nabaz-e-punjab.com

ਮੁੱਖ ਮੰਤਰੀ ਵੱਲੋਂ ਅਪੰਗ ਵਿਅਕਤੀਆਂ ਦੀਆਂ ਖਾਲੀ ਅਸਾਮੀਆਂ ਭਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੇ ਹੁਕਮ

ਸਮਾਜਿਕ ਸੁਰੱਖਿਆ ਵਿਭਾਗ ਨੂੰ ਕੌਮਾਂਤਰੀ ਅਪੰਗਤਾ ਦਿਵਸ ਮੌਕੇ ਵਿਸ਼ੇਸ਼ ਸਮਾਗਮ ਕਰਨ ਦੀ ਹਦਾਇਤ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 29 ਅਕਤੂਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 3 ਦਸੰਬਰ, 2017 ਨੂੰ ਕੌਮਾਂਤਰੀ ਅਪੰਗਤਾ ਦਿਵਸ ਦੇ ਸੰਦਰਭ ਵਿੱਚ ਜਨਤਕ ਖੇਤਰ ’ਚ ਅਪੰਗ ਵਿਅਕਤੀਆਂ ਦੀਆਂ ਅਸਾਮੀਆਂ ਦੇ ਬੈਕਲਾਗ ਨੂੰ ਭਰਨ ਲਈ ਸੂਬਾ ਭਰ ’ਚ ਵਿਸ਼ੇਸ਼ ਭਰਤੀ ਮੁਹਿੰਮ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਇਕ ਸਰਕਾਰੀ ਬੁਲਾਰੇ ਨੇ ਅੱਜ ਦੱਸਿਆ ਕਿ ਇਸ ਦਿਵਸ ਨੂੰ ਮਨਾਉਣ ਲਈ ਸਰਕਾਰ ਦੇ ਪ੍ਰੋਗਰਾਮਾਂ ਦੀ ਲੜੀ ਵਿੱਚ 3 ਦਸੰਬਰ ਨੂੰ ਵਿਸ਼ੇਸ਼ ਸਮਾਗਮ ਕਰਵਾਇਆ ਜਾਵੇਗਾ। ਇਸ ਮੌਕੇ ਨਵੇਂ ਭਰਤੀ ਹੋਏ ਅਪੰਗ ਵਿਅਕਤੀਆਂ ਨੂੰ ਨਿਯੁਕਤੀ ਪੱਤਰ ਸੌਂਪਣ ਤੋਂ ਇਲਾਵਾ ਵੀਲ੍ਹਚੇਅਰ ਤੇ ਹੋਰ ਸਹਾਇਤਾ ਦਿੱਤੀ ਜਾਵੇਗੀ। ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਅਪੰਗ ਵਿਅਕਤੀਆਂ ਦੀਆਂ ਖਾਲੀ ਅਸਾਮੀਆਂ ਦੇ ਬੈਕਲਾਗ ਨੂੰ ਨਿਰਧਾਰਤ ਸਮੇਂ ’ਚ ਪਹਿਲ ਦੇ ਆਧਾਰ ’ਤੇ ਭਰਨ ਲਈ ਮੁੱਖ ਸਕੱਤਰ ਅਤੇ ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਵਿਸਥਾਰਤ ਹਦਾਇਤਾਂ ਜਾਰੀ ਕੀਤੀਆਂ ਹਨ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਅਪੰਗ ਵਿਅਕਤੀਆਂ ਲਈ ਗਰੁੱਪ ਏ, ਬੀ, ਸੀ ਤੇ ਡੀ ਦੀਆਂ ਖਾਲੀ ਪਈਆਂ 899 ਦੀ ਅਸਾਮੀਆਂ ਦੀ ਸ਼ਨਾਖ਼ਤ ਕੀਤੀ ਗਈ ਹੈ। ਸਰਕਾਰ ਵੱਲੋਂ 272 ਅਪੰਗ ਵਿਅਕਤੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਚੁੱਕਾ ਹੈ ਜਦਕਿ ਬਾਕੀ ਅਸਾਮੀਆਂ ਮੁੱਖ ਮੰਤਰੀ ਦੇ ਹੁਕਮਾਂ ’ਤੇ ਸ਼ੁਰੂ ਕੀਤੀ ਵਿਸ਼ੇਸ਼ ਭਰਤੀ ਮੁਹਿੰਮ ਰਾਹੀਂ ਭਰੀਆਂ ਜਾਣਗੀਆਂ। ਅਪੰਗ ਵਿਅਕਤੀਆਂ ਦੀ ਭਲਾਈ ਇਕ ਹੋਰ ਉਪਰਾਲਾ ਕਰਦਿਆਂ ਮੁੱਖ ਮੰਤਰੀ ਨੇ ਇਨ੍ਹਾਂ ਨੂੰ ਅਪੰਗਤਾ ਸਰਟੀਫਿਕੇਟ ਵੀ ਛੇਤੀ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਅਨੁਮਾਨ ਮੁਤਾਬਕ ਪੰਜਾਬ ਵਿੱਚ ਲਗਪਗ 6 ਲੱਖ 54 ਹਜ਼ਾਰ ਅਪੰਗ ਵਿਅਕਤੀ ਹਨ ਜੋ ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਸੂਬੇ ਦੀ 2.77 ਕਰੋੜ ਦੇ ਕੁੱਲ ਆਬਾਦੀ ਦਾ 2.35 ਫੀਸਦੀ ਬਣਦਾ ਹੈ। ਸੂਬਾ ਸਰਕਾਰ ਨੇ ਹੁਣ ਤੱਕ 3.82 ਲੱਖ ਅਪੰਗ ਸਰਟੀਫਿਕੇਟ ਜਾਰੀ ਕੀਤੇ ਹਨ ਜਿਨ੍ਹਾਂ ਵਿੱਚ ਸਾਲ 2016-17 ਦੌਰਾਨ ਜਾਰੀ ਕੀਤੇ 23,875 ਸਰਟੀਫਿਕੇਟ ਵੀ ਸ਼ਾਮਲ ਹਨ।
ਬੁਲਾਰੇ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ’ਤੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਅਪੰਗ ਵਿਅਕਤੀਆਂ ਨੂੰ ਵੀਲ੍ਹਚੇਅਰ ਤੇ ਹੋਰ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਸਮਾਜ ਦੇ ਸਾਰੇ ਵਰਗਾਂ ਖਾਸ ਕਰਕੇ ਦੱਬੇ-ਕੁਚਲੇ ਵਰਗਾਂ ਦੀ ਭਲਾਈ ਲਈ ਵਚਨਬੱਧ ਹੈ। ਬੁਲਾਰੇ ਨੇ ਦੱਸਿਆ ਕਿ ਸੂਬੇ ਵਿੱਚ ਲਗਪਗ ਇਕ ਲੱਖ 60 ਹਜ਼ਾਰ ਅਪੰਗ ਵਿਅਕਤੀਆਂ ਨੂੰ 750 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਰਕਾਰੀ ਬੱਸਾਂ ਵਿੱਚ ਸਫਰ ਲਈ ਭਾੜੇ ਵਿੱਚ 50 ਫੀਸਦੀ ਛੋਟ ਅਤੇ ਨੇਤਰਹੀਣਾਂ ਨੂੰ ਮੁਫਤ ਸਫਰ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਸੂਬਾ ਸਰਕਾਰ ਵੱਲੋਂ ਅਪੰਗ ਵਿਅਕਤੀਆਂ ਲਈ ਵਿਸ਼ੇਸ਼ ਸਕੂਲ ਚਲਾਏ ਜਾ ਰਹੇ ਹਨ ਜਿੱਥੇ ਪਹਿਲੀ ਤੋਂ ਅੱਠਵੀਂ ਜਮਾਤ ਤੱਕ 3428 ਅਪੰਗ ਬੱਚੇ ਅਤੇ 9ਵੀਂ ਤੋਂ 12ਵੀਂ ਤੱਕ 233 ਬੱਚੇ ਤਾਲੀਮ ਹਾਸਲ ਕਰ ਰਹੇ ਹਨ। ਇਨ੍ਹਾਂ ਬੱਚਿਆਂ ਨੂੰ ਸਿੱਖਿਆ ਵਿਭਾਗ ਵੱਲੋਂ 600 ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਦਿੱਤਾ ਜਾ ਰਿਹਾ ਹੈ।
ਇਸੇ ਤਰ੍ਹਾਂ 12ਵੀਂ ਜਮਾਤ ਤੱਕ ਮੁਫ਼ਤ ਕਿਤਾਬਾਂ ਵੀ ਦਿੱਤੀਆਂ ਜਾ ਰਹੀਆਂ ਹਨ। ਅਪੰਗ ਵਿਅਕਤੀਆਂ ਲਈ ਲੁਧਿਆਣਾ ਵਿਖੇ ਬਰੇਲ ਲਿੱਪੀ ਵਿੱਚ ਵਿਸ਼ੇਸ਼ ਪ੍ਰਿਟਿੰਗ ਮਸ਼ੀਨ ਅਤੇ ਰੁਜ਼ਗਾਰ ਐਕਸਚੇਂਜ ਵਰਗੇ ਉਪਰਾਲੇ ਵੀ ਸ਼ਾਮਲ ਹਨ। ਇਸ ਐਕਸਚੇਂਜ ਵਿੱਚ ਕੁੱਲ 776 ਬੇਰੁਜ਼ਗਾਰ ਅਪੰਗ ਰਜਿਸਟਰ ਹੋਏ ਹਨ ਜਦਕਿ ਬਰੇਲ ਪ੍ਰੈਸ ’ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਤਾਬਕ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਬਰੇਲ ਲਿੱਪੀ ਵਿੱਚ ਕਿਤਾਬਾਂ ਮੁਫ਼ਤ ਛਾਪੀਆਂ ਜਾ ਰਹੀ ਹਨ। ਇਸੇ ਤਰ੍ਹਾਂ 12ਵੀਂ ਤੱਕ ਦੇ ਅਪੰਗ ਵਿਅਕਤੀਆਂ ਨੂੰ 450 ਰੁਪਏ ਪ੍ਰਤੀ ਮਹੀਨਾ ਜਦਕਿ 12ਵੀਂ ਜਮਾਤ ਤੋਂ ਉਪਰ 600 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰ ਭੱਤਾ ਦਿੱਤਾ ਜਾ ਰਿਹਾ ਹੈ। ਅਪੰਗ (ਬਰਾਬਰ ਮੌਕੇ, ਅਧਿਕਾਰਾਂ ਦੀ ਰਾਖੀ ਅਤੇ ਪੂਰਨ ਸ਼ਮੂਲੀਅਤ) ਐਕਟ-1995 ਦੇ ਉਪਬੰਧ ਮੁਤਾਬਕ ਮਕਾਨ ਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਅਪੰਗ ਵਿਅਕਤੀਆਂ ਨੂੰ ਪਲਾਟਾਂ ਜਾਂ ਫਲੈਟ ਵਿੱਚ ਤਿੰਨ ਰਾਖਵਾਂਕਰਨ ਜਦਕਿ ਇਨ੍ਹਾਂ ਪਲਾਟਾਂ ਜਾਂ ਫਲੈਟਾਂ ਦੀ ਕੀਮਤ ਵਿੱਚ ਪੰਜ ਫੀਸਦੀ ਛੋਟ ਦਿੱਤੀ ਜਾਂਦੀ ਹੈ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…