ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੈਰ-ਕਾਨੂੰਨੀ ਖਣਨ ਤੇ ਟੈਕਸ ਚੋਰੀ ਵਿਰੁੱਧ ਸਖ਼ਤ ਕਾਰਵਾਈ ਦੇ ਨਿਰਦੇਸ਼

ਗੈਰ-ਕਾਨੂੰਨੀ ਸਰਗਰਮੀਆਂ ਰੋਕਣ ਲਈ ਵਿਸ਼ੇਸ਼ ਬਹੁ-ਵਿਭਾਗੀ ਸੰਯੁਕਤ ਟੀਮਾਂ ਬਣਾਉਣ ਦੇ ਹੁਕਮ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 5 ਫਰਵਰੀ:
ਗੈਰ-ਕਾਨੂੰਨੀ ਖਣਨ ਅਤੇ ਇਸ ਨਾਲ ਸਬੰਧਤ ਟੈਕਸਾਂ ਦੀ ਚੋਰੀ ਵਿਰੁੱਧ ਤਿੱਖਾ ਹਮਲਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸਾਰੇ ਜਿਲ੍ਹਿਆਂ ਵਿਚ ਸਬੰਧਤ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਵਿਚ ਵਿਸ਼ੇਸ਼ ਬਹੁ-ਵਿਭਾਗੀ ਸੰਯੁਕਤ ਟੀਮਾਂ ਗਠਿਤ ਕਰਨ ਦੇ ਹੁਕਮ ਜਾਰੀ ਕੀਤੇ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਟੀਮਾਂ ਵਿਚ ਕਰ, ਖਣਨ, ਮਾਲ ਅਤੇ ਪੁਲਿਸ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹੋਣਗੇ ਅਤੇ ਉਨ੍ਹਾਂ ਨੂੰ ਗੈਰ-ਕਾਨੂੰਨੀ ਖਣਨ ਅਤੇ ਟੈਕਸਾਂ ਦੀ ਚੋਰੀ ਰੋਕਣ ਲਈ ਨਾਕੇ ਲਾਉਣ ਦਾ ਅਧਿਕਾਰ ਹੋਵੇਗਾ। ਗੈਰ-ਕਾਨੂੰਨੀ ਖਣਨ ਦੀ ਸਮੱਸਿਆ ਸਬੰਧੀ ਗੰਭੀਰ ਰੁੱਖ ਅਖਤਿਆਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਇਸ ਕਾਰਜ ਵਿਚ ਲੱਗੇ ਕਿਸੇ ਨੂੰ ਵੀ ਕਿਸੇ ਵੀ ਕੀਮਤ ’ਤੇ ਮੁਆਫ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਖਣਨ ਅਤੇ ਟੈਕਸਾਂ ਦੀ ਚੋਰੀ ਕਾਰਨ ਸਰਕਾਰੀ ਖਜ਼ਾਨੇ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ ਜਿਸ ਨੂੰ ਪਹਿਲ ਦੇ ਆਧਾਰ ਤੇ ਰੋਕੇ ਜਾਣ ਦੀ ਜ਼ਰੂਰਤ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਮੌਕੇ ਸੂਬਾ ਹੋਰ ਵਿੱਤੀ ਨੁਕਸਾਨ ਸਹਿਣ ਨਹੀਂ ਕਰ ਸਕਦਾ। ਮੁੱਖ ਮੰਤਰੀ ਨੇ ਚੇਤਾਵਨੀ ਦਿੱਤੀ ਕਿ ਇਸ ਮਾਮਲੇ ਵਿਚ ਸਿਆਸੀ ਦਖਲ-ਅੰਦਾਜ਼ੀ ਸਹਿਣ ਨਹੀਂ ਕੀਤੀ ਜਾਵੇਗੀ ਅਤੇ ਉਨ੍ਹਾਂ ਨੇ ਬਿਨਾਂ ਕਿਸੇ ਦੇਰੀ ਤੋਂ ਪਹਿਲ ਦੇ ਆਧਾਰ ਤੇ ਇਨ੍ਹਾਂ ਲੋਕਾਂ ਵਿਰੁੱਧ ਕਾਰਵਾਈ ਸ਼ੁਰੂ ਕਰਨ ਲਈ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਖਣਨ ਵਿਭਾਗ ਦੇ ਜਾਇਜ਼ੇ ਲਈ ਵਿੱਤ ਬਾਰੇ ਸਬ-ਕਮੇਟੀ ਦੀ ਮੀਟਿੰਗ ਤੋਂ ਬਾਅਦ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸਟੋਨ ਕਰੈਸ਼ਰਾਂ ਉੱਤੇ ਚੌਕਸੀ ਵਧਾਉਣ ਲਈ ਵੀ ਹੁਕਮ ਜਾਰੀ ਕੀਤੇ ਜੋ ਰੂਪਨਗਰ, ਐਸ.ਏ.ਐਸ. ਨਗਰ (ਮੁਹਾਲੀ) ਅਤੇ ਪਠਾਨਕੋਟ ਨਾਂ ਦੇ ਤਿੰਨ ਜਿਲ੍ਹਿਆਂ ਵਿਚ ਲੱਗੇ ਹੋਏ ਹਨ। ਖਣਨ ਵਿਭਾਗ ਦੇ ਕੰਮ-ਕਾਜ ਨੂੰ ਦਰੁਸਤ ਅਤੇ ਹੋਰ ਪ੍ਰਭਾਵੀ ਬਣਾਉਣ ਦੇ ਲਈ ਮੀਟਿੰਗ ਦੌਰਾਨ ਖੁੱਲ੍ਹਾ ਵਿਚਾਰ-ਵਟਾਂਦਰਾ ਹੋਇਆ। ਇਸ ਮੌਕੇ ਇਕ ਨਵਾਂ ਖਣਨ ਵਿਭਾਗ ਸਥਾਪਤ ਕਰਨ ਦੇ ਪ੍ਰਸਤਾਵ ਬਾਰੇ ਵੀ ਚਰਚਾ ਹੋਈ, ਜਿਸ ਦੇ ਵਾਸਤੇ ਮਾਨਵੀ ਸ਼ਕਤੀ ਵੱਖ-ਵੱਖ ਸਬੰਧਤ ਵਿਭਾਗਾਂ ਤੋਂ ਲਈ ਜਾਵੇਗੀ। ਚਾਲੂ ਵਿੱਤੀ ਸਾਲ ਦੌਰਾਨ ਖਣਨ ਵਪਾਰ ਤੋਂ ਪ੍ਰਾਪਤ ਹੋਏ ਮਾਲੀਏ ਸਬੰਧੀ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਵਿਭਾਗ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ ਦੌਰਾਨ 19 ਫਰਵਰੀ ਅਤੇ 15 ਮਾਰਚ ਨੂੰ ਨਿਰਧਾਰਤ ਕੀਤੀਆਂ ਗਈਆਂ ਦੋ ਹੋਰ ਬੋਲੀਆਂ ਤੋਂ ਬਾਅਦ ਸਾਲ 2017-18 ਵਿਚ ਕੁਲ ਮਾਲੀਆ ਕਈ ਗੁਣਾ ਜ਼ਿਆਦਾ ਵੱਧ ਜਾਵੇਗਾ। ਇਸ ਸਬੰਧੀ ਅਨੁਮਾਨ ਲਾਇਆ ਗਿਆ ਹੈ ਕਿ ਅਗਲੇ ਸਾਲ ਖਣਨ ਤੋਂ ਮਾਲੀਆ ਤਿੰਨ ਗੁਣਾ ਹੋ ਜਾਵੇਗਾ।
19 ਫਰਵਰੀ ਨੂੰ ਕੀਤੀ ਜਾ ਰਹੀ ਬੋਲੀ ਦੌਰਾਨ 48 ਰੇਤ ਖੱਡਾਂ (1.64 ਕਰੋੜ ਟਨ) ਅਤੇ 3 ਬਜਰੀ (0.2 ਕਰੋੜ ਟਨ) ਦੀਆਂ ਖੱਡਾਂ ਦੀ ਬੋਲੀ ਹੋਵੇਗੀ ਜਦਕਿ 15 ਮਾਰਚ ਨੂੰ ਰੇਤ ਦੀਆਂ 145 ਖੱਡਾਂ (2.7 ਕਰੋੜ ਟਨ) ਅਤੇ ਬਜਰੀ ਦੀਆਂ 18 ਖੱਡਾਂ (0.2 ਕਰੋੜ ਟਨ) ਦੀ ਖੁੱਲ੍ਹੀ ਬੋਲੀ ਹੋਵੇਗੀ। ਵਿਭਾਗ ਦੇ ਅਧਿਕਾਰੀਆਂ ਨੇ ਮੀਟਿੰਗ ਦੌਰਾਨ ਅੱਗੇ ਦੱਸਿਆ ਕਿ ਬੋਲੀ ਕੀਤੀਆਂ ਗਈਆਂ 34 ਖੱਡਾਂ (329 ਹੈਕਟੇਅਰ ਰਕਬੇ ਵਿਚ) ਅਜੇ ਕਾਰਜਸ਼ੀਲ ਹੋਣੀਆਂ ਹਨ। ਜਿਉਂ ਹੀ ਇਨ੍ਹਾਂ ਵਿਚ ਉਤਪਾਦਨ ਸ਼ੁਰੂ ਹੋਵੇਗਾ ਤਾਂ ਮਾਲੀਆ ਹੋਰ ਵੀ ਵਧ ਜਾਵੇਗਾ। ਉਨ੍ਹਾਂ ਦਸਿਆ ਕਿ 10 ਫੀਸਦੀ ਖਣਨ ਉਤਪਾਦਨ ਵਧਣ ਨਾਲ ਕਮਾਈ 600-800 ਕਰੋੜ ਰੁਪਏ ਜਾ ਸਕਦੀ ਹੈ। ਮੁੱਖ ਮੰਤਰੀ ਨੇ ਬੋਲੀ ਕੀਤੀਆਂ ਗਈਆਂ ਖੱਡਾਂ ਨੂੰ ਤੁਰੰਤ ਕਾਰਜਸ਼ੀਲ ਕਰਨ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕੇ ਜਾਣ ਵਾਸਤੇ ਨਿਰਦੇਸ਼ ਦਿੱਤੇ।
ਇਸ ਦੌਰਾਨ ਹੀ ਉਨ੍ਹਾਂ ਨੇ ਅੱਗੇ ਹੋਣ ਵਾਲੀ ਹੋਰ ਬੋਲੀ ਦੇ ਵਾਸਤੇ ਪ੍ਰਚਾਰ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਮੀਟਿੰਗ ਦੌਰਾਨ ਬਜਰੀ ਦੀਆਂ ਹੋਰ ਖੱਡਾਂ ਦੀ ਸ਼ਨਾਖਤ ਕਰਨ ਦੀ ਜ਼ਰੂਰਤ ਤੇ ਵੀ ਜ਼ੋਰ ਦਿੱਤਾ ਗਿਆ ਤਾਂ ਜੋ ਮੰਗ ਅਤੇ ਸਪਲਾਈ ਦੇ ਪਾੜੇ ਨੂੰ ਪੂਰਿਆ ਜਾ ਸਕੇ। ਇਸ ਵੇਲੇ ਬਜਰੀ ਦੀ ਕੁਲ ਮੰਗ 2.4 ਕਰੋੜ ਟਨ ਹੈ। ਜਿਸ ਵਿਚੋਂ ਸਿਰਫ 16 ਫੀਸਦੀ ਹੀ ਸਰਕਾਰੀ ਸਪਲਾਈ ਨਾਲ ਪੂਰੀ ਕੀਤੀ ਜਾ ਰਹੀ ਹੈ। ਇਸੇ ਤਰਾਂ ਹੀ ਰੇਤ ਦੀ 1.6 ਕਰੋੜ ਟਨ ਦੀ ਮੰਗ ਵਿਚੋਂ 35 ਫੀਸਦੀ ਪੁਰ ਕੀਤੀ ਜਾ ਰਹੀ ਹੈ। ਖਣਨ ਵਿਭਾਗ ਦੇ ਅਨੁਸਾਰ ਸੂਬੇ ਵਿਚ ਕੁਲ ਮੰਗ 4 ਕਰੋੜ ਟਨ ਹੈ।
ਮੀਟਿੰਗ ਵਿਚ ਸ਼ਾਮਲ ਹੋਰਨਾਂ ਵਿਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮੋਹਿੰਦਰਾ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਵਿੱਤ ਸਲਾਹਕਾਰ ਵੀ.ਕੇ. ਗਰਗ, ਚੇਅਰਮੈਨ ਗਵਰਨੈਂਸ ਅਤੇ ਨੈਤਿਕ ਕਮਿਸ਼ਨ ਕੇ.ਆਰ. ਲਖਨਪਾਲ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਪ੍ਰਮੁੱਖ ਸਕੱਤਰ ਵਿੱਤ ਅਨਿਰੁੱਧ ਤਿਵਾੜੀ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਉਦਯੋਗ ਅਤੇ ਕਮਰਸ ਦੇ ਪ੍ਰਮੁੱਖ ਸਕੱਤਰ ਰਕੇਸ਼ ਵਰਮਾ ਅਤੇ ਡਾਇਰੈਕਟਰ ਖਣਨ ਅਮਿਤ ਢਾਕਾ ਹਾਜ਼ਰ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…