nabaz-e-punjab.com

ਮੁੱਖ ਮੰਤਰੀ ਵੱਲੋਂ ਮਿਡ-ਡੇਅ-ਮੀਲ ਲਈ 300 ਟਨ ਆਲੂ ਖਰੀਦਣ ਲਈ ਮਾਰਕਫੈਡ ਨੂੰ ਦਿਸ਼ਾ ਨਿਰਦੇਸ਼

ਪੰਜਾਬ ਦੇ ਸੰਕਟ ਵਿੱਚ ਘਿਰੇ ਆਲੂ ਉਤਪਾਦਕਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਾਉਣ ਦਾ ਉਦੇਸ਼

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 24 ਜੁਲਾਈ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸੰਕਟ ਵਿਚ ਘਿਰੇ ਆਲੂ ਉਤਪਾਦਕਾਂ ਨੂੰ ਮਦਦ ਮੁਹੱਈਆ ਕਰਾਉਣ ਲਈ ਮਾਰਕਫੈਡ ਨੂੰ ਸਕੂਲਾਂ ਦੀ ਮਿਡ-ਡੇਅ-ਮੀਲ ਵਾਸਤੇ ਤੁਰੰਤ 300 ਟਨ ਆਲੂ ਖਰੀਦਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਏਸ਼ੀਆ ਦੀ ਸਭ ਤੋਂ ਵੱਡੀ ਮਾਰਕੀਟਿੰਗ ਸਹਿਕਾਰੀ ਫੈਡਰੇਸ਼ਨ ਮਾਰਕਫੈਡ ਨੂੰ ‘ਨਾ ਮੁਨਾਫਾ ਨਾ ਘਾਟਾ’ ਦੇ ਆਧਾਰ ’ਤੇ ਆਲੂ ਖਰੀਦਣ ਲਈ ਆਖਿਆ ਹੈ ਤਾਂ ਜੋ ਆਲੂ ਉਤਪਾਦਕਾਂ ਨੂੰ ਮੌਜੂਦਾ ਸੰਕਟ ਵਿਚੋਂ ਬਾਹਰ ਕੱਢਿਆ ਜਾ ਸਕੇ। ਆਲੂਆਂ ਦੇ ਘੱਟ ਭਾਅ ਦੇ ਨਤੀਜੇ ਵਜੋਂ ਸੂਬੇ ਭਰ ਦੇ ਕਿਸਾਨਾਂ ਨੂੰ ਇਸ ਵੇਲੇ ਅਨੇਕਾਂ ਸਮੱਸਿਆਵਾਂ ਦਰਪੇਸ਼ ਆ ਰਹੀਆਂ ਹਨ।
ਖੇਤੀਬਾੜੀ ਵਿਭਾਗ ਨੇ ਜੇਲ੍ਹਾਂ ਅਤੇ ਸਿੱਖਿਆ ਵਿਭਾਗਾਂ ਨੂੰ ਪਹਿਲਾਂ ਹੀ ਇਕ ਸਲਾਹ ਜਾਰੀ ਕਰਕੇ ਉਨ੍ਹਾਂ ਨੂੰ ਮਿਡ-ਡੇਅ-ਮੀਲ ਸਕੀਮ ਅਤੇ ਜੇਲਾਂ ਵਿਚ ਕੈਦੀਆਂ ਦੇ ਲਈ ਆਲੂਆਂ ਦੀ ਵੱਧ ਤੋਂ ਵੱਧ ਖਪਤ ਯਕੀਨੀ ਬਣਾਉਣ ਲਈ ਆਖਿਆ ਹੈ ਕਿਉਂਕਿ ਆਲੂਆਂ ਵਿਚ ਕਾਫੀ ਪੌਸ਼ਟਿਕ ਤੱਤ ਹਨ। ਇਸ ਤੋਂ ਇਲਾਵਾ ਸੂਬੇ ਵਿੱਚ ਆਲੂਆਂ ਦੀ ਵਿਕਰੀ ਨੂੰ ਬੜ੍ਹਾਵਾ ਦੇਣ ਲਈ ਸਰਕਾਰੀ ਸੰਸਥਾਵਾਂ ਨੂੰ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ। ਅੱਜ ਇੱਥੇ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਮਾਰਕਫੈਡ ਅਤੇ ਪੰਜਾਬ ਐਗਰੋ ਵਰਗੀਆਂ ਸੂਬਾਈ ਏਜੰਸੀਆਂ ਨੂੰ ਨਿਰਦੇਸ਼ ਜਾਰੀ ਕਰਕੇ ਆਲੂ ਉਤਪਾਦਕਾਂ ਨੂੰ ਮੰਡੀ ਸਮਰਥਨ ਮੁਹੱਈਆ ਕਰਾਉਣ ਲਈ ਵਿਆਪਕ ਰਣਨੀਤੀ ਤਿਆਰ ਕਰਨ ਲਈ ਆਖਿਆ ਹੈ ਤਾਂ ਜੋ ਆਲੂ ਉਤਪਾਦਕਾਂ ਨੂੰ ਢੁਕਵਾਂ ਭਾਅ ਅਤੇ ਹੋਰ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਸਕਣ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…