Nabaz-e-punjab.com

ਮੁੱਖ ਮੰਤਰੀ ਵੱਲੋਂ ਬਾਗਬਾਨੀ ਪ੍ਰਾਜੈਕਟਾਂ ਲਈ ਵੱਖਰੀ ਪ੍ਰਸ਼ਾਸਕੀ ਸੰਸਥਾ ਬਣਾਉਣ ਲਈ ਹਰੀ ਝੰਡੀ

ਬਾਗਬਾਨੀ ਲਈ ਜ਼ਮੀਨ ਪਟੇ ’ਤੇ ਦੇਣ ਵਾਲਿਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਵੱਖਰਾ ਵਿਧੀ ਵਿਧਾਨ ਬਣਾਉਣ ਲਈ ਹੁਕਮ

ਪੰਜਾਬ ਵਿੱਚ ਬਾਗਬਾਨੀ ਨੂੰ ਹੁਲਾਰਾ ਦੇਣ ਲਈ ਵੱਖਰੇ ਮੰਡੀ ਬੋਰਡ ਤੇ ਯੂਨੀਵਰਸਿਟੀ ਦਾ ਪ੍ਰਸਤਾਵ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 16 ਮਈ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਗਬਾਨੀ ਨਾਲ ਸਬੰਧਤ ਵੱਖ-ਵੱਖ ਪ੍ਰਾਜੈਕਟਾਂ ਨੂੰ ਸ਼ੁਰੂ ਕਰਨ ਵਾਸਤੇ ਇਕ ਵੱਖਰੀ ਪ੍ਰਸ਼ਾਸਕੀ ਸੰਸਥਾ ਸਥਾਪਤ ਕਰਨ ਲਈ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ। ਇਸ ਨਾਲ ਹੀ ਮੁੱਖ ਮੰਤਰੀ ਨੇ ਬਾਗਬਾਨੀ ਦੇ ਵਿਕਾਸ ਲਈ ਕਾਰਪੋਰੇਟਸ/ਵਿਅਕਤੀਆਂ ਨੂੰ ਪਟੇ ’ਤੇ ਜ਼ਮੀਨ ਦੇਣ ਵਾਸਤੇ ਜ਼ਮੀਨ ਮਾਲਕਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਵਿਧੀ ਵਿਧਾਨ ਤਿਆਰ ਕਰਨ ਲਈ ਵੀ ਹੁਕਮ ਜਾਰੀ ਕੀਤੇ ਹਨ। ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਦੀ ਮੀਟਿੰਗ ਤੋਂ ਬਾਅਦ ਇਸ ਦੀ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਰਵਾਇਤੀ ਖੇਤੀ ਤੋਂ ਵਿਗਿਆਨਕ ਲੀਹਾਂ ’ਤੇ ਬਾਗਬਾਨੀ ਵੱਲ ਨੂੰ ਮੋੜਾ ਕੱਟਣ ਲਈ ਆਪਣੇ ਪ੍ਰਮੁੱਖ ਸਕੱਤਰ ਅਤੇ ਮੁੱਖ ਸਕੱਤਰ ਨੂੰ ਇਕ ਵਿਆਪਕ ਯੋਜਨਾ ਤਿਆਰ ਕਰਨ ਲਈ ਵੀ ਆਖਿਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਨੇ ਸੂਬੇ ਵਿਚ ਕਣਕ-ਝੋਨੇ ਦੀ ਰਵਾਇਤੀ ਖੇਤੀ ਤੋਂ ਬਾਗਬਾਨੀ ਵੱਲ ਨੂੰ ਮੋੜਾ ਕੱਟਣ ਲਈ ਕਿਸਾਨਾਂ ਨੂੰ ਉਤਸ਼ਾਹਤ ਕਰਨ ਲਈ ਖੇਤੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਹੋਰ ਵੱਡੀਆਂ ਪਹਿਲਕਦਮੀਆਂ ਵਾਸਤੇ ਵੀ ਵੱਡੇ ਕਦਮ ਚੁੱਕਣ ਲਈ ਹੁਕਮ ਜਾਰੀ ਕੀਤੇ ਹਨ। ਜ਼ਮੀਨ ਦੇ ਖੁਸ ਜਾਣ ਦੇ ਡਰੋਂ ਮਾਲਕਾਂ ਵੱਲੋਂ ਆਪਣੀ ਜ਼ਮੀਨ ਪਟੇ ’ਤੇ ਨਾ ਦੇਣ ਦਾ ਜ਼ਿਕਰ ਕਰਦੇ ਹੋਏ ਅਧਿਕਾਰੀਆਂ ਨੇ ਪੰਜਾਬ ਵਿਚ ਬਾਗਬਾਨੀ ’ਚ ਕਾਰਪੋਰੇਟਸ/ਵਿਅਕਤੀਆਂ ਦੇ ਨਿਵੇਸ਼ ਨੂੰ ਯਕੀਨੀ ਬਣਾਉਣ ਲਈ ਜ਼ਮੀਨ ਦੀ ਹੱਦ ਤੋਂ ਵੱਧ ਜ਼ਮੀਨ ਪਟੇ ’ਤੇ ਰੱਖਣ ਅਤੇ ਜੋਤਾਂ ਹੇਠ ਲੈਣ ਦੀ ਆਗਿਆ ਦੇਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਮੁੱਖ ਮੰਤਰੀ ਨੇ ਲੰਮੀ ਮਿਆਦ ਦੇ ਠੇਕੇ/ਪਟੇ ਦੇ ਮਾਮਲੇ ਵਿਚ ਮਲਕੀਅਤ/ਕਬਜ਼ਾ ਸਬੰਧੀ ਅਧਿਕਾਰਾਂ ਦੀ ਰੱਖਿਆ ਵਾਸਤੇ 2011 ਦੀ ਸੋਧ ’ਚ ਢੁਕਵੇਂ ਕਾਨੂੰਨ ਬਣਾ ਕੇ ਸਖ਼ਤੀ ਨਾਲ ਲਾਗੂ ਕਰਨ ਲਈ ਕਦਮ ਚੁੱਕਣ ਦੇ ਹੁਕਮ ਦਿੱਤੇ।
ਬੁਲਾਰੇ ਅਨੁਸਾਰ ਪ੍ਰਸਤਾਵਿਤ ਨਵੇਂ ਪ੍ਰਸ਼ਾਸਕੀ ਮੁਖੀ ਦੇ ਸਬੰਧ ਵਿਚ ਬਾਗਬਾਨੀ ਨਾਲ ਸਬੰਧਤ ਵੱਖ-ਵੱਖ ਪ੍ਰਾਜੈਕਟਾਂ ਅਤੇ ਵਿਭਿੰਨ ਸਰਗਰਮੀਆਂ ਉੱਤੇ ਤਾਲਮੇਲ ਦੇ ਰਾਹੀਂ ਨਿਗਰਾਨੀ ਰੱਖਣ ਦੀ ਜ਼ਰੂਰਤ ਬਾਰੇ ਵੀ ਮੀਟਿੰਗ ’ਚ ਫੈਸਲਾ ਕੀਤਾ ਗਿਆ। ਇਸ ਕਾਰਜ ਨਾਲ ਮੌਜੂਦਾ ਸਮੇਂ ਸਬੰਧਤ ਵੱਖ-ਵੱਖ ਸੂਬਾ ਸਰਕਾਰ ਦੇ ਵਿਭਾਗਾਂ ਦੇ ਕੰਮਕਾਜ ਨੂੰ ਦਰੁਸਤ ਕਰਨ ਲਈ ਸਕੱਤਰ ਬਾਗਬਾਨੀ ਦੇ ਹੇਠ ਨਵਾਂ ਮੁਖੀ ਸਥਾਪਤ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਪੰਜਾਬ ਖੇਤੀਬਾੜੀ ਮੰਡੀਕਰਨ ਵਿਕਾਸ ਬੋਰਡ (ਮੰਡੀ ਬੋਰਡ) ਦੀ ਤਰਜ਼ ’ਤੇ ਪੰਜਾਬ ਬਾਗਬਾਨੀ ਬੋਰਡ ਸਥਾਪਤ ਕਰਨ ਲਈ ਵੀ ਸਹਿਮਤੀ ਦੇ ਦਿੱਤੀ ਹੈ ਤਾਂ ਜੋ ਕਿਸਾਨਾਂ ਨੂੰ ਬਾਗਬਾਨੀ ਵੱਲ ਮੋੜਣ ਵਾਸਤੇ ਉਨ੍ਹਾਂ ਦੀ ਸਹਾਇਤਾ ਕੀਤੀ ਜਾ ਸਕੇ। ਮੀਟਿੰਗ ਦੌਰਾਨ ਪੰਜਾਬ ਭੌਂ ਸੁਧਾਰ ਐਕਟ, 1973 ਦੀਆਂ ਊਣਤਾਈਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਦਾ ਮਕਸਦ ਕਿੰਨੂ ਤੋਂ ਇਲਾਵਾ ਹੋਰ ਫਲਾਂ ਸਣੇ ਬਗੀਚੇ ਨੂੰ ਮੁੜ ਪ੍ਰਭਾਸ਼ਿਤ ਕਰਨਾ ਅਤੇ ਇਸ ਦੇ ਹੇਠ ਪ੍ਰਮਾਣਿਤ ਯੋਗ ਖੇਤਰ ਦਾ ਜਾਇਜ਼ਾ ਲੈਣਾ ਸ਼ਾਮਲ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਵਧੀਕ ਮੁੱਖ ਸਕੱਤਰ (ਬਾਗਬਾਨੀ) ਵੱਲੋਂ ਗੁਰੂ ਅੰਗਦ ਦੇਵ ਯੂਨੀਵਰਸਿਟੀ ਆਫ ਵੈਟਰਨਰੀ ਸਾਇੰਸ ਦੀ ਤਰਜ਼ ’ਤੇ ਫ਼ਲਾਂ, ਸਬਜ਼ੀਆਂ ਅਤੇ ਫੁੱਲਾਂ ਦੇ ਵਿਕਾਸ ਅਤੇ ਖੋਜ ਲਈ ਵੱਖਰੀ ਯੂਨੀਵਰਸਿਟੀ ਸਥਾਪਤ ਕਰਨ ਦੇ ਪੇਸ਼ ਕੀਤੇ ਪ੍ਰਸਤਾਵ ’ਤੇ ਸਹਿਮਤੀ ਪ੍ਰਗਟਾਈ ਤਾਂ ਜੋ ਸੂਬੇ ਦੇ ਬਾਗਬਾਨੀ ਸੈਕਟਰ ਨੂੰ ਹੋਰ ਹੁਲਾਰਾ ਦਿੱਤਾ ਜਾ ਸਕੇ। ਇਕ ਹੋਰ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਮੁੱਖ ਮੰਤਰੀ ਨੇ ਬਾਗਬਾਨੀ ਵਿਭਾਗ ਵਿਚ ਖਾਲੀ ਅਸਾਮੀਆਂ ਪੁਰ ਕਰਨ ਦੇ ਵੀ ਨਿਰਦੇਸ਼ ਦਿੱਤੇ। ਬੁਲਾਰੇ ਅਨੁਸਾਰ ਇਹ ਆਸਾਮੀਆਂ ਭਰਨ ਲਈ ਪੰਜਾਬ ਲੋਕ ਸੇਵਾ ਕਮਿਸ਼ਨ ਰਾਹੀਂ ਪ੍ਰਕ੍ਰਿਆ ਤੇਜ਼ ਕੀਤੀ ਜਾਵੇਗੀ ਜਾਂ ਫਿਰ ਪ੍ਰਸੋਨਲ ਤੇ ਵਿੱਤ ਵਿਭਾਗ ਦੀ ਪ੍ਰਵਾਨਗੀ ਤੋਂ ਬਾਅਦ ਮਨਜ਼ੂਰਸ਼ੁਦਾ ਖਾਲੀ ਆਸਾਮੀਆਂ ਨੂੰ ਪੀ.ਪੀ.ਐਸ.ਸੀ. ਦੇ ਘੇਰੇ ਤੋਂ ਬਾਹਰ ਕੱਢ ਕੇ ਤੇਜ਼ੀ ਨਾਲ ਭਰਿਆ ਜਾਵੇਗਾ। ਪੀ.ਪੀ.ਐਸ.ਸੀ ਦੇ ਘੇਰੇ ਤੋਂ ਬਾਹਰ ਕੱਢੇ ਜਾਣ ਦੀ ਸੂਰਤ ਵਿਚ ਇਹ ਆਸਾਮੀਆਂ ਵਿਭਾਗੀ ਚੋਣ ਕਮੇਟੀ ਵੱਲੋਂ ਲਿਖਤੀ ਟੈਸਟ ਦੇ ਅਧਾਰ ’ਤੇ ਪੂਰੀ ਤਰ੍ਹਾਂ ਮੈਰਿਟ ’ਤੇ ਭਰੀਆਂ ਜਾਣਗੀਆਂ ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਲਿਆ ਜਾਵੇਗਾ।
ਸੂਬੇ ਵਿੱਚ ਸੰਕਟ ’ਚੋਂ ਜੂਝ ਰਹੇ ਕਿਸਾਨਾਂ ਲਈ ਹੰਢਣਸਾਰ ਵਿਕਾਸ ਬਣਾਉਣ ਵਾਸਤੇ ਫਸਲੀ ਵੰਨ-ਸੁਵੰਨਤਾ ਨੂੰ ਜ਼ੋਰ-ਸ਼ੋਰ ਨਾਲ ਅਮਲ ਵਿੱਚ ਲਿਆਉਣ ਵਿੱਚ ਜੁਟੇ ਕੈਪਟਨ ਅਮਰਿੰਦਰ ਸਿੰਘ ਨੇ ਬਾਗਬਾਨੀ ਦੇ ਖੇਤਰ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਉੱਘੇ ਕੌਮਾਂਤਰੀ ਮਾਹਿਰਾਂ ਦੀਆਂ ਸੇਵਾਵਾਂ ਲੈ ਕੇ ਕਿੰਨੂਆਂ ਦੀ ਨਵੀਂਆਂ ਕਿਸਮਾਂ ਵਿਕਸਤ ਕਰਨ ਲਈ ਖੋਜ ਤੇ ਵਿਕਾਸ ਦੀ ਲੋੜ ’ਤੇ ਜ਼ੋਰ ਦਿੱਤਾ। ਮੀਟਿੰਗ ਦੌਰਾਨ ਦੱਖਣੀ ਪੰਜਾਬ ਵਿੱਚ ਅਬੋਹਰ ਵਿਖੇ ਕੋਲਡ ਸਟੋਰੇਜ ਨਾਲ ਸਮਰਪਿਤ ਕਿੰਨੂ ਮੰਡੀ ਸਥਾਪਤ ਕਰਨ ਲਈ ਪ੍ਰਸਤਾਵਿਤ ਕੀਤਾ ਗਿਆ। ਮੁੱਖ ਮੰਤਰੀ ਨੇ ਜੂਸ ਤੇ ਹੋਰ ਪੀਣ ਵਾਲੇ ਪਦਾਰਥਾਂ ਦਾ ਘਰੇਲੂ ਦੇ ਨਾਲ-ਨਾਲ ਕੌਮਾਂਤਰੀ ਪੱਧਰ ’ਤੇ ਮੰਡੀਕਰਨ ਯਕੀਨੀ ਬਣਾਉਣ ਲਈ ਪੈਪਸੀਕੋ, ਟਰੌਪੀਕਾਨਾ, ਹਿੰਦੁਸਤਾਨ ਯੂਨੀਲਿਵਰ ਵਰਗੀਆਂ ਬਹੁ-ਕੌਮੀ ਕੰਪਨੀਆਂ ਨਾਲ ਸਾਂਝੇ ਉੱਦਮ ਸਥਾਪਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੱਖਣੀ ਪੰਜਾਬ ਵਿੱਚ ਫਲ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਵਾਤਾਨਕੂਲ ਭੰਡਾਰ ਕਰਨ ਵਾਸਤੇ ਬੁਨਿਆਦੀ ਢਾਂਚਾ ਵਿਕਸਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਜਿਸ ਨਾਲ ਘਰੇਲੂ ਮਾਰਕੀਟ ਤੇ ਬਰਾਮਦ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇਗਾ। ਮੀਟਿੰਗ ਵਿੱਚ ਫੁੱਲਾਂ ਦੀ ਕਾਸ਼ਤ ਅਤੇ ਮਧੂ ਮੱਖੀ ਪਾਲਣ ਦੇ ਨਾਲ-ਨਾਲ ਖੁੰਬਾਂ ਤੇ ਆਲੂਆਂ ਦੇ ਵਿਕਾਸ ਤੋਂ ਇਲਾਵਾ ਟਮਾਟਰਾਂ ਦੀ ਮੰਡੀ ਸਥਾਪਤ ਕਰਨ ਨਾਲ ਸਬੰਧਤ ਮਾਮਲਿਆਂ ’ਤੇ ਵੀ ਵਿਚਾਰ ਕੀਤੀ ਗਈ। ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਵਧੀਕ ਮੁੱਖ ਸਕੱਤਰ (ਬਾਗਬਾਨੀ) ਹਿੰਮਤ ਸਿੰਘ, ਵਧੀਕ ਮੁੱਖ ਸਕੱਤਰ (ਵਿਕਾਸ) ਸਤੀਸ਼ ਚੰਦਰਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ, ਸਕੱਤਰ ਖੇਤੀਬਾੜੀ ਵਿਵੇਕ ਪ੍ਰਤਾਪ ਸਿੰਘ ਅਤੇ ਵਿਸ਼ੇਸ਼ ਸਕੱਤਰ ਬਾਗਬਾਨੀ ਵਿਕਾਸ ਗਰਗ ਹਾਜ਼ਰ ਸਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…