
ਮੁੱਖ ਮੰਤਰੀ ਵੱਲੋਂ ਗੜ੍ਹੇਮਾਰੀ ਤੇ ਮੀਂਹ ਨਾਲ ਕਣਕ ਦੀ ਫਸਲ ਨੂੰ ਹੋਏ ਨੁਕਸਾਨ ਦਾ ਅਨੁਮਾਨ ਲਾਉਣ ਲਈ ਗਿਰਦਾਵਰੀ ਦੇ ਹੁਕਮ
ਹਾੜੀ ਦੇ ਮੌਸਮ ਦੌਰਾਨ ਪੰਜਾਬ ਦੀਆਂ ਨਹਿਰਾਂ ਵਿੱਚ ਪਾਣੀ ਛੱਡਣ ਦਾ ਪ੍ਰੋਗਰਾਮ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 6 ਅਪਰੈਲ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਭਰ ਵਿੱਚ ਬੇਮੌਸਮੇ ਮੀਂਹ ਅਤੇ ਗੜੇ੍ਹਮਾਰੀ ਨਾਲ ਕਣਕ ਦੀ ਫਸਲ ਨੂੰ ਹੋਏ ਨੁਕਸਾਨ ਦਾ ਅਨੁਮਾਨ ਲਾਉਣ ਲਈ ਵਿਸ਼ੇਸ਼ ਗਿਰਦਾਵਰੀ ਕਰਨ ਦੇ ਹੁਕਮ ਦਿੱਤੇ ਹਨ। ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਹੋਏ ਨੁਕਸਾਨ ਦੀ ਜਾਣਕਾਰੀ ਫੌਰੀ ਤੌਰ ’ਤੇ ਇਕੱਤਰ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਸਮੇਂ ਸਿਰ ਢੁਕਵਾ ਮੁਆਵਜ਼ਾ ਦੇਣਾ ਯਕੀਨੀ ਬਣਾਇਆ ਜਾ ਸਕੇ। ਬੁਲਾਰੇ ਨੇ ਦੱਸਿਆ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਜਿੱਥੇ ਕਿਤੇ ਵੀ ਕਣਕ ਦੀ ਫਸਲ ਨੂੰ ਹੋਏ ਨੁਕਸਾਨ ਦੀਆਂ ਰਿਪੋਰਟਾਂ ਮਿਲੀਆਂ ਹਨ, ਉਨ੍ਹਾਂ ਇਲਾਕਿਆਂ ਵਿੱਚ ਤੁਰੰਤ ਅਨੁਮਾਨ ਲਾਉਣ ਦੀ ਪ੍ਰੀਕ੍ਰਿਆ ਸ਼ੁਰੂ ਕੀਤੀ ਜਾਵੇ। ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਮੌਸਮ ਦੇ ਕਹਿਰ ਕਾਰਨ ਕਿਸੇ ਕਿਸਮ ਦੇ ਨੁਕਸਾਨ ਲਈ ਕਿਸਾਨਾਂ ਨੂੰ ਢੁਕਵਾ ਮੁਆਵਜ਼ਾ ਦੇਣ ਲਈ ਵਚਨਬੱਧ ਹੈ।
ਉਧਰ, ਹਾੜੀ ਦੇ ਮੌਸਮ ਲਈ ਨਹਿਰੀ ਪ੍ਰੋਗਰਾਮ ਦਾ ਐਲਾਨ ਕਰਦਿਆਂ ਸਿੰਚਾਈ ਵਿਭਾਗ ਪੰਜਾਬ ਦੇ ਇਕ ਬੁਲਾਰੇ ਨੇ ਅੱਜ ਇਥੇ ਦੱਸਿਆ ਕਿ 12 ਅਪ੍ਰੈਲ ਤੋਂ 19 ਅਪ੍ਰੈਲ 2017 ਤੱਕ ਰੋਪੜ ਹੈਡ ਵਰਕਸ ਤੋ‘ ਨਿਕਲਣ ਵਾਲੀਆਂ ਨਹਿਰਾਂ (ਸਰਹਿੰਦ ਕੈਨਾਲ ਸਿਸਟਮ) ਅਤੇ ਬਰਾਂਚਾਂ ਜਿਵੇ ਕਿ ਸਿਧਵਾਂ ਬਰਾਂਚ, ਬਠਿੰਡਾ ਬਰਾਂਚ, ਬਿਸਤ ਦੁਆਬ, ਅਬੋਹਰ ਬਰਾਂਚ ਅਤੇ ਪਟਿਆਲਾ ਫੀਡਰ ਕ੍ਰਮਵਾਰ ਪਹਿਲੀ, ਦੂਜੀ, ਤੀਜੀ, ਚੌਥੀ ਅਤੇ ਪੰਜਵੀ ਤਰਜੀਹ ਦੇ ਆਧਾਰ ’ਤੇ ਚੱਲਣਗੀਆਂ। ਬੁਲਾਰੇ ਨੇ ਨਹਿਰੀ ਵਾਰੀ ਬੰਦੀ ਪ੍ਰੋਗਰਾਮ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਖੜਾ ਮੇਨ ਲਾਈਨ ਵਿਚੋਂ ਨਿਕਲਦੀਆਂ ਸਿੱਧੀਆਂ ਨਹਿਰਾਂ ਜੋ ਕਿ ਗਰੁੱਪ ‘ਏ’ ਵਿੱਚ ਹਨ ਨੂੰ ਪਹਿਲੀ ਤਰਜੀਹ ਦੇ ਅਧਾਰ ’ਤੇ ਪੂਰਾ ਪਾਣੀ ਮਿਲੇਗਾ। ਘੱਗਰ ਲਿੰਕ ਅਤੇ ਪਟਿਆਲਾ ਮਾਈਨਰ ਜੋ ਕਿ ਗਰੁੱਪ ‘ਬੀ’ ਵਿੱਚ ਹਨ, ਨੂੰ ਦੂਜੀ ਤਰਜੀਹ ਦੇ ਆਧਾਰ ’ਤੇ ਬਾਕੀ ਬਚਦਾ ਪਾਣੀ ਮਿਲੇਗਾ।
ਸਿੰਚਾਈ ਵਿਭਾਗ ਦੇ ਬੁਲਾਰੇ ਨੇ ਇਹ ਵੀ ਦੱਸਿਆ ਕਿ ਸਰਹਿੰਦ ਫੀਡਰ ਵਿਚੋਂ ਨਿਕਲਦੀਆਂ ਨਹਿਰਾਂ ਅਤੇ ਇਸ ਦੇ ਰਜਬਾਹੇ ਜਿਹੜੇ ਕਿ ਗਰੁੱਪ ‘ਏ’ ਵਿਚ ਹਨ, ਨੂੰ ਪਹਿਲੀ ਤਰਜੀਹ ਦੇ ਆਧਾਰ ’ਤੇ ਪੂਰਾ ਪਾਣੀ ਮਿਲੇਗਾ ਜਦ ਕਿ ਸਰਹੰਦ ਫੀਡਰ ਵਿਚੋਂ ਨਿਕਲਦੀ ਅਬੋਹਰ ਬਰਾਂਚ ਅਤੇ ਇਸ ਦੇ ਸਾਰੇ ਰਜਬਾਹਿਆਂ ਜਿਹੜੇ ਕਿ ਗਰੁੱਪ ‘ਬੀ’ ਵਿੱਚ ਹਨ ਨੂੰ ਦੂਜੀ ਤਰਜੀਹ ਦੇ ਆਧਾਰ ’ਤੇ ਬਾਕੀ ਬਚਦਾ ਪਾਣੀ ਮਿਲੇਗਾ। ਸਿੰਚਾਈ ਵਿਭਾਗ ਦੇ ਬੁਲਾਰੇ ਨੇ ਅੱਗੇ ਹੋਰ ਦੱਸਿਆ ਕਿ ਅੱਪਰਬਾਰੀ ਦੁਆਬ ਕੈਨਾਲ ਵਿਚੋਂ ਨਿਕਲਦੀਆਂ ਨਹਿਰਾਂ ਕਸੂਰ ਬਰਾਂਚ ਲੋਅਰ ਅਤੇ ਇਸ ਦੇ ਰਜਬਾਹਿਆਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਪਾਣੀ ਦਿੱਤਾ ਜਾਵੇਗਾ ਜਦ ਕਿ ਸਭਰਾਉ ਬਰਾਂਚ, ਲਹੌਰ ਬਰਾਂਚ ਮੇਨ ਬਰਾਂਚ ਲੋਅਰ ਅਤੇ ਇਸ ਦੇ ਰਜਬਾਹਿਆਂ ਨੂੰ ਕ੍ਰਮਵਾਰ ਬਾਕੀ ਬਚਦਾ ਪਾਣੀ ਮਿਲੇਗਾ।