲਾਨਾ ਵਿਆਜ ਭੁਗਤਾਨ ਦੀ ਦੇਣਦਾਰੀ ਦਾ ਸਾਹਮਣਾ ਕਰ ਰਿਹਾ ਹੈ ਅਤੇ 20 ਸਾਲ ਦੇ ਭੁਗਤਾਨ ਸਮੇਂ ਦੌਰਾਨ ਭੁਗਤਾਨ ਦੀ ਇਹ ਕੁਲ ਰਾਸ਼ੀ 65 ਹਜ਼ਾਰ ਕਰੋੜ ਰੁਪਏ ਤੱਕ ਲਾਜ਼ਮੀ ਤੌਰ ’ਤੇ ਪਹੁੰਚ ਜਾਵੇਗੀ ਜੋ ਕਿ ਸੂਬੇ ਲਈ ਪੂਰੀ ਤਰ੍ਹਾਂ ਗੈਰ-ਤਰਕਸੰਗਤ ਹੈ।
ਮੁੱਖ ਮੰਤਰੀ ਵੱਲੋਂ ਉਠਾਏ ਗਏ ਮੁੱਦੇ ਦੇ ਸਬੰਧ ਵਿੱਚ ਅਰੁਣ ਜੇਤਲੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਮਾਮਲੇ ਦਾ ਪੂਰੀ ਤਰ੍ਹਾਂ ਜਾਇਜ਼ਾ ਲੈਣਗੇ ਅਤੇ ਇਸ ਦਾ ਤੇਜ਼ੀ ਨਾਲ ਨਿਪਟਾਰਾ ਕਰਨਗੇ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਿੱਚ ਸੂਬੇ ਦੇ ਅਧਿਕਾਰੀਆਂ ਦੀ ਇੱਕ ਉੱਚ ਪੱਧਰੀ ਟੀਮ ਇਸ ਸਮੁੱਚੇ ਮਾਮਲੇ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਭੇਜਣ। ਇਸ ਸਮੇਂ ਮੁੱਖ ਮੰਤਰੀ ਦੇ ਨਾਲ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Agriculture & Forrest

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…