Nabaz-e-punjab.com

ਮੁੱਖ ਮੰਤਰੀ ਵੱਲੋਂ 30 ਅਪਰੈਲ ਤੱਕ ਕਣਕ ਦੀ ਖ਼ਰੀਦ ਸਬੰਧੀ ਕਿਸਾਨਾਂ ਦੇ ਸਾਰੇ ਬਕਾਏ ਦਾ ਭੁਗਤਾਨ ਕਰਨ ਦੇ ਹੁਕਮ

ਸਰਕਾਰੀ ਖ਼ਰੀਦ ਏਜੰਸੀਆਂ ਨੂੰ ਕਣਕ ਦੀ ਲਿਫ਼ਟਿੰਗ ਦੇ ਕੰਮ ਵਿੱਚ ਹੋਰ ਤੇਜੀ ਲਿਆਉਣ ਦੇ ਆਦੇਸ਼

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 26 ਅਪਰੈਲ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਖੁਰਾਕ ਤੇ ਸਿਵਲ ਸਪਲਾਈਜ ਵਿਭਾਗ ਨੂੰ 30 ਅਪ੍ਰੈਲ ਤੱਕ ਹਰ ਹਾਲ ਵਿੱਚ ਕਿਸਾਨਾਂ ਦੇ ਬਕਾਏ ਦਾ ਨਿਪਟਾਰਾ ਕਰਨ ਦੇ ਹੁਕਮ ਦਿੱਤੇ ਹਨ।ਇਸ ਦੇ ਨਾਲ ਹੀ ਸਾਰੀਆਂ ਖਰੀਦ ਏਜੰਸੀਆਂ ਨੂੰ ਵੀ ਸੂਬਾ ਭਰ ਦੀਆਂ ਮੰਡੀਆਂ ਵਿੱਚ ਹੁਣ ਤੱਕ ਖਰੀਦੀ ਜਾ ਚੁੱਕੀ ਕਣਕ ਦੀ ਲਿਫਟਿੰਗ ਵਿਚ ਤੇਜੀ ਲਿਆਉਣ ਦੇ ਆਦੇਸ਼ ਦਿੱਤੇ ਹਨ। ਮੱੁਖ ਮੰਤਰੀ ਨੇ ਸਾਰੀਆਂ ਖਰੀਦ ਏਜੰਸੀਆਂ ਦੇ ਮੁਖੀਆਂ ਅਤੇ ਖੁਰਾਕ ਤੇ ਸਿਵਲ ਸਪਲਾਈਜ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਉਚ-ਪੱਧਰੀ ਮੀਟਿੰਗ ਕਰਕੇ ਕਣਕ ਦੀ ਆਮਦ, ਖਰੀਦ, ਲਿਫਟਿੰਗ ਅਤੇ ਕਿਸਾਨਾਂ ਦੀ ਅਦਾਇਗੀ ਬਾਰੇ ਪ੍ਰਗਤੀ ਦਾ ਜਾਇਜਾ ਲਿਆ।
ਮੁੱਖ ਮੰਤਰੀ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਸਿੱਧੀ ਅਦਾਇਗੀ ਦੀ ਪ੍ਰਣਾਲੀ ਲਾਗੂ ਹੋਣ ਅਤੇ ਬਾਰਦਾਨੇ ਦੀ ਘਾਟ ਵਰਗੀਆਂ ਅੌਕੜਾਂ ਪੇਸ਼ ਆਈਆਂ ਸਨ ਪਰ ਹੁਣ ਸਥਿਤੀ ਵਿਚ ਵਰਨਣਯੋਗ ਸੁਧਾਰ ਹੋਇਆ ਹੈ ਅਤੇ ਹੁਣ ਤੱਕ 5.59 ਲੱਖ ਕਿਸਾਨਾਂ ਦੇ ਖਾਤਿਆਂ ਵਿਚ 10,000 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਭਾਰਤ ਸਰਕਾਰ ਦੇ ‘ਅਨਾਜ ਖਰੀਦ’ ਪੋਰਟਲ ਉਤੇ ਕਿਸਾਨਾਂ ਦੇ ਲੋੜੀਂਦੇ ਦਸਤਾਵੇਜ ਅਪਲੋਡ ਕਰਨ ਵਿਚ ਤੇਜੀ ਲਿਆਂਦੀ ਜਾਵੇ ਤਾਂ ਕਿ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਕ ਵਾਰ ਇਹ ਰਸਮੀ ਕਾਰਵਾਈਆਂ ਮੁਕੰਮਲ ਹੋਣ ਉਤੇ ਕਿਸਾਨਾਂ ਦੀ 2900 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਵੀ ਅਦਾ ਕਰ ਦਿੱਤੀ ਜਾਵੇਗੀ।
ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦਣ ਲਈ ਆਪਣੀ ਸਰਕਾਰੀ ਦੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੰਡੀਆਂ ਵਿਚ ਪਹੁੰਚੀ 86.74 ਲੱਖ ਮੀਟਰਕ ਟਨ ਵਿੱਚੋਂ 84.18 ਲੱਖ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਦਿਕ ਮੰਡੀਆਂ ਵਿਚ ਅਣਵਿਕੀ ਕਣਕ ਨੂੰ ਵੀ ਤੁਰੰਤ ਖਰੀਦਿਆ ਜਾਵੇਗਾ ਤਾਂ ਕਿ ਕਿਸੇ ਵੀ ਕਿਸਾਨ ਨੂੰ ਬਿਨਾਂ ਵਜ੍ਹਾ ਮੰਡੀ ਵਿਚ ਨਾ ਰੁਕਣਾ ਪਵੇ। ਹਾਲਾਂਕਿ, ਉਨ੍ਹਾਂ ਨੇ ਖਰੀਦ ਏਜੰਸੀਆਂ ਨੂੰ ਵੀ ਮੰਡੀਆਂ ਵਿਚ ਜਮ੍ਹਾਂ ਹੋਏ 46 ਲੱਖ ਮੀਟਰਕ ਟਨ ਦੇ ਸਟਾਕ ਨੂੰ ਤੁਰੰਤ ਚੁੱਕਣ ਲਈ ਆਖਿਆ।
ਇਸੇ ਦੌਰਾਨ ਵਧੀਕ ਮੁੱਖ ਸਕੱਤਰ ਵਿਕਾਸ ਅਨਿਰੁਧ ਤਿਵਾੜੀ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਨੇ ਸੂਬਾ ਭਰ ਦੀਆਂ ਅਨਾਜ ਮੰਡੀਆਂ ਵਿਚ ‘ਕਿਸਾਨ ਸਹਾਇਤਾ ਡੈਸਕ’ ਸਥਾਪਤ ਕੀਤੇ ਹਨ ਜਿੱਥੇ ਆਈ.ਟੀ ਪੇਸ਼ੇਵਾਰ ਅਤੇ ਬੋਰਡ ਦੇ ਮੁਲਾਜਮ ਨਵੇਂ ਪੋਰਟਲ ਉਤੇ ਰਜਿਸਟਰ ਹੋਣ ਲਈ ਕਿਸਾਨਾਂ ਦੀ ਮਦਦ ਕਰ ਰਹੇ ਹਨ ਤਾਂ ਕਿ ਸਿੱਧੀ ਅਦਾਇਗੀ ਰਾਹੀਂ ਉਨ੍ਹਾਂ ਦੇ ਖਾਤਿਆਂ ਵਿਚ ਭੁਗਤਾਨ ਸਮੇਂ ਸਿਰ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਖੁਰਾਕ ਤੇ ਸਿਵਲ ਸਪਲਾਈਜ ਵਿਭਾਗ 22,000 ਆੜ੍ਹਤੀਆਂ ਦੇ ਖਾਤਿਆਂ ਵਿਚ ਭੁਗਤਾਨ ਕਰ ਦਿੰਦਾ ਸੀ ਜੋ ਅੱਗੇ ਕਿਸਾਨਾਂ ਦੇ ਖਾਤਿਆਂ ਵਿਚ ਟਰਾਂਸਫਰ ਕਰ ਦਿੰਦੇ ਸਨ। ਹਾਲਾਂਕਿ, ਮੌਜੂਦਾ ਖਰੀਦ ਸੀਜਨ ਤੋਂ ਸਿੱਧੀ ਅਦਾਇਗੀ ਦੀ ਪ੍ਰਣਾਲੀ ਲਾਗੂ ਹੋ ਜਾਣ ਨਾਲ ਖਰੀਦ ਏਜੰਸੀਆਂ ਵੱਲੋਂ ਅਦਾਇਗੀ ਸਿੱਧੀ ਕਿਸਾਨਾਂ ਦੇ ਖਾਤਿਆਂ ਵਿਚ ਤਬਦੀਲ ਕੀਤੀ ਜਾ ਰਹੀ ਹੈ।
ਹਾਲ ਹੀ ਵਿਚ ਕੋਵਿਡ ਦੇ ਵਧ ਰਹੇ ਕੇਸਾਂ ਦੇ ਮੱਦੇਨਜਰ ਸੂਬਾ ਸਰਕਾਰ ਨੇ ਸਾਰੀਆਂ 145 ਮਾਰਕੀਟ ਕਮੇਟੀਆਂ ਵਿਚ ‘ਕੋਵਿਡ ਟੀਕਾਕਰਨ ਕੈਂਪ’ ਸਥਾਪਤ ਕੀਤੇ ਗਏ ਹਨ ਤਾਂ ਕਿ ਮੰਡੀਆਂ ਵਿਚ ਆਉਣ ਵਾਲੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਵਿਡ ਤੋਂ ਬਚਾਅ ਦਾ ਟੀਕਾ ਲਾਇਆ ਜਾ ਸਕੇ ਜਿਸ ਨਾਲ ਕਿਸਾਨਾਂ, ਆੜ੍ਹਤੀਆਂ, ਮਜਦੂਰਾਂ, ਖਰੀਦ ਏਜੰਸੀਆਂ ਦੇ ਮੁਲਾਜਮਾਂ ਅਤੇ ਹੋਰ ਧਿਰਾਂ ਦੀ ਸਿਹਤ ਨੂੰ ਯਕੀਨੀ ਬਣਾਇਆ ਜਾ ਸਕੇ।
ਲਿਫਟਿੰਗ ਦੇ ਮੁੱਦੇ ਉਤੇ ਖੁਰਾਕ ਤੇ ਸਿਵਲ ਸਪਲਾਈਜ ਦੇ ਪ੍ਰਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਦੱਸਿਆ ਕਿ ਇਸ ਵੇਲੇ ਕਣਕ ਦੀ ਭਰਾਈ ਲਈ 16.84 ਕਰੋੜ ਥੈਲੇ ਪਹਿਲਾਂ ਹੀ ਵਰਤੇ ਜਾ ਚੁੱਕੇ ਹਨ ਅਤੇ ਸੂਬੇ ਦੀਆਂ ਸਾਰੀਆਂ ਅਨਾਜ ਮੰਡੀਆਂ ਵਿਚ ਢੁਕਵੀਂ ਮਾਤਰਾ ਵਿਚ ਬਾਰਦਾਨਾ ਮੁਹੱਈਆ ਕਰਵਾਇਆ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In Agriculture & Forrest

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …