Nabaz-e-punjab.com

ਮੁੱਖ ਮੰਤਰੀ ਵੱਲੋਂ ਸਾਰਾਗੜੀ ਜੰਗ ਦੀ 124ਵੀਂ ਵਰੇਗੰਢ ਮੌਕੇ ਇਤਿਹਾਸਕ ਜੰਗ ਦੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ/ਫ਼ਿਰੋਜ਼ਪੁਰ, 12 ਸਤੰਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਾਰਾਗੜੀ ਜੰਗ ਦੀ 124ਵੀਂ ਵਰੇਗੰਢ ਮੌਕੇ ਇਸ ਇਤਿਹਾਸਕ ਜੰਗ ਦੇ ਸ਼ਹੀਦ ਸੈਨਿਕਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਗੁਰਦੁਆਰਾ ਸਾਰਾਗੜੀ ਵਿਖੇ ਹੋਏ ਰਾਜ ਪੱਧਰੀ ਸ਼ਹੀਦੀ ਦਿਵਸ ਸਮਾਗਮ ਦੌਰਾਨ ਵਰਚੁਅਲ ਤਰੀਕੇ ਨਾਲ ਨਤਮਸਤਕ ਹੋਣ ਉਪਰੰਤ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਸਮਾਣਾ ਚੋਟੀ (ਹੁਣ ਪਾਕਿਸਤਾਨ ਦਾ ਨਾਰਥ ਵੈਸਟ ਫਰੰਟੀਅਰ ਸੂਬਾ ਹੈ) ਨੇੜੇ ਤਾਇਨਾਤ 36 ਸਿੱਖ ਦੇ 22 ਮਹਾਨ ਸੈਨਿਕਾਂ ਨੂੰ ਯਾਦ ਕੀਤਾ, ਜਿਨਾਂ 12 ਸਤੰਬਰ, 1897 ਨੂੰ 10,000 ਅਫ਼ਗਾਨਾਂ ਵੱਲੋਂ ਕੀਤੇ ਹਮਲੇ ਤੋਂ ਬਾਅਦ ਹੋਏ ਘਮਸਾਨ ਯੁੁੱਧ ਵਿੱਚ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ ਸਨ। ਇਸ ਦੇ ਪਿਛੋਕੜ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਠਾਨ ਖੇਤਰਾਂ ਵਿੱਚ ਗੜਬੜੀਆਂ ਨੂੰ ਦੂਰ ਕਰਨ ਲਈ ਜਨਰਲ ਲੌਖਾਰਟ ਦੁਆਰਾ ਤੱਤਕਾਲੀ ਬਿ੍ਰਟਿਸ਼ ਭਾਰਤੀ ਫੌਜ ਦੀਆਂ ਚਾਰ ਟੁਕੜੀਆਂ ਭੇਜੀਆਂ ਗਈਆਂ। ਇਨਾਂ ਵਿੱਚੋਂ 36ਵੀਂ ਸਿੱਖ ਬਟਾਲੀਅਨ (ਹੁਣ ਚੌਥੀ ਸਿੱਖ ਬਟਾਲੀਅਨ) ਜਿਨਾਂ ਵਿੱਚ 21 ਸਿੱਖ ਸਿਪਾਹੀ ਅਤੇ ਇੱਕ ਰਸੋਈਆ ਸ਼ਾਮਲ ਸੀ, ਨੂੰ ਸਾਰਾਗੜੀ ਦੀ ਰੱਖਿਆ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਸੀ ਜੋ ਕਿ ਲੌਖਾਰਟ ਕਿਲੇ ਅਤੇ ਗੁਲਸਿਤਾਨ ਕਿਲੇ ਦਰਮਿਆਨ ਸੰਚਾਰ ਲਈ ਇੱਕ ਨਿਗਰਾਨੀ ਪੋਸਟ ਸੀ। 12 ਸਤੰਬਰ, 1897 ਦੀ ਸਵੇਰ ਅਫਰੀਦੀ ਅਤੇ ਔਰਕਜ਼ਈ ਕਬੀਲਿਆਂ ਦੇ ਪਠਾਨਾਂ ਨੇ ਵੱਡੀ ਗਿਣਤੀ ਵਿੱਚ ਸਾਰਾਗੜੀ ਉੱਤੇ ਹਮਲਾ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪਠਾਨਾਂ ਦੀਆਂ ਆਤਮ ਸਮਰਪਣ ਕਰਨ ਦੀਆਂ ਮੰਗਾਂ ਨੂੰ ਹਵਲਦਾਰ ਈਸ਼ਰ ਸਿੰਘ ਨੇ ਜ਼ੋਰਦਾਰ ਢੰਗ ਨਾਲ ਨਕਾਰ ਦਿੱਤਾ। ਫਿਰ ਇਸ ਹਮਲੇ ਨੂੰ ਵੇਖਦਿਆਂ ਈਸ਼ਰ ਸਿੰਘ ਨੇ ਆਪਣੇ ਉੱਚ ਅਧਿਕਾਰੀ ਕਰਨਲ ਹੌਫ਼ਟਨ ਨੂੰ ਸੰਕੇਤ ਭੇਜਿਆ ਜਿਸ ਨੇ ਉਨਾਂ ਨੂੰ ਆਪਣੀ ਕਮਾਨ ਸੰਭਾਲਣ ਲਈ ਕਿਹਾ। ਉਨਾਂ ਦੱਸਿਆ ਕਿ ਲੜਾਈ ਅੱਧ ਦੁਪਹਿਰ ਤੱਕ ਜਾਰੀ ਰਹੀ ਅਤੇ ਹਰ ਸਿੱਖ ਸਿਪਾਹੀ ਨੇ 400-500 ਗੋਲੀਆਂ ਦਾਗੀਆਂ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਵੱਡੀ ਗਿਣਤੀ ਵਿੱਚ ਕਬਾਇਲੀ ਪਠਾਨਾਂ ਕਰਕੇ ਘੇਰਾਬੰਦੀ ਕੀਤੇ ਗਏ ਸੈਨਿਕਾਂ ਨੂੰ ਸਹਾਇਤਾ ਭੇਜਣ ਦੇ ਸਾਰੇ ਯਤਨ ਅਸਫਲ ਰਹੇ। ਅਖੀਰ ਵਿੱਚ ਸਿਪਾਹੀ ਗੁਰਮੁਖ ਸਿੰਘ ਨੇ ਕਰਨਲ ਹੌਫ਼ਟਨ ਨੂੰ ਆਖਰੀ ਸੰਕੇਤ ਭੇਜਿਆ ਅਤੇ ਲੜਨ ਲਈ ਬੰਦੂਕ ਚੁੱਕ ਲਈ। ਕਿਸੇ ਵੀ ਫ਼ੌਜੀ ਨੇ ਆਤਮ-ਸਮਰਪਣ ਨਹੀਂ ਕੀਤਾ ਅਤੇ ਸਾਰੇ ਸ਼ਹੀਦ ਹੋ ਗਏ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅੱਜ ਵੁਲਵਰਹੈਂਪਟਨ (ਯੂ.ਕੇ.) ਵਿੱਚ ਹਵਾਲਦਾਰ ਈਸ਼ਰ ਸਿੰਘ ਦੇ ਬੁੱਤ ਦਾ ਉਦਘਾਟਨ ਕੀਤਾ ਜਾ ਰਿਹਾ ਹੈ।

ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਖੇਡਾਂ ਅਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਇਨਾਂ ਸਿੱਖ ਸੈਨਿਕਾਂ ਦੀ ਸ਼ਹਾਦਤ ਨੂੰ ਵਿਸ਼ਵ ਭਰ ਵਿੱਚ ਮਾਨਤਾ ਮਿਲੀ ਹੈ, ਇੱਥੋਂ ਤੱਕ ਕਿ ਮਹਾਰਾਣੀ ਵਿਕਟੋਰੀਆ ਨੇ ਵੀ ਇਸ ਨੂੰ ਮਾਨਤਾ ਦਿੱਤੀ ਹੈ ਅਤੇ ਹਰੇਕ ਸ਼ਹੀਦ ਨੂੰ ਉਸ ਸਮੇਂ ਦੇ ਸਰਵਉੱਚ ਬਹਾਦਰੀ ਪੁਰਸਕਾਰ ਇੰਡੀਅਨ ਆਰਡਰ ਆਫ਼ ਮੈਰਿਟ (ਆਈ.ਓ.ਐਮ.) ਨਾਲ ਨਿਵਾਜਿਆ ਗਿਆ ਜੋ ਕਿ ਭਾਰਤ ਦੇ ਪਰਮ ਵੀਰ ਚੱਕਰ ਦੇ ਸਮਾਨ ਹੈ। ਰਾਣਾ ਸੋਢੀ ਨੇ ਸਾਰਾਗੜੀ ਬਾਰੇ ਇੱਕ ਕਿਤਾਬਚਾ ਜਾਰੀ ਕਰਦਿਆਂ ਕਿਹਾ ਕਿ ਇਨਾਂ ਸੈਨਿਕਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਧੰਨਵਾਦੀ ਮਤਾ ਪੇਸ਼ ਕਰਦਿਆਂ ਫਿਰੋਜ਼ਪੁਰ (ਸ਼ਹਿਰੀ) ਤੋਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਮੰਗ ਕੀਤੀ ਕਿ ਜੰਗਲਾਤ ਦੀ 2.5 ਏਕੜ ਜ਼ਮੀਨ ’ਤੇ ਲੰਗਰ ਹਾਲ ਬਣਾਇਆ ਜਾਵੇ ਜਿਸ ਲਈ ਮੁੱਖ ਮੰਤਰੀ ਨੇ ਮੌਕੇ ’ਤੇ ਡਿਪਟੀ ਕਮਿਸ਼ਨਰ ਨੂੰ ਵਿਸਥਾਰਤ ਪ੍ਰਸਤਾਵ ਭੇਜਣ ਲਈ ਕਿਹਾ। ਵਿਧਾਇਕ ਨੇ ਪ੍ਰਧਾਨ ਮੰਤਰੀ ਨੂੰ ਸਾਰਾਗੜੀ ਗੁਰਦੁਆਰੇ ਦੀ ਢੁੱਕਵੀਂ ਸਾਂਭ-ਸੰਭਾਲ ਲਈ 11 ਕਰੋੜ ਦੀ ਸਹਾਇਤਾ ਦੇਣ ਦੀ ਵੀ ਅਪੀਲ ਕੀਤੀ। ਇਸ ਮੌਕੇ ਬੋਲਦਿਆਂ ਸਾਰਾਗੜੀ ਯਾਦਗਾਰ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਅਤੇ ਡਿਪਟੀ ਜਨਰਲ ਅਫ਼ਸਰ ਕਮਾਂਡਿੰਗ-ਕਮ-ਸਟੇਸ਼ਨ ਕਮਾਂਡਰ ਬਿ੍ਰਗੇਡੀਅਰ ਵੀ. ਮੋਹੰਤੀ ਨੇ ਕਿਹਾ ਕਿ ਯੂਨੈਸਕੋ ਨੇ ਸਾਰਾਗੜੀ ਜੰਗ ਨੂੰ ਦੁਨੀਆ ਦੀਆਂ ਅੱਠ ਮਹਾਨ ਲੜਾਈਆਂ ਵਿੱਚ ਸ਼ਾਮਲ ਕੀਤਾ ਸੀ। ਉਨਾਂ ਇਹ ਵੀ ਦੱਸਿਆ ਕਿ ਸਾਰਾਗੜੀ ਦੀ ਜੰਗੀ ਯਾਦਗਾਰ ਸਬੰਧੀ ਵਿਸਥਾਰਤ ਪ੍ਰਾਜੈਕਟ ਰਿਪੋਰਟ ਤਿਆਰ ਹੈ। ਇਸ ਤੋਂ ਪਹਿਲਾਂ ਗੁਰਦੁਆਰਾ ਸਾਰਾਗੜੀ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਜਿਸ ਉਪਰੰਤ ਗੁਰਬਾਣੀ ਕੀਰਤਨ ਕੀਤਾ ਗਿਆ। ਇਸ ਤੋਂ ਬਾਅਦ ਅਰਦਾਸ ਕੀਤੀ ਗਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲਿਆ ਗਿਆ।ਇਸ ਮੌਕੇ ਸ਼ਹੀਦ ਸੈਨਿਕਾਂ ਦੇ ਵਾਰਸਾਂ ਅਤੇ ਵੀਰ ਨਾਰੀਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਉਪ ਕੁਲਪਤੀ ਲੈਫਟੀਨੈਂਟ ਜਨਰਲ ਜੇ.ਐਸ. ਚੀਮਾ, ਮੇਜਰ ਜਨਰਲ ਸੰਦੀਪ ਸਿੰਘ, ਬਿ੍ਰਗੇਡੀਅਰ ਕੰਵਲਜੀਤ ਚੋਪੜਾ ਅਤੇ ਕਰਨਲ ਬਲਦੇਵ ਚਾਹਲ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…