nabaz-e-punjab.com

ਮੁੱਖ ਮੰਤਰੀ ਵੱਲੋਂ ਡੀਐਫਐਸਓ ਖ਼ੁਦਕੁਸ਼ੀ ਮਾਮਲੇ ਵਿੱਚ ਵਿਜੀਲੈਂਸ ਇੰਸਪੈਕਟਰ ਨੂੰ ਤੁਰੰਤ ਮੁਅੱਤਲ ਕਰਨ ਦੇ ਹੁਕਮ

ਡੀਐਫਐਸਸੀ ਅਤੇ ਹੋਰ ਮੁਲਾਜ਼ਮਾਂ ਦੀ ਭੂਮਿਕਾ ਦੀ ਜਾਂਚ ਕਰਨ ਦੀ ਸਖ਼ਤ ਹਦਾਇਤ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 28 ਸਤੰਬਰ:
ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫਸਰ ਕਮਲਦੀਪ ਸਿੰਘ ਜਿਸ ਨੂੰ ਵਿਜੀਲੈਂਸ ਵਿਭਾਗ ਵੱਲੋਂ ਦਰਜ ਇਕ ਕੇਸ ਵਿਚ ਕਥਿਤ ਤੌਰ ’ਤੇ ਤੰਗ-ਪ੍ਰੇਸ਼ਾਨ ਕੀਤਾ ਗਿਆ ਸੀ, ਦੁਆਰਾ ਖੁਦਕੁਸ਼ੀ ਕਰ ਲੈਣ ਦੀ ਮੰਦਭਾਗੀ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਜੀਲੈਂਸ ਇੰਸਪੈਕਟਰ ਇਕਬਾਲ ਸਿੰਘ ਨੂੰ ਤੁਰੰਤ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਇਸ ਕੇਸ ਵਿੱਚ ਇਕਬਾਲ ਅਤੇ ਹੋਰ ਜਿਨ੍ਹਾਂ ਲੋਕਾਂ ਦੇ ਨਾਂ ਸਾਹਮਣੇ ਆਏ ਹਨ, ਉਨ੍ਹਾਂ ਖਿਲਾਫ ਦੋਸ਼ਾਂ ਦੀ ਜਾਂਚ ਕਰਨ ਦੇ ਹੁਕਮ ਵੀ ਦਿੱਤੇ ਹਨ। ਖੁਦਕੁਸ਼ੀ ਪੱਤਰ ਮੁਤਾਬਿਕ ਕਮਲਦੀਪ ਨੇ ਦੋਸ਼ ਲਾਏ ਕਿ ਸਾਉਣੀ ਸੀਜ਼ਨ 2016-17 ਦੌਰਾਨ ਮੈਸਰਜ਼ ਸਰਦਾਰ ਐਗਰੋ ਇੰਡਸਟਰੀਜ਼ ਪਿੰਡ ਸਾਦਤਪੁਰ, ਮਲੇਰਕੋਟਲਾ ਜ਼ਿਲ੍ਹਾ ਸੰਗਰੂਰ ਵੱਲੋਂ ਝੋਨੇ ਨੂੰ ਕਥਿਤ ਤੌਰ ’ਤੇ ਖੁਰਦ-ਬੁਰਦ ਕਰਨ ਦੇ ਦੋਸ਼ ਵਿਚ ਵੱਖ ਵੱਖ ਮੁਲਾਜ਼ਮਾਂ ਵੱਲੋਂ ਉਨ੍ਹਾਂ ਨੂੰ ਬਹੁਤ ਜ਼ਿਆਦਾ ਤੰਗ-ਪ੍ਰੇਸ਼ਾਨ ਅਤੇ ਡਰਾਇਆ-ਧਮਕਾਇਆ ਗਿਆ ਜੋ ਉਸ ਦੇ ਜੀਵਨ ਦੇ ਅੰਤ ਦਾ ਕਾਰਨ ਬਣਿਆ।
ਮੁੱਖ ਮੰਤਰੀ ਨੇ ਪਨਸਪ ਦੇ ਤਰਨ ਤਾਰਨ ਦੇ ਜ਼ਿਲ੍ਹਾ ਮੈਨੇਜਰ ਵੱਲੋਂ ਦਿੱਤੇ ਹਵਾਲੇ ’ਤੇ ਮਿੱਲਰ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਨ ਵਿਚ ਦਖਲਅੰਦਾਜ਼ੀ ਕਰਨ ਲਈ ਇਕਬਾਲ ਸਿੰਘ ਖਿਲਾਫ ਜਾਂਚ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਡੀ.ਜੀ.ਪੀ ਨੂੰ ਖੁਦਕੁਸ਼ੀ ਦਾ ਕਾਰਨ ਬਣੇ ਸਮੁੱਚੇ ਹਾਲਾਤ ਘੋਖਣ ਦੀ ਹਦਾਇਤ ਕੀਤੀ। ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਰਦਾਰ ਐਗਰੋ ਦੇ ਮਾਲਕ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਨ ਲਈ ਵੀ ਹਰੀ ਝੰਡੀ ਦੇ ਦਿੱਤੀ ਹੈ ਜਿਸ ਨੇ ਲਗਪਗ 2.5 ਕਰੋੜ ਰੁਪਏ ਦਾ ਝੋਨਾ ਖੁਰਦ-ਬੁਰਦ ਕਰਨ ਨੂੰ ਪਹਿਲਾਂ ਹੀ ਮੰਨ ਲਿਆ ਹੈ। ਮੁੱਖ ਮੰਤਰੀ ਨੇ ਮੰਡੀ ਬੋਰਡ ਦੇ ਸਕੱਤਰ ਨੂੰ ਰਿਲੀਜ਼ ਆਰਡਰ ਸਕੀਮ ਤਹਿਤ ਚੁੱਕੇ ਝੋਨੇ ਨੂੰ ਖੁਰਦ-ਬੁਰਦ ਕਰਨ ਲਈ ਸਰਦਾਰ ਐਗਰੋ ਦੇ ਮਾਲਕ ਨਾਲ ਗੰਢਤੁਪ ਕਰਨ ਵਾਲੇ ਜ਼ਿਲ੍ਹਾ ਤਰਨ ਤਾਰਨ ਦੇ ਕੈਰੋਂ, ਖੇਮਕਰਨ ਅਤੇ ਸਬਰਾਂ ਮੰਡੀਆਂ ਦੇ ਆੜ੍ਹਤੀਆਂ ਦੇ ਲਾਇਸੈਂਸ ਤੁਰੰਤ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ।
ਸਵਰਗੀ ਕਮਲਦੀਪ ਸਿੰਘ ਦੇ ਬਿਆਨ ਦੇ ਅਧਾਰ ’ਤੇ ਅਤੇ ਝੋਨੇ ਦੀ ਢੋਆ-ਢੁਆਈ ਅਤੇ ਐਫ.ਸੀ.ਆਈ. ਨੂੰ ਚੌਲ ਦੀ ਡਲਿਵਰੀ ਦੇਣ ਦੀ ਨਿਗਰਾਨੀ ਕਰਨ ਵਿਚ ਅਸਫਲ ਰਹਿਣ ’ਤੇ ਮੁੱਖ ਮੰਤਰੀ ਨੇ ਸੰਗਰੂਰ ਦੇ ਡੀ.ਐਫ.ਐਸ.ਸੀ ਮਨਜੀਤ ਸਿੰਘ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਨ ਦੇ ਵੀ ਹੁਕਮ ਦਿੱਤੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਪਨਸਪ ਦੇ ਐਮ.ਡੀ. ਨੂੰ ਸੰਗਰੂਰ ਅਤੇ ਤਰਨ ਤਾਰਨ ਦੇ ਜ਼ਿਲ੍ਹਾ ਮੈਨੇਜਰਾਂ ਦੀ ਭੂਮਿਕਾ ਦੀ ਜਾਂਚ ਕਰਕੇ ਜ਼ਿੰਮੇਵਾਰੀ ਤੈਅ ਕਰਨ ਅਤੇ ਕਸੂਰਵਾਰ ਕਰਮਚਾਰੀਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਦੇ ਵੀ ਹੁਕਮ ਦਿੱਤੇ।

Load More Related Articles
Load More By Nabaz-e-Punjab
Load More In Government

Check Also

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ ਬਹੁ-ਕ…