ਮੁੱਖ ਮੰਤਰੀ ਵਲੋਂ 56 ਖੱਡਾਂ ਦੀ ਹੋਣ ਵਾਲੀ ਈ-ਨਿਲਾਮੀ ਲਈ ਪਾਰਦਰਸ਼ਤਾ ਬਣਾਉਣ ਲਈ ਸਖ਼ਤ ਕਦਮ ਚੁੱਕਣ ਦੇ ਨਿਰਦੇਸ਼

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 10 ਜੂਨ:
ਗਿਆਰਾਂ ਜੂਨ ਨੂੰ ਹੋਣ ਵਾਲੀ ਰੇਤ ਦੀਆਂ ਖੱਡਾਂ ਦੀ ਈ-ਨਿਲਾਮੀ ਰੱਦ ਕਰਨ ਤੋਂ ਇੱਕ ਦਿਨ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਜੁਲਾਈ ਦੇ ਪਹਿਲੇ ਹਫਤੇ ਹੋਣ ਵਾਲੀ 56 ਖੱਡਾਂ ਦੀ ਬੋਲੀ ਦੌਰਾਨ ਨਿਰਪੱਖਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਸਾਰੇ ਕਦਮ ਚੁੱਕੇ ਜਾਣ ਵਾਸਤੇ ਖਣਨ ਵਿਭਾਗ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਅੱਜ ਇੱਥੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਖੱਡਾਂ ਦੀ ਈ-ਨਿਲਾਮੀ ਵਾਸਤੇ ਤਾਜ਼ਾ ਨੋਟੀਫਿਕੇਸ਼ਨ ਅਗਲੇ ਹਫਤੇ ਜਾਰੀ ਕੀਤਾ ਜਾਵੇਗਾ। ਬੋਲੀਕਾਰਾਂ ਲਈ ਇੱਕ ਸਖਤ ਚੈਕ ਲਿਸਟ ਅੌਨਲਾਇਨ ਮੁਹੱਈਆ ਕਰਵਾਈ ਜਾਵੇਗੀ ਜਿਸ ਨੂੰ ਪੂਰਾ ਕਰਨਾ ਉਨ੍ਹਾਂ ਲਈ ਜ਼ਰੂਰੀ ਹੋਵੇਗਾ। ਬੁਲਾਰੇ ਅਨੁਸਾਰ ਇਹ ਚੈਕ ਲਿਸਟ ਸਾਰੀਆਂ ਸਬੰਧਿਤ ਜ਼ਰੂਰੀ ਸ਼ਰਤਾਂ ਨੂੰ ਧਿਆਨ ਵਿੱਚ ਰਖਦੇ ਹੋਏ ਬਣਾਈ ਗਈ ਹੈ ਤਾਂ ਜੋ ਬੋਲੀ ਦੀ ਸਮੁੱਚੀ ਪ੍ਰਕਿਰਿਆ ਨੂੰ ਨਿਰਪੱਖ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਨਿਯਮਾਂ ਤੋਂ ਕਿਸ ਵੀ ਤਰ੍ਹਾਂ ਲਾਂਭੇ ਜਾਣ ਦੀ ਕਿਸੇ ਵੀ ਸੂਰਤ ਵਿੱਚ ਆਗਿਆ ਨਹੀਂ ਦਿੱਤੀ ਜਾਵੇਗੀ।
ਬੁਲਾਰੇ ਅਨੁਸਾਰ ਬੋਲੀ ਨਾਲ ਸਬੰਧਤ ਸਾਰੀਆਂ ਸਰਗਰਮੀਆਂ ’ਤੇ ਮੁੱਖ ਮੰਤਰੀ ਵਲੋਂ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਜਿਨ੍ਹਾਂ ’ਤੇ ਪਹਿਲਾਂ ਜੂਡੀਸ਼ਰੀ ਅਤੇ ਹੋਰਨਾਂ ਵਿਭਾਗਾਂ ਦੇ ਨਿਰਪੱਖ ਅਤੇ ਆਜ਼ਾਦ ਕਰਮਚਾਰੀਆਂ ਵਲੋਂ ਨਿਗਰਾਨੀ ਰੱਖੀ ਜਾ ਰਹੀ ਸੀ। ਮੁੱਖ ਮੰਤਰੀ ਨੇ ਮੁੜ ਦੁਹਰਾਇਆ ਹੈ ਕਿ ਉਨ੍ਹਾਂ ਦੀ ਸਰਕਾਰ ਖੱਡਾਂ ਦੀ ਪ੍ਰਗਤੀਸ਼ੀਲ ਬੋਲੀ ਵਿੱਚ ਪੂਰੀ ਪਾਰਦਰਸ਼ਤਾ ਅਪਣਾਉਣ ਲਈ ਵਚਨਬੱਧ ਹੈ ਜੋ ਕਿ ਸੂਬੇ ਵਿੱਚ ਰੇਤਾ ਦੀ ਸਪਲਾਈ ਨੂੰ ਬੜ੍ਹਾਵਾ ਦੇਣ ਦੇ ਨਾਲ-ਨਾਲ ਰੇਤਾ ਦੀਆਂ ਕੀਮਤਾਂ ਨੂੰ ਸਥਿਰ ਰੱਖੇਗੀ। ਮੁੱਖ ਮੰਤਰੀ ਨੇ ਸਬੰਧਿਤ ਕਰਮਚਾਰੀਆਂ ਨੂੰ ਬੋਲੀ ਦੀ ਪ੍ਰਕਿਰਿਆ ’ਤੇ ਸਖਤੀ ਨਾਲ ਨਿਯੰਤਰਣ ਰੱਖਣ ਲਈ ਆਖਿਆ ਹੈ। ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਸਬੰਧ ਵਿੱਚ ਕੋਈ ਵੀ ਢਿੱਲ ਸਹਿਣ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਭ੍ਰਿਸ਼ਟਾਚਾਰ ਨੂੰ ਰੱਤੀਭਰ ਵੀ ਨਾ ਸਹਿਣ ਕਰਨ ਦੀ ਗੱਲ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਸੂਬੇ ਵਿੱਚੋਂ ਰੇਤ ਮਾਫੀਏ ਦੇ ਮੁਕੰਮਲ ਸਫਾਏ ਲਈ ਵਚਨਬੱਧ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਈ-ਨਿਲਾਮੀ ਵਿੱਚ ਆਪਣੀ ਸ਼ਮੂਲੀਅਤ ਨੂੰ ਦਰਜ ਕਰਵਾਉਣ ਲਈ ਬੋਲੀਕਾਰਾਂ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਉਹ ਟੈਂਡਰ ਦਸਤਾਵੇਜ਼ ਵਿੱਚ ਦਰਜ ਸਾਰੀਆਂ ਸ਼ਰਤਾਂ ਨੂੰ ਸਖਤੀ ਨਾਲ ਪ੍ਰਵਾਨ ਕਰਨਗੇ। ਬੁਲਾਰੇ ਅਨੁਸਾਰ 11 ਜੂਨ ਦੀ ਈ-ਨਿਲਾਮੀ ਇਸ ਕਰਕੇ ਰੱਦ ਕੀਤੀ ਗਈ ਸੀ ਕਿਉਂਕਿ ਕੁੱਝ ਬੋਲੀਕਾਰ ਆਪਣੇ ਜ਼ਰੂਰੀ ਦਸਤਾਵੇਜ਼/ਸੂਚਨਾ ਅਪਲੋਡ ਕਰਨ ਵਿੱਚ ਅਸਫਲ ਰਹੇ ਸਨ। ਇਹ ਦਸਤਾਵੇਜ਼ ਟੈਂਡਰ ਅਨੁਸਾਰ ਲੋੜੀਂਦੇ ਸਨ। ਹੁਣ ਵਿਭਾਗ ਨੇ ਇਸ ਸਬੰਧ ਵਿੱਚ ਪੂਰਾ ਧਿਆਨ ਵਰਤਣ ਦੀ ਅਪੀਲ ਕੀਤੀ ਹੈ। ਬੋਲੀਕਾਰਾਂ ਨੂੰ ਆਪਣੇ ਦਸਤਾਵੇਜ਼ ਭਵਿੱਖ ਵਿੱਚ ਲੋੜੀਂਦੇ ਟੈਂਡਰ ਦਸਤਾਵੇਜ਼ਾਂ ਅਨੁਸਾਰ ਅਪਲੋਡ ਕਰਨ ਲਈ ਆਖਿਆ ਹੈ। ਬੁਲਾਰੇ ਅਨੁਸਾਰ ਕਿਸੇ ਵੀ ਤਰ੍ਹਾਂ ਦੇ ਸ਼ੱਕ ਜਾਂ ਭੰਬਲਭੂਸੇ ਦੇ ਮਾਮਲੇ ਵਿੱਚ ਟੈਂਡਰ ਦਸਤਾਵੇਜ਼ ਵੈਬਸਾਇਟ www.investpunjab.gov.in ’ਤੇ ਦੇਖੇ ਜਾ ਸਕਦੇ ਹਨ ਜਾਂ ਪ੍ਰਗਤੀਸ਼ੀਲ ਬੋਲੀਕਾਰ ਹੈਲਪ ਡੈਸਕ ਨੰਬਰ ’ਤੇ ਸੰਪਰਕ ਕਰ ਸਕਦੇ ਹਨ। ਵਿਭਾਗ ਨੇ ਉਨ੍ਹਾਂ ਬੋਲੀਕਾਰਾਂ ਦੀ ਬਿਆਨਾ ਰਕਮ ਵਾਪਸ ਕਰਨ ਲਈ ਪਹਿਲਾਂ ਹੀ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਜਿਨ੍ਹਾਂ ਨੇ 11 ਜੂਨ ਦੀ ਬੋਲੀ ਲਈ ਅਪਲਾਈ ਕੀਤਾ ਸੀ ਅਤੇ ਇਹ 13 ਜੂਨ ਨੂੰ ਮੁਕੰਮਲ ਹੋਣੀ ਸੀ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…