Share on Facebook Share on Twitter Share on Google+ Share on Pinterest Share on Linkedin ਮੁਹਾਲੀ ਵਿੱਚ ਦੁਧਾਰੂ ਪਸ਼ੂਆਂ ਦੀ ਮੌਤ ਦੇ ਮਾਮਲੇ ਵਿੱਚ ਮੁੱਖ ਮੰਤਰੀ ਵੱਲੋਂ ਜਾਂਚ ਦੇ ਆਦੇਸ਼ ਡਿਪਟੀ ਕਮਿਸ਼ਨਰ ਨੇ ਏਡੀਸੀ (ਵਿਕਾਸ) ਅਮਰਦੀਪ ਸਿੰਘ ਬੈਂਸ ਨੂੰ ਸੌਂਪੀ ਮਾਮਲੇ ਦੀ ਜਾਂਚ ਡੇਅਰੀ ਫਾਰਮਾਂ ਵਿੱਚ ਫੀਡ ਤੇ ਚਾਰਾ ਸਪਲਾਈ ਕਰਨ ਵਾਲੇ ਖ਼ਿਲਾਫ਼ ਕੇਸ ਦਰਜ, ਪਸ਼ੂਆਂ ਦੀ ਮੌਤ ਤੋਂ ਬਾਅਦ ਮੁਲਜ਼ਮ ਫਰਾਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਥੋਂ ਦੇ ਨਜ਼ਦੀਕੀ ਪਿੰਡ ਕੰਡਾਲਾ ਸਥਿਤ ਦੋ ਡੇਅਰੀ ਫਾਰਮਾਂ ਅਤੇ ਪਿੰਡ ਸਫ਼ੀਪੁਰ ਵਿੱਚ ਦੂਸ਼ਿਤ ਚਾਰਾ (ਜ਼ਹਿਰੀਲੀ ਫੀਡ) ਖਾਣ ਨਾਲ ਵੱਡੀ ਗਿਣਤੀ ਵਿੱਚ ਦੁਧਾਰੂ ਪਸ਼ੂਆਂ ਦੀ ਹੋਈ ਮੌਤ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੂੰ ਸਮੁੱਚੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਪਸ਼ੂਆਂ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਵਿਸਥਾਰ ਰਿਪੋਰਟ ਦੇਣ ਲਈ ਆਖਿਆ ਹੈ। ਏਨੀ ਵੱਡੀ ਗਿਣਤੀ ਵਿੱਚ ਪਸ਼ੂਆਂ ਦੀ ਮੌਤ ਹੋਣ ਨਾਲ ਉਕਤ ਦੋਵੇਂ ਡੇਅਰੀ ਫਾਰਮਾਂ ਵਿੱਚ ਸਨਾਟਾ ਛਾ ਗਿਆ ਹੈ। ਉਧਰ, ਡੀਸੀ ਨੇ ਮੁੱਖ ਮੰਤਰੀ ਦੇ ਹੁਕਮਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ ਨੂੰ ਤੁਰੰਤ ਪ੍ਰਭਾਵ ਨਾਲ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਪੜਤਾਲ ਕਰਕੇ ਰਿਪੋਰਟ ਦੇਣ ਲਈ ਆਖਿਆ ਹੈ। ਡੀਸੀ ਨੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਨਿਰਮਲਜੀਤ ਸਿੰਘ ਨੂੰ ਵੀ ਜਾਂਚ ਵਿੱਚ ਸਹਿਯੋਗ ਦੇਣ ਲਈ ਆਖਿਆ ਹੈ। ਸ੍ਰੀ ਗਿਰੀਸ਼ ਦਿਆਲਨ ਨੇ ਕਿਹਾ ਕਿ ਡੇਅਰੀ ਫਾਰਮਾਂ ਵਿੱਚ ਬਾਕੀ ਬਚੇ ਬਿਮਾਰ ਪਸ਼ੂਆਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਲੁਧਿਆਣਾ ਅਤੇ ਰੀਜ਼ਨਲ ਡੀਡਜ ਡਾਇਗਨੋਸਟਿਕ ਲੈਬਾਰਟਰੀ ਜਲੰਧਰ ਦੀਆਂ ਟੀਮਾਂ ਵੀ ਪਿੰਡ ਪਹੁੰਚ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪਸ਼ੂਆਂ ਨੂੰ ਖਾਣ ਲਈ ਪਰੋਸੇ ਗਏ ਚਾਰੇ ਅਤੇ ਫੀਡ ਦੀ ਵੀ ਜਾਂਚ ਕੀਤੀ ਜਾਵੇ ਤਾਂ ਜੋ ਪਸ਼ੂਆਂ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਪਤਾ ਚਲ ਸਕੇ। ਉਨ੍ਹਾਂ ਹੋਰਨਾਂ ਪਸ਼ੂ ਪਾਲਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਪਸ਼ੂਆਂ ਨੂੰ ਸੰਤੁਲਿਤ ਖੁਰਾਕ ਅਤੇ ਸਹੀ ਤਰੀਕੇ ਨਾਲ ਦੇਖਭਾਲ ਕੀਤੀ ਜਾਵੇ ਅਤੇ ਜੇਕਰ ਅਜਿਹਾ ਕੋਈ ਹੋਰ ਮਾਮਲਾ ਸਾਹਮਣੇ ਆਉਂਦਾ ਹੈ, ਉਸ ਦੀ ਜਾਣਕਾਰੀ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਜਾਵੇ। ਇਸ ਮੌਕੇ ਸਾਬਕਾ ਸਰਪੰਚ ਸੁਰਿੰਦਰ ਸਿੰਘ ਅਤੇ ਪੀੜਤ ਡੇਅਰੀ ਫਾਰਮਰ ਜਰਨੈਲ ਸਿੰਘ ਰਾਜੂ ਨੇ ਦੱਸਿਆ ਕਿ ਉਸ ਦੇ ਡੇਅਰੀ ਫਾਰਮ ਵਿੱਚ 80 ਤੋਂ ਵੱਧ ਪਸ਼ੂ ਸਨ। ਜਿਨ੍ਹਾਂ ’ਚੋਂ ਹੁਣ ਸਿਰਫ਼ 2 ਮੱਝਾਂ ਬਚੀਆਂ ਹਨ, ਪ੍ਰੰਤੂ ਉਹ ਵੀ ਮਰਨ ਕਿਨਾਰੇ ਹਨ। ਉਂਜ ਡੇਢ ਦਰਜਨ ਗਾਵਾਂ ਜ਼ਰੂਰ ਬਚ ਗਈਆਂ ਹਨ। ਉਨ੍ਹਾਂ ਦੱਸਿਆ ਕਿ ਵੈਸੇ ਉਹ ਪਸ਼ੂਆਂ ਦੀ ਗਿਣਤੀ ਨਹੀਂ ਕਰਦੇ ਹਨ ਕਿਉਂਕਿ ਗਿਣਤੀ ਕਰਨ ਨਾਲ ਜਾਨਵਰਾਂ ਵਿੱਚ ਵਾਧਾ ਨਹੀਂ ਹੁੰਦਾ ਹੈ। ਚਾਰ ਪਸ਼ੂ ਵੇਚ ਦਿੱਤੇ ਅਤੇ ਦੋ ਹੋਰ ਖਰੀਦ ਲਏ। ਇਹ ਸਿਲਸਿਲਾ ਚਲਦਾ ਰਹਿੰਦਾ ਹੈ। ਤਰਸੇਮ ਲਾਲ ਨੇ ਦੱਸਿਆ ਕਿ ਉਸ ਦੇ ਡੇਅਰੀ ਫਾਰਮ ਵਿੱਚ 45 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਜਿਹੜੇ 5-7 ਪਸ਼ੂ ਹੀ ਬਚੇ ਹਨ। ਇਨ੍ਹਾਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਉਨ੍ਹਾਂ ਡਾਕਟਰੀ ਇਲਾਜ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੀ ਟੀਮ ਸੂਈ ਤੱਕ ਆਪਣੇ ਨਾਲ ਨਹੀਂ ਲਿਆਈ ਅਤੇ ਸਾਰਾ ਸਮਾਨ ਉਨ੍ਹਾਂ ਤੋਂ ਬਾਜ਼ਾਰ ’ਚੋਂ ਮਗਵਾਇਆ ਗਿਆ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਹੁਕਮਾਂ ’ਤੇ ਸੋਹਾਣਾ ਪੁਲੀਸ ਨੇ ਡੇਅਰੀ ਫਾਰਮਾਂ ਵਿੱਚ ਚਾਰਾ ਅਤੇ ਫੀਡ ਸਪਲਾਈ ਕਰਨ ਵਾਲੇ ਮੀਆਂ ਖਾਨ ਵਾਸੀ ਪਿੰਡ ਦਿਆਲਪੁਰਾ ਦੇ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਸੋਹਾਣਾ ਦੇ ਐਸਐਚਓ ਰਾਜੇਸ਼ ਹਸਤੀਰ ਨੇ ਦੱਸਿਆ ਕਿ ਪਸ਼ੂਆਂ ਦੀ ਮੌਤ ਬਾਰੇ ਪਤਾ ਲੱਗਣ ਤੋਂ ਬਾਅਦ ਮੀਆਂ ਯੂਪੀ ਭੱਜ ਗਿਆ ਹੈ। ਜਿਸ ਦੀ ਤਲਾਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ