
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਕਰੋਨਾ ਦੇ ਮੱਦੇਨਜ਼ਰ ਕਿਸਾਨਾਂ ਨੂੰ ਧਰਨਾ ਮੁਲਤਵੀ ਕਰਨ ਦੀ ਅਪੀਲ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਚੈੱਕਅਪ ਲਈ ਫੋਰਟਿਸ ਹਸਪਤਾਲ ਪਹੁੰਚੇ
ਹਰਿਆਣਾ ਵਿੱਚ ਕਰੋਨਾ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ, ਹਰਿਆਣਾ ਨੂੰ ਬਲੈਕ ਫੰਗਸ ਦੀ ਮਿਲੀ ਦਵਾਈ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਈ:
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅੱਜ ਆਪਣੀ ਸਿਹਤ ਦਾ ਚੈੱਕਅਪ ਕਰਾਉਣ ਲਈ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਪਹੁੰਚੇ। ਮੈਡੀਕਲ ਟੀਮ ਵੱਲੋਂ ਉਨ੍ਹਾਂ ਦਾ ਕਰੋਨਾ ਸਮੇਤ ਹੋਰ ਜ਼ਰੂਰੀ ਟੈੱਸਟ ਕੀਤੇ ਗਏ। ਉਹ ਇੱਥੇ ਕਰੀਬ ਅੱਧਾ ਘੰਟਾ ਰੁਕੇ। ਹਾਲਾਂਕਿ ਖੱਟਰ ਨੇ ਫੋਰਟਿਸ ਵਿੱਚ ਜੇਰੇ ਇਲਾਜ ਮਿਲਖਾ ਸਿੰਘ ਨੂੰ ਵੀ ਮਿਲਣ ਦੀ ਕੋਸ਼ਿਸ਼ ਕੀਤੀ ਪਰ ਡਾਕਟਰਾਂ ਨੇ ਕਰੋਨਾ ਕਾਰਨ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ। ਮਿਲਖਾ ਸਿੰਘ ਵੀ ਕਰੋਨਾ ਤੋਂ ਪੀੜਤ ਹਨ। ਖੱਟਰ ਨੇ ਮਿਲਖਾ ਸਿੰਘ ਦੀ ਜਲਦੀ ਸਿਹਤਯਾਬੀ ਅਤੇ ਲੰਮੀ ਉਮਰ ਦੀ ਕਾਮਨਾ ਕੀਤੀ। ਮੈਡੀਕਲ ਜਾਂਚ ਤੋਂ ਬਾਅਦ ਹਸਪਤਾਲ ’ਚੋਂ ਬਾਹਰ ਆ ਕੇ ਮਨੋਹਰ ਲਾਲ ਖੱਟਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਖੰਘ ਦੀ ਸ਼ਿਕਾਇਤ ਸੀ। ਜਿਸ ਕਰਕੇ ਉਹ ਆਪਣੇ ਨਿੱਜੀ ਡਾਕਟਰ ਕੋਲ ਆਪਣਾ ਚੈੱਕਅਪ ਕਰਾਉਣ ਲਈ ਆਏ ਸੀ।
ਸ੍ਰੀ ਖੱਟਰ ਦੀ ਜਾਣਕਾਰੀ ਅਨੁਸਾਰ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਸਾਰੀਆਂ ਰਿਪੋਰਟਾਂ ਸਹੀ ਹਨ। ਘਬਰਾਉਣ ਵਾਲੀ ਕੋਈ ਗੱਲ ਨਹੀ ਹੈ। ਮੌਸਮ ਵਿੱਚ ਤਬਦੀਲੀ ਕਾਰਨ ਅਜਿਹਾ ਹੋ ਜਾਂਦਾ ਹੈ। ਜਦੋਂ ਭਾਜਪਾ ਆਗੂ ਨੂੰ ਭਲਕੇ 26 ਮਈ ਨੂੰ ਕਿਸਾਨਾਂ ਵੱਲੋਂ ਦੇਸ਼ ਭਰ ਵਿੱਚ ਮਨਾਏ ਜਾ ਰਹੇ ਕਾਲੇ ਦਿਵਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਆਪਣਾ ਹੱਕ ਮੰਗਣਾ ਹਰ ਕਿਸੇ ਨੂੰ ਪੂਰਾ ਅਧਿਕਾਰ ਹੈ ਪਰ ਤਿੰਨ ਖੇਤੀ ਕਾਨੂੰਨ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਹਨ। ਇਸ ਸਮੇਂ ਕਿਸਾਨਾਂ ਨੂੰ ਏਨਾ ਲੰਮਾ ਅੰਦੋਲਨ ਨਹੀਂ ਚਲਾਉਣਾ ਚਾਹੀਦਾ। ਖ਼ਾਸ ਕਰਕੇ ਉਦੋਂ ਜਦੋਂ ਕਰੋਨਾ ਮਹਾਮਾਰੀ ਦਾ ਕਹਿਰ ਸਿੱਖਰ ’ਤੇ ਹੋਵੇ। ਲਿਹਾਜ਼ਾ ਫਿਲਹਾਲ ਕਿਸਾਨਾਂ ਨੂੰ ਆਪਣਾ ਅੰਦੋਲਨ ਕੁੱਝ ਸਮੇਂ ਲਈ ਮੁਲਤਵੀ ਕਰ ਦੇਣਾ ਚਾਹੀਦਾ ਹੈ ਅਤੇ ਜੇਕਰ ਕਿਸਾਨਾਂ ਨੂੰ ਲੱਗੇਗਾ ਕਿ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਮੰਨ ਰਹੀ ਹੈ ਤਾਂ ਉਹ (ਕਿਸਾਨ) ਦੁਬਾਰਾ ਸੰਘਰਸ਼ ਸ਼ੁਰੂ ਕਰ ਸਕਦੇ ਹਨ।
ਪੰਜਾਬ ਦੇ ਮੁਕਾਬਲੇ ਹਰਿਆਣਾ ਵਿੱਚ ਕਰੋਨਾ ਮਹਾਮਾਰੀ ਦੇ ਮੌਜੂਦਾ ਹਾਲਾਤਾਂ ਬਾਰੇ ਪੁੱਛੇ ਜਾਣ ’ਤੇ ਮਨੋਹਰ ਲਾਲ ਖੱਟਰ ਨੇ ਦਾਅਵਾ ਕੀਤਾ ਕਿ ਹਰਿਆਣਾ ਦੀ ਸਥਿਤੀ ਬਿਲਕੁਲ ਠੀਕ ਹੈ। ਉਨ੍ਹਾਂ ਦੀ ਸਰਕਾਰ ਵੱਲੋਂ ਮਹਾਮਾਰੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਪਿੰਡਾਂ ਵਿੱਚ ਕੋਵਿਡ ਵੈਕਸੀਨ ਅਤੇ ਟੈਸਟਿੰਗ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਵੈਕਸੀਨ ਅਤੇ ਟੈਸਟਿੰਗ ਲਈ 60 ਹਜ਼ਾਰ ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 1 ਲੱਖ 16 ਹਜ਼ਾਰ ਕੇਸ ਸਾਹਮਣੇ ਆ ਚੁੱਕੇ ਹਨ ਪਰ ਸਰਕਾਰ ਦੇ ਯਤਨਾਂ ਸਦਕਾ ਹੁਣ ਸਿਰਫ਼ 35 ਹਜ਼ਾਰ ਪਾਜ਼ੇਟਿਵ ਕੇਸ ਰਹਿ ਗਏ ਹਨ। ਉਨ੍ਹਾਂ ਪਹਿਲਾਂ ਰੋਜ਼ਾਨਾ 16 ਹਜ਼ਾਰ ਕੇਸ ਆ ਰਹੇ ਸੀ ਪ੍ਰੰਤੂ ਹੁਣ ਘਟ ਕੇ ਸਿਰਫ਼ 3 ਹਜ਼ਾਰ ਰਹਿ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਗਲੇ ਹਫ਼ਤੇ ਤੱਕ ਮਹਾਮਾਰੀ ’ਤੇ ਕਾਫ਼ੀ ਹੱਦ ਤੱਕ ਠੱਲ੍ਹ ਪਾ ਲਈ ਜਾਵੇਗੀ। ਖੱਟਰ ਨੇ ਦੱਸਿਆ ਕਿ ਹਰਿਆਣਾ ਨੂੰ ਬਲੈਕ ਫੰਗਸ ਦੀ ਦਵਾਈ ਮਿਲ ਗਈ ਹੈ ਅਤੇ ਸਾਰੇ ਹਸਪਤਾਲਾਂ ਵਿੱਚ ਪੀੜਤਾਂ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ।