
ਮੁੱਖ ਮੰਤਰੀ ਵੱਲੋਂ ਬੇਘਰੇ ਲੋਕਾਂ ਨੂੰ ਮੁਫ਼ਤ ਘਰ ਮੁਹੱਈਆ ਕਰਵਾਉਣ ਦੇ ਚੋਣ ਵਾਅਦੇ ਨੂੰ ਲਾਗੂ ਕਰਨ ਲਈ ਤੁਰੰਤ ਕਦਮ ਚੁੱਕਣ ਦੇ ਹੁਕਮ
ਕਾਲੋਨੀਆਂ ਨੂੰ ਨਿਯਮਤ ਕਰਨ ਲਈ ਨਵਾਂ ਵਿਧੀ ਵਿਧਾਨ ਤਿਆਰ ਕਰਨ ਵਾਸਤੇ ਮੁੱਖ ਸਕੱਤਰ ਦੀ ਅਗਵਾਈ ਹੇਠ ਕਮੇਟੀ ਦਾ ਗਠਨ
ਪੰਜਾਬ ਦੇ ਸਾਰੇ ਸ਼ਹਿਰਾਂ ਲਈ ਸਮਾਂ ਸੀਮਾਂ ਵਿੱਚ ਮਾਸਟਰ ਪਲਾਨ ਤਿਆਰ ਕਰਨ ਦੇ ਦਿਸ਼ ਨਿਰਦੇਸ਼ ਜਾਰੀ
ਬਿਲਡਰ ਅਤੇ ਲੋਕਾਂ ਲਈ ਰੀਅਲ ਅਸਟੇਟ ਦਾ ਵਪਾਰ ਸੁਖਾਲਾ ਬਣਾਉਣ ਲਈ ਸੁਧਾਰ ਲਿਆਉਣ ਦੇ ਹੁਕਮ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 18 ਅਪਰੈਲ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਵਾਅਦੇ ਦੇ ਅਨੁਸਾਰ ਬੇਘਰ ਗਰੀਬਾਂ ਨੂੰ ਮੁਫ਼ਤ ਘਰ ਦੇਣ ਦੀ ਪ੍ਰੀਕ੍ਰਿਆ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਗੈਰ-ਕਾਨੂੰਨੀ ਕਾਲੋਨੀਆਂ ਨੂੰ ਨਿਯਮਤ ਕਰਨ ਅਤੇ ਉਥੇ ਵਸੇ ਲੋਕਾਂ ਦੇ ਨਾਂ ਮਾਲਕੀ ਦੇ ਅਧਿਕਾਰ ਤਬਦੀਲ ਕਰਨ ਦੇ ਲਈ ਵਿਧੀ ਵਿਧਾਨ ਤਿਆਰ ਕਰਨ ਲਈ ਮੁੱਖ ਸਕੱਤਰ ਦੀ ਅਗਵਾਈ ਵਿੱਚ ਇਕ ਕਮੇਟੀ ਦਾ ਗਠਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਸੂਬੇ ਦੇ ਸਾਰੇ ਸ਼ਹਿਰਾਂ ਦਾ ਮਾਸਟਰ ਪਲਾਨ ਤਿਆਰ ਕਰਨ ਦਾ ਕੰਮ ਚਾਲੂ ਵਿੱਤੀ ਸਾਲ ਦੇ ਅਖੀਰ ਤੱਕ ਮੁਕੰਮਲ ਕਰਨ ਲਈ ਵੀ ਸ਼ਹਿਰੀ ਯੋਜਨਾਬੰਦੀ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ। ਮੀਟਿੰਗ ਦੌਰਾਨ ਪ੍ਰੋਮੋਟਰਾਂ ਨੂੰ ਕੋਈ ਬਕਾਇਆ ਨਹੀਂ ਪ੍ਰਮਾਣ ਪੱਤਰ (ਨੋ-ਡਿਊ ਸਰਟੀਫਿਕੇਟ) ਦੇ ਅਧਾਰ ’ਤੇ ਪ੍ਰੋਜੈਕਟਾਂ ਦੀ ਅਲਾਟਮੈਂਟ ਸਣੇ ਹੋਰ ਵੀ ਕਈ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ ਤਾਂ ਜੋ ਸੂਬੇ ਵਿੱਚ ਰੀਅਲ ਅਸਟੇਟ ਦੇ ਕਾਰੋਬਾਰ ਨੂੰ ਸੁਖਾਲਾ ਬਣਾਇਆ ਜਾ ਸਕੇ। ਐਨ.ਡੀ.ਸੀ. ਹੁਣ ਤਿੰਨ ਮਹੀਨਿਆਂ ਲਈ ਮੰਨਣਯੋਗ ਹੋਵੇਗਾ। ਮੀਟਿੰਗ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਮਕਾਨ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਸਕੱਤਰ ਵਿੰਨੀ ਮਹਾਜਨ ਹਾਜ਼ਰ ਸਨ।
ਵਿਭਾਗ ਵੱਲੋਂ ਹੁਣ ਇਸ ਦੀ ਤਰੀਕ ਕਿਸੇ ਵਿਸ਼ੇਸ਼ ਸੇਵਾ ਸਬੰਧੀ ਅਰਜ਼ੀ ਦੀ ਮਿਤੀ ਤੋਂ ਗਿਣੀ ਜਾਵੇਗੀ ਨਾ ਕਿ ਸੇਵਾ ਮੁਹੱਈਆ ਕਰਵਾਉਣ ਦੀ ਮਿਤੀ ਤੋਂ। ਇਕ ਹੋਰ ਫ਼ੈਸਲਾ ਲੈਂਦੇ ਹੋਏ ਮੁੱਖ ਮੰਤਰੀ ਨੇ 31 ਮਾਰਚ, 2018 ਤੱਕ ਗਮਾਡਾ ਆਦਿ ਵੱਲੋਂ ਲਗਾਈ ਗਈ ਤਬਾਦਲਾ ਫੀਸ 2.5 ਫੀਸਦੀ ਤੋਂ ਘਟਾ ਕੇ 2 ਫੀਸਦੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਸਰਕਾਰ ਦੇ ਮਕਾਨ ਅਤੇ ਸ਼ਹਿਰੀ ਵਿਕਾਸ ਵਿਭਾਗ ਦੀ ਜਾਇਜ਼ਾ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਧਾਰਤ ਸਮਾਂ ਸੀਮਾ ਵਿੱਚ ਮਾਸਟਰ ਪਲਾਨ ਦਾ ਕੰਮ ਯਕੀਨੀ ਬਣਾਉਣ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਜੇ ਜ਼ਰੂਰਤ ਹੋਵੇ ਤਾਂ ਲੋੜੀਂਦੀ ਯੋਜਨਾਬੰਦੀ ਦੇ ਕੰਮ ਲਈ ਆਊਟ-ਸੋਰਸਿੰਗ ਰਾਹੀਂ ਵੀ ਕਰਾਇਆ ਜਾ ਸਕਦਾ ਹੈ। ਇਕ ਸਰਕਾਰੀ ਬੁਲਾਰੇ ਅਨੁਸਾਰ ਮੀਟਿੰਗ ਦੌਰਾਨ ਰੀਅਲ ਅਸਟੇਟ ਦੇ ਸੈਕਟਰ ਦੇ ਵਿਕਾਸ ਲਈ ਢੁਕਵਾਂ ਮਾਹੌਲ ਸਿਰਜਣ ਲਈ ਵੀ ਕਈ ਕੁੰਜੀਵਤ ਫੈਸਲੇ ਲਏ ਗਏ ਕਿਉਂਕਿ ਇਹ ਸੈਕਟਰ ਪਿਛਲੇ ਕਈ ਸਾਲਾਂ ਤੋਂ ਮੰਦੀ ਰਫ਼ਤਾਰ ਦਾ ਸਾਹਮਣਾ ਕਰ ਰਿਹਾ ਹੈ। ਮਕਾਨ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਦਿੱਤੇ ਗਏ ਵੱਖ-ਵੱਖ ਸੁਝਾਵਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਇਹਨਾਂ ਵਿੱਚੋਂ ਕਈ ਸੁਝਾਵਾਂ ਨੂੰ ਤੁਰੰਤ ਲਾਗੂ ਕਰਨ ਦੇ ਨਿਰਦੇਸ਼ ਦਿੱਤੇ।
ਗੈਰ-ਕਾਨੂੰਨੀ ਕਾਲੋਨੀਆਂ ਨੂੰ ਨਿਯਮਤ ਕਰਨ ਦੇ ਮੁੱਦੇ ’ਤੇ ਮੀਟਿੰਗ ਦੌਰਾਨ ਮੁੱਖ ਸਕੱਤਰ ਦੀ ਅਗਵਾਈ ਵਿੱਚ ਇਕ ਕਮੇਟੀ ਗਠਿਤ ਕਰਨ ਦਾ ਫੈਸਲਾ ਹੋਇਆ ਜੋ ਕਿ ਇਹਨਾਂ ਨੂੰ ਨਿਯਮਤ ਕਰਨ ਅਤੇ ਉਥੇ ਵਸਦੇ ਲੋਕਾਂ ਨੂੰ ਮਾਲਕੀ ਦੇ ਅਧਿਕਾਰ ਦੇਣ ਸਬੰਧੀ ਲੋੜੀਂਦਾ ਕਾਨੂੰਨ ਤਿਆਰ ਕਰੇਗੀ। ਇਸ ਕਮੇਟੀ ਵਿੱਚ ਮਕਾਨ ਉਸਾਰੀ ਵਿਭਾਗ, ਸਥਾਨਕ ਸੰਸਥਾਵਾਂ ਵਿਭਾਗ ਅਤੇ ਮਾਲ ਵਿਭਾਗ ਦੇ ਮੈਂਬਰ ਹੋਣਗੇ। ਇਹ ਕਮੇਟੀ ਐਮ.ਸੀ. ਦੀ ਜ਼ਮੀਨ ਉਤੇ ਅਤੇ ਮਿਊਂਸਲ ਕੌਂਸਲ ਦੀ ਹੱਦ ਤੋਂ ਬਾਹਰਲੀ ਜ਼ਮੀਨ ’ਤੇ ਪ੍ਰਾਇਵੇਟ ਪ੍ਰੋਮੋਟਰਾਂ ਵੱਲੋਂ ਬਣਾਈਆਂ ਗਈਆਂ ਅਜਿਹੀਆਂ ਕਾਲੋਨੀਆਂ ਦੇ ਮੁੱਦੇ ’ਤੇ ਵਿਚਾਰ ਕਰੇਗੀ। ਵਿੱਤ ਮੰਤਰੀ ਨੇ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਮਾਸਟਰ ਪਲਾਨ ਲਾਗੂ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਇਸ ਸਮੇਂ ਸਿਰਫ਼ 43 ਸ਼ਹਿਰ ਮਾਸਟਰ ਪਲਾਨ ਹੇਠਾਂ ਹਨ। ਮੁੱਖ ਮੰਤਰੀ ਨੇ ਪਹਿਲ ਦੇ ਆਧਾਰ ’ਤੇ ਮਾਸਟਰ ਪਲਾਨ ਤਿਆਰ ਕਰਨ ਅਤੇ ਇਹਨਾਂ ਨੂੰ ਆਨ-ਲਾਈਨ ਉਪਲਬਧ ਕਰਨ ਦੇ ਨਿਰਦੇਸ਼ ਦਿੱਤੇ। ਅਲਾਟੀਆਂ ਵੱਲੋਂ ਜਾਇਦਾਦ ਦੇ ਰਿਕਾਰਡ ਦੀ ਆਨਲਾਈਨ ਪ੍ਰਾਪਤੀ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਅੱਜ ਤੋਂ ਇਕ ਮੋਬਾਇਲ ਐਪ ਵੀ ਸ਼ੁਰੂ ਕੀਤਾ ਗਿਆ ਹੈ। ਇਸ ਐਪਲੀਕੇਸ਼ਨ ’ਤੇ ਬਾਅਦ ਵਿੱਚ ਅਲਾਟ ਕੀਤੀਆਂ ਥਾਵਾਂ ਦੇ ਸਬੰਧ ਵਿੱਚ ਭੁਗਤਾਨ ਕਰਨ ਲਈ ਈ-ਭੁਗਤਾਨ ਸੇਵਾ ਤੋਂ ਇਲਾਵਾ ਵਰਤੋਂ ਚਾਰਜਿਜ, ਸਥਾਨਾਂ ਦੀ ਉਪਬਲਧਤਾ ਦਾ ਦ੍ਰਿਸ਼ ਆਦਿ ਵੀ ਮੌਜੂਦ ਹੋਵੇਗਾ।
ਮੁੱਖ ਮੰਤਰੀ ਨੇ ਚੋਣ ਮੈਨੀਫੈਸਟੋ ਦੌਰਾਨ ਵਿੱਚ ਕੀਤੇ ਗਏ ਵਾਅਦਿਆ ਅਨੁਸਾਰ ਮੁੱਖ ਮੰਤਰੀ ਆਵਾਸ ਯੋਜਨਾ ਦੇ ਹੇਠ ਮੁਫ਼ਤ ਘਰਾਂ ਲਈ ਲਾਭਪਾਤਰੀਆਂ ਦੀ ਸ਼ਨਾਖਤ ਅਤੇ ਜਾਂਚ ਕਰਨ ਦੀ ਪ੍ਰੀਕ੍ਰਿਆ ਸ਼ੁਰੂ ਕਰਨ ਦੇ ਲਈ ਵੀ ਨਿਰਦੇਸ਼ ਦਿੱਤੇ। ਭਵਿੱਖ ਵਿੱਚ ਸਾਰੀਆਂ ਅਲਾਟਮੈਂਟਾਂ ਵਿੱਚ ਅਨੁਸੂਚਿਤ ਜਾਤੀਆਂ ਨੂੰ 30 ਫੀਸਦੀ ਰਾਖਵਾਂਕਰਨ ਦੇ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਨੂੰ ਵੀ ਲਾਗੂ ਕਰਨ ਅਤੇ ਐਮ.ਆਈ.ਜੀ. ਘਰਾਂ ਨੂੰ ਖ਼ਰੀਦਣ/ਉਨ੍ਹਾਂ ਨੂੰ ਨਵਿਆਉਣ ਲਈ ਪਰਿਵਾਰਾਂ ਨੂੰ ਸਬਸਿਡੀ ਵਾਲੇ ਕਰਜ਼ੇ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਐਲ.ਆਈ.ਜੀ ਮਕਾਨਾਂ ਲਈ ਨਵੀਂ ਜ਼ਰੂਰਤ ਅਧਾਰਿਤ ਨੀਤੀ ਲਿਆਉਣ ਲਈ ਵੀ ਸਹਿਮਤੀ ਪ੍ਰਗਟਾਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵਿਭਾਗ ਨੂੰ ਵੱਖ-ਵੱਖ ਰੀਅਲ ਅਸਟੇਟ ਅਥਾਰਟੀਆਂ ਨੂੰ ਰਲਾਉਣ ਬਾਰੇ ਵਿਸਥਾਰਤ ਯੋਜਨਾ ਤਿਆਰ ਕਰਨ ਦੀ ਹਦਾਇਤ ਕੀਤੀ ਤਾਂ ਕਿ ਨਾਗਰਿਕਾਂ ਨੂੰ ਵਧੀਆ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਸੀ.ਐਲ.ਯੂ. ਘਟਾਉਣ ਦੇ ਸੁਝਾਅ ’ਤੇ ਇਹ ਵਿਚਾਰ ਕੀਤੀ ਗਈ ਕਿ ਅੰਤਮ ਫੈਸਲਾ ਲੈਣ ਤੋਂ ਪਹਿਲਾਂ ਸਾਰੇ ਭਾਈਵਾਲਾਂ ਨਾਲ ਸਲਾਹ-ਮਸ਼ਵਰਾ ਕਰ ਲੈਣਾ ਚਾਹੀਦਾ ਹੈ। ਮੈਰਿਜ ਪੈਲੇਸਾਂ ਦੇ ਮਾਲਕਾਂ ਦੀ ਸਮੱਸਿਆਵਾਂ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਵਿਭਾਗ ਨੂੰ ਭਾਈਵਾਲਾਂ ਨੂੰ ਮਿਲ ਕੇ ਉਨ੍ਹਾਂ ਦੇ ਵਿਚਾਰ ਲੈਣ ਲਈ ਆਖਿਆ।
ਮੀਟਿੰਗ ਵਿੱਚ ਲਏ ਹੋਰ ਫੈਸਲਿਆਂ ਵਿੱਚ ਪੰਜ ਵੱਡੇ ਸ਼ਹਿਰਾਂ ਵਿੱਚ ਛੋਟੇ ਨਿਵੇਸ਼ਕਾਰਾਂ ਲਈ ਸਿੰਗਲ ਵਿੰਡੋ ਪ੍ਰਵਾਨਗੀ ਦੀ ਵਿਵਸਥਾ, ਪਲਾਟਾਂ ਤੇ ਥਾਵਾਂ ਲਈ ਜਾਇਜ਼ ਰਾਖਵੀਆਂ ਕੀਮਤਾਂ ਤੈਅ ਕਰਨ, ਦਰਮਿਆਨੇ ਆਕਾਰ ਦੇ ਰੀਅਲ ਅਸਟੇਟ ਹਾਊਸਿੰਗ ਪ੍ਰਾਜੈਕਟ ਦੀ ਪ੍ਰਵਾਨਗੀ ਬਾਰੇ ਨੀਤੀ ਨੂੰ ਮੁੜ ਘੋਖਣ, ਸਾਰੇ ਮਾਸਟਰ ਪਲਾਨ ਵਿੱਚ ਸਨਅਤੀ ਜ਼ੋਨ ਵਿੱਚ ਆਰਥਿਕ ਤੌਰ ’ਤੇ ਕਮਜ਼ੋਰ ਤਬਕਿਆਂ ਲਈ ਰਿਹਾਇਸ਼ੀ ਪ੍ਰਾਜੈਕਟਾਂ ਨੂੰ ਸ਼ਾਮਲ ਕਰਨ ਅਤੇ ਈ.ਡੀ.ਸੀ. ਦੀ ਅਦਾਇਗੀ ਕਰਨ ’ਤੇ ਸਾਲ 2017 ਲਈ ਮੋਹਲਤ ਦੇਣਾ ਸ਼ਾਮਲ ਹੈ। ਮੀਟਿੰਗ ਦੌਰਾਨ ਸੈਕਟਰ ਰੋਡਜ਼ ਦੀ ਉਸਾਰੀ ਦੇ ਮੰਤਵ ਨਾਲ ਜ਼ਮੀਨ ਐਕੁਵਾਇਰ ਕਰਨ ਦੇ ਇਵਜ਼ ਵਿੱਚ ਪ੍ਰਮੋਟਰਾਂ ਨੂੰ ਮੁਆਵਜ਼ਾ ਦੇਣ ਸਬੰਧੀ ਨੀਤੀ ਦੀ ਸਮੀਖਿਆ ਕਰਨ ਦਾ ਵੀ ਫੈਸਲਾ ਕੀਤਾ ਗਿਆ।
ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਜਿਹੜੀਆਂ ਥਾਵਾਂ 31 ਮਾਰਚ, 2018 ਤੱਕ ਗਹਿਣੇ ਰੱਖੀਆਂ ਗਈਆਂ ਹਨ, ਉਨ੍ਹਾਂ ਥਾਵਾਂ ਨੂੰ ਉਨ੍ਹਾਂ ਦਰਾਂ ’ਤੇ ਛੁਡਵਾਉਣ ਦੀ ਸਹਿਮਤੀ ਦਿੱਤੀ ਗਈ। ਮੀਟਿੰਗ ਦੌਰਾਨ ਸੀ.ਐਲ.ਯੂ./ਨਕਸ਼ਿਆਂ ਦੀ ਤੁਰੰਤ ਪ੍ਰਵਾਨਗੀ, ਮਾਲ ਰਸਤਿਆਂ ਨੂੰ ਤੇਜ਼ੀ ਨਾਲ ਐਕੁਵਾਇਰ ਕਰਨਾ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ ਨਾਲ ਸਬੰਧਤ ਮੁੱਦਿਆਂ ਦੇ ਛੇਤੀ ਹੱਲ, ਸਟਾਫ ਦੀ ਭਰਤੀ ਵਿੱਚ ਤੇਜ਼ੀ ਲਿਆਉਣ ਅਤੇ ਵਿਸ਼ੇਸ਼ ਵਿਕਾਸ ਅਥਾਰਟੀਆਂ ਵੱਲੋਂ ਓ.ਯੂ.ਜੀ.ਵੀ.ਐਲ. ਅਤੇ ਹੋਰ ਜਾਇਦਾਦਾਂ ਦੇ ਬਕਾਏ ਦੀ ਉਗਰਾਹੀ ਕਰਨ ਸਮੇਤ ਹੋਰ ਮਹੱਤਵਪੂਰਨ ਫੈਸਲੇ ਲਏ ਗਏ। ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਵਿਕਾਸ ਅਥਾਰਟੀਆਂ ਵੱਲੋਂ ਪ੍ਰਾਪਤ ਕੀਤਾ ਈ.ਡੀ.ਸੀ. ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਖਰਚਿਆ ਜਾਵੇਗਾ ਜਿਨ੍ਹਾਂ ਵਿੱਚ ਸੜਕਾਂ, ਪਾਣੀ ਤੇ ਸੀਵਰੇਜ ਦੇ ਕੁਨੈਕਸ਼ਨ ਨੂੰ ਪਹਿਲ ਦਿੱਤੀ ਜਾਵੇਗੀ। ਮੀਟਿੰਗ ਦੌਰਾਨ ਰਣਜੀਤ ਸਾਗਰ ਝੀਲ ਨਾਲ ਥੀਨ ਡੈਮ ਦੁਆਲੇ ਪੀ.ਪੀ.ਪੀ. ਵਿਧੀ ਰਾਹੀਂ ਟੂਰਿਜ਼ਮ-ਕਮ-ਥੀਮ ਪਾਰਕ ਸਥਾਪਤ ਕਰਨ ਦਾ ਫੈਸਲਾ ਕੀਤਾ।