ਮੁੱਖ ਮੰਤਰੀ ਵੱਲੋਂ ਸਟਾਰਟ ਅਪ ਖੇਤਰ ਨੂੰ ਮਜ਼ਬੂਤ ਕਰਨ ਲਈ ‘ਇਨੋਵੇਸ਼ਨ ਮਿਸ਼ਨ ਪੰਜਾਬ’ ਦੀ ਸ਼ੁਰੂਆਤ

450 ਸਟਾਰਟ ਅਪਸ ਨਾਲ ਪੰਜਾਬ ਦੇ ਮਜ਼ਬੂਤ ਉਦਯੋਗਿਕ ਤੇ ਉੱਦਮ ਪੱਖੀ ਵਾਤਾਵਰਣ ਦੀ ਤਸਵੀਰ ਪੇਸ਼ ਕੀਤੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 1 ਸਤੰਬਰ:
ਉੱਦਮ ਅਤੇ ਉਦਯੋਗਿਕ ਖੇਤਰ ਵਿੱਚ ਪੰਜਾਬ ਦੀਆਂ ਅਣਗਿਣਤ ਸੰਭਾਵਨਾਵਾਂ ਦਾ ਚੰਗੀ ਤਰਾਂ ਇਸਤੇਮਾਲ ਕਰਨ ਦੇ ਮਕਸਦ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ‘ਇਨੋਵੇਸ਼ਨ ਮਿਸ਼ਨ ਪੰਜਾਬ’ (ਆਈ.ਐਮ.ਪੰਜਾਬ) ਦੀ ਸ਼ੁਰੂਆਤ ਕੀਤੀ ਜੋ ਕਿ ਪੀ.ਪੀ.ਪੀ. (ਪਬਲਿਕ ਪ੍ਰਾਈਵੇਟ ਭਾਈਵਾਲੀ) ’ਤੇ ਆਧਾਰਿਤ ਹੋਵੇਗਾ ਜਿਸ ਨਾਲ ਸੂਬੇ ਵਿੱਚ ਦੁਨੀਆ ਭਰ ਤੋਂ ਨਿਵੇਸ਼ਕਾਰਾਂ ਨੂੰ ਆਕਰਸ਼ਿਤ ਕਰਨ ਅਤੇ ਸਟਾਰਟ ਅਪਸ ਖੇਤਰ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ ਜਿਸ ਨਾਲ ਸੂਬਾ ਇਸ ਨਿਵੇਕਲੇ ਖੇਤਰ ਵਿੱਚ ਚੋਟੀ ਦੇ ਤਿੰਨ ਸੂਬਿਆਂ ਵਿੱਚ ਸ਼ੁਮਾਰ ਹੋ ਜਾਵੇਗਾ।
ਵਰਚੁਅਲ ਤੌਰ ’ਤੇ ਇਸ ਸਮਾਗਮ ਵਿੱਚ ਹਿੱਸਾ ਲੈਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਿਸ਼ਨ ਰੂਪੀ ਨਿਵੇਕਲੀ ਪਹਿਲ ਨਾਲ ਸੂਬੇ ਦੇ ਅਰਥਚਾਰੇ ਨੂੰ ਮਜ਼ਬੂਤੀ ਮਿਲੇਗੀ ਅਤੇ ਨੌਕਰੀਆਂ ਪੈਦਾ ਹੋਣ ਦੇ ਨਾਲ-ਨਾਲ ਵਧ ਤੋਂ ਵਧ ਨਿਵੇਸ਼ ਵੀ ਸੂਬੇ ਵਿੱਚ ਆਵੇਗਾ। ਉਨਾਂ ਅੱਗੇ ਕਿਹਾ ਕਿ ਇਸ ਮਿਸ਼ਨ ਤਹਿਤ ਬਾਜ਼ਾਰ ਤੱਕ ਪਹੁੰਚ ਬਣਾਉਣ, ਨਿਵੇਸ਼ ਲਈ ਭਾਈਵਾਲ ਤਲਾਸ਼ ਕਰਨ ਅਤੇ ਸਟਾਰਟ ਅਪਸ ਸ਼ੁਰੂ ਕਰਨ ਸਬੰਧੀ ਜਾਣਕਾਰੀ ਦੇਣ ਲਈ ਹੰਭਲੇ ਮਾਰੇ ਜਾਣਗੇ। ਉਨਾਂ ਅੱਗੇ ਕਿਹਾ ਕਿ ਇਸ ਉੱਦਮ ਵਿੱਚ ਵਿਦੇਸ਼ਾਂ ’ਚ ਵਸਦੇ ਪੰਜਾਬੀ ਭਾਈਚਾਰੇ ਨੂੰ ਵੀ ਹਿੱਸੇਦਾਰ ਬਣਾਇਆ ਜਾਵੇਗਾ ਅਤੇ ਮਹਿਲਾਵਾਂ ਵਿੱਚ ਉੱਦਮਤਾ ਦੀ ਭਾਵਨਾ ਨੂੰ ਹੁਲਾਰਾ ਦੇਣ ਲਈ ਵੀ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।
ਇਸ ਮੌਕੇ ਇਕ ਵੱਡੇ ਪੱਧਰ ’ਤੇ ‘ਆਈਡੀਆਥੌਨ’ (ਵਿਚਾਰ ਚਰਚਾ) ਕਰਵਾਉਣ ਦਾ ਵੀ ਫੈਸਲਾ ਕੀਤਾ ਗਿਆ ਜਿਸ ਵਿੱਚ ਸੂਬੇ ਭਰ ਤੋਂ ਵਿਦਿਆਰਥੀ, ਨੌਜਵਾਨ ਕਿੱਤਾ ਮਾਹਰ, ਉੱਭਰਦੇ ਉੱਦਮੀ ਹਿੱਸਾ ਲੈਣਗੇ।
ਪੰਜਾਬ ਨੂੰ ਭਾਰਤ ਅਤੇ ਦੁਨੀਆ ਭਰ ਵਿੱਚ ਇਕ ਮਜ਼ਬੂਤ ਉਦਯੋਗਿਕ ਤੇ ਉੱਦਮੀ ਸੂਬੇ ਵਜੋਂ ਪੇਸ਼ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ 450 ਸਟਾਰਟ ਅਪਸ ਅਤੇ 20 ਤੋਂ ਜਿਆਦਾ ਇਨਕਿਊਬੇਟਰ ਮੌਜੂਦ ਹਨ ਜਿਨਾਂ ਦੇ ਢਾਂਚੇ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਇਨੋਵੇਸ਼ਨ ਮਿਸ਼ਨ ਪੰਜਾਬ ਵੱਲੋਂ ਇਸ ਨਾਲ ਜੁੜੀਆਂ ਸਾਰੀਆਂ ਧਿਰਾਂ ਜਿਵੇਂ ਕਿ ਨਿਵੇਸ਼ਕਾਰ, ਅਗਾਂਹ ਵਧੂ ਕਿਸਾਨ, ਮੀਡੀਆ, ਕਾਰਪੋਰੇਟ ਜਗਤ, ਸਰਕਾਰ ਅਤੇ ਅਕਾਦਮਿਕ ਦੀ ਮਦਦ ਲਈ ਜਾਵੇਗੀ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਨਿਵੇਕਲਾ ਮਿਸ਼ਨ ਸਰਕਾਰੀ ਤੇ ਨਿੱਜੀ ਦੋਵਾਂ ਖੇਤਰਾਂ ਦੀ ਭਾਈਵਾਲੀ ਨਾਲ ਅੱਗੇ ਵਧੇਗਾ ਅਤੇ ਇਸ ਦੇ ਭਾਗੀਦਾਰਾਂ ਵਜੋਂ ਖੇਤੀਬਾੜੀ, ਉਦਯੋਗ ਤੇ ਵਣਜ ਵਿਭਾਗ, ਮੰਡੀ ਬੋਰਡ ਅਤੇ ਸਟਾਰਟ ਅਪ ਪੰਜਾਬ ਵੱਲੋਂ ਪਹਿਲੇ ਤਿੰਨ ਵਰਿਆਂ ਲਈ ਚਾਲੂ ਖਰਚਿਆਂ ਵਜੋਂ ਨਕਦ ਅਤੇ ਹੋਰ ਵਸਤਾਂ ਦੇ ਰੂਪ ਵਿੱਚ 30 ਕਰੋੜ ਰੁਪਏ ਤੋਂ ਵਧ ਦੀ ਮਦਦ ਮੁਹੱਈਆ ਕਰਵਾਈ ਜਾਵੇਗੀੇ। ਇਸ ਤੋਂ ਇਲਾਵਾ ਕਾਲਕਟ ਭਵਨ ਵਿਖੇ 12000 ਸਕੁਏਅਰ ਫੁੱਟ ਦੀ ਥਾਂ 10 ਵਰਿਆਂ ਲਈ ਬਿਨਾਂ ਕਿਰਾਏ ਤੋਂ ਪੱਟੇ ’ਤੇ ਦੇ ਕੇ ਸੂਬੇ ਵਿਚਲੇ ਸਟਾਰਟ ਅਪਸ ਦੀ ਮਦਦ ਕੀਤੀ ਜਾਵੇਗੀ। ਇਸ ਮਿਸ਼ਨ ਦੇ ਤਿੰਨ ਪੱਖ ਹਨ। ਪਹਿਲਾ ਪੱਖ ਹੈ ਪੌਲੀਨੇਟਰ ਜਿਸ ਵਿੱਚ ਵਰਚੁਅਲ ਇਨਕਿਊਬੇਟਰਾਂ ਦਾ ਇਕ ਨੈਟਵਰਕ ਸਥਾਪਿਤ ਕਰ ਕੇ ਬੂਟ ਕੈਂਪ, ਆਈਡੀਆਥੌਨ ਆਦਿ ਕਈ ਸਮਾਗਮ ਕਰਵਾਏ ਜਾਂਦ ਹਨ ਤਾਂ ਜੋ ਇਕ ਸਮਰੱਥ ਸਟਾਰਟ ਅਪ ਢਾਂਚਾ ਵਿਕਸਿਤ ਹੋ ਸਕੇ। ਦੂਜਾ ਪੱਖ ਹੈ ਐਕਸੈਲਰੇਟਰ ਜਿਸ ਵਿੱਚ ਨਵੇਂ ਸਟਾਰਟ ਅਪਸ ਸ਼ੁਰੂ ਕਰਨ ਵਾਲਿਆਂ ਨੂੰ ਮਾਹਿਰਾਂ ਵੱਲੋਂ ਉਨਾਂ ਦੇ ਸਟਾਰਟ ਅਪਸ ਨਾਲ ਸਬੰਧਿਤ ਖੇਤਰਾਂ ਬਾਰੇ ਅਤੇ ਸਿਖਲਾਈ ਪ੍ਰਦਾਨ ਕੀਤੀ ਜਾਂਦੀ ਹੈ। ਇਹ ਐਕਸੈਲਰੇਟਰ ਕਾਲਕਟ ਭਵਨ ਵਿਖੇ ਸਥਾਪਿਤ ਹੋਵੇਗਾ ਅਤੇ ਤੀਸਰਾ ਪੱਖ ਵੈਨਚਰ ਫੰਡ ਦਾ ਹੋਵੇਗਾ ਜਿਸ ਤਹਿਤ 150 ਕਰੋੜ ਰੁਪਏ ਦੀ ਮਦਦ ਨਵੇਂ ਸਟਾਰਟ ਅਪਸ ਨੂੰ ਪ੍ਰਦਾਨ ਕੀਤੀ ਜਾਵੇਗੀ ਤਾਂ ਜੋ ਉਹ ਹੋਰ ਵਿਕਸਿਤ ਹੋ ਸਕਣ। ਸੂਬਾ ਸਰਕਾਰ ਵੱਲੋਂ ਕਾਰਪਸ (ਕੋਸ਼) ਵਿੱਚੋਂ 10 ਫੀਸਦੀ ਹਿੱਸਾ ਅਤੇ 10 ਕਰੋੜ ਰੁਪਏ ਤੱਕ ਦੀ ਗਾਰੰਟੀ ਮੁੱਢਲੇ ਦੌਰ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਮਹੱਈਆ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਮਿਸ਼ਨ ਸਿਹਤ ਸੰਭਾਲ, ਫਾਰਮਾ ਅਤੇ ਬਾਇਓਟੈਕ, ਖੁਰਾਕ ਤੇ ਖੇਤੀਬਾੜੀ, ਉਤਪਾਦਨ ਅਤੇ ਮੀਡੀਆ ਤੇ ਮਨੋਰੰਜਨ ਆਦਿ ਖੇਤਰਾਂ ਵੱਲ ਵਿਸ਼ੇਸ਼ ਧਿਆਨ ਦੇਵੇਗਾ ਜੋ ਕਿ ਪੰਜਾਬ ਦਾ ਮਜ਼ਬੂਤ ਪੱਖ ਹਨ।
ਇਸ ਮੌਕੇ ਉੱਘੇ ਅਰਥਸ਼ਾਸਤਰੀ ਮੌਂਟੇਕ ਸਿੰਘ ਆਹਲੂਵਾਲੀਆ ਨੇ ਸਟਾਰਟ ਅਪਸ ਖੇਤਰ ਵਿੱਚ ਨਿਵੇਕਲੀਆਂ ਪੇਸ਼ਕਦਮੀਆਂ ਕੀਤੇ ਜਾਣ ਨੂੰ ਬੇਹੱਦ ਅਹਿਮ ਕਰਾਰ ਦਿੰਦਿਆਂ ਕਿਹਾ ਕਿ ਇਹ ਇਨੋਵੇਸ਼ਨ ਮਿਸ਼ਨ ਅਸਲ ਵਿੱਚ ਉਦੋਂ ਰਫਤਾਰ ਫੜੇਗਾ ਜਦੋਂ ਕੋਵਿਡ ਦਾ ਅਸਰ ਮੱਧਮ ਪੈਣ ਪਿੱਛੋਂ ਸਥਿਤੀ ਆਮ ਵਰਗੀ ਹੋਵੇਗੀ। ਉਨਾਂ ਸਟਾਰਟ ਅਪ ਖੇਤਰ ਵਿੱਚ ਡਿਜੀਟਲ ਕਨੈਕਟੀਵਿਟੀ ਤੇ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਅਹਿਮ ਪੱਖ ਦੱਸਿਆ।
ਇਸ ਸਮੇਂ ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਸਟਾਰਟ ਅਪ ਖੇਤਰ ਇਕ ਨਵਾਂ ਖੇਤਰ ਹੈ ਅਤੇ ਇਸ ਵਿੱਚ ਪੰਜਾਬ ਦੇ ਉੱਭਰਨ ਦਾ ਸਮਾਂ ਆ ਚੁੱਕਾ ਹੈ। ਉਨਾਂ ਅੱਗੇ ਦੱਸਿਆ ਕਿ 2017 ਵਿੱਚ ਨਵੀਂ ਵਪਾਰਕ ਨੀਤੀ ਉਲੀਕਦੇ ਸਮੇਂ ਸਟਾਰਟ ਅਪਸ ਨੂੰ ਪ੍ਰਮੁੱਖਤਾ ਦਿੱਤੀ ਗਈ ਸੀ। ਉਨਾਂ ਨਵੇਂ ਸਟਾਰਟ ਅਪਸ ਨੂੰ ਪੰਜਾਬ ਵਿੱਚ ਵੱਡੀ ਪੱਧਰ ’ਤੇ ਨਿਵੇਸ਼ ਕਰਨ ਦਾ ਸੱਦਾ ਵੀ ਦਿੱਤਾ।
ਇਸ ਮੌਕੇ ਮਿਸ਼ਨ ਦੇ ਮਕਸਦ ਬਾਰੇ ਜਾਣਕਾਰੀ ਦਿੰਦੇ ਹੋਏ ਜੈਨਪੈਕਟ ਅਤੇ ਆਸ਼ਾ ਇੰਪੈਕਟ ਦੇ ਬਾਨੀ ਅਤੇ ਪ੍ਰਮੋਦ ਭਸੀਨ ਨੇ ਕਿਹਾ,‘‘ਸਟਾਰਟ ਅਪਸ ਇਸ ਸਮੇਂ ਉਦਯੋਗਿਕ ਖੇਤਰ ਵਿੱਚ ਇਕ ਅਹਿਮ ਸਥਾਨ ਹਾਸਲ ਕਰ ਚੁੱਕੇ ਹਨ ਅਤੇ ਮੋਹਾਲੀ, ਚੰਡੀਗੜ ਤੇ ਲੁਧਿਆਣਾ ਵਿੱਚ ਸਟਾਰਟ ਅਪ ਦੇ ਪ੍ਰਮੁੱਖ ਕੇਂਦਰਾਂ ਵਜੋਂ ਉੱਭਰ ਕੇ ਸਾਹਮਣੇ ਆਉਣ ਦੀ ਪ੍ਰਤਿਭਾ ਹੈ। ਪੰਜਾਬ ਨੂੰ ਇਸ ਖੇਤਰ ਵਿੱਚ ਆਲਮੀ ਪੱਧਰ ’ਤੇ ਲਿਜਾਣ ਲਈ ਅਤੇ ਉੱਦਮੀਕਰਨ ਪੱਖੀ ਮਾਹੌਲ ਬਣਾਉਣ ਲਈ ਨਿਵੇਸ਼ਕਾਰਾਂ, ਉਦਯੋਗ ਜਗਤ ਅਤੇ ਹੋਰਨਾਂ ਸਬੰਧਿਤ ਧਿਰਾਂ ਨਾਲ ਤਾਲਮੇਲ ਕੀਤਾ ਜਾਵੇਗਾ।’’
ਇਸ ਮੌਕੇ ਸੀਕੁਓਆ ਕੈਪੀਟਲ ਦੇ ਮੈਨੇਜਿੰਗ ਡਾਇਰੈਕਟਰ ਰਾਜਨ ਆਨੰਦਨ, ਸਨੈਪਡੀਲ ਦੇ ਸਹਿ-ਬਾਨੀ ਅਤੇ ਸੀ.ਈ.ਓ. ਕੁਨਾਲ ਬਹਿਲ ਤੇ ਸੌਕਸੋਹੋ ਕੰਪਨੀ ਦੀ ਬਾਨੀ ਪ੍ਰੀਤਿਕਾ ਮਹਿਤਾ ਨੇ ਵੀ ਆਪਣੇ ਵਿਚਾਰ ਰੱਖੇ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …