nabaz-e-punjab.com

ਮੁੱਖ ਮੰਤਰੀ ਵੱਲੋਂ ਗਰੀਬਾਂ ਅਤੇ ਕਿਸਾਨਾਂ ਪੱਖੀ ਪਹਿਲਕਦਮੀਆਂ ਦਾ ਐਲਾਣ ਕਰਨ ਲਈ ਮੋਦੀ ਦੀ ਸ਼ਲਾਘਾ

ਭਾਰਤ ਦੇ ਆਰਥਿਕ ਵਿਕਾਸ ਨੂੰ ਗਤੀ ਦੇਣ ਤੇ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ’ਚ ਸਹਾਈ ਹੋਵੇਗਾ ਪ੍ਰਧਾਨ ਮੰਤਰੀ ਦਾ ਨਿਰਣਾ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 1 ਜਨਵਰੀ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵੇਂ ਸਾਲ ਦੀ ਪੂਰਵ ਸੰਧਿਆ ਦੇ ਮੌਕੇ ਗਰੀਬਾਂ ਅਤੇ ਕਿਸਾਨਾਂ ਪੱਖੀ ਪਹਿਲਕਦਮੀਆਂ ਦਾ ਐਲਾਣ ਕਰਨ ਦੀ ਭਰਵੀਂ ਸ਼ਲਾਘਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸ੍ਰੀ ਮੋਦੀ ਦਾ ਇਹ ਕਦਮ ਭਾਰਤ ਦੇ ਆਰਥਿਕ ਵਿਕਾਸ ਨੂੰ ਗਤੀ ਦੇਣ ਤੋਂ ਇਲਾਵਾ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਬੇਹੱਦ ਸਹਾਈ ਹੋਵੇਗਾ। ਅੱਜ ਇੱਥੇ ਜਾਰੀ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਅਜਿਹੀਆਂ ਪਹਿਲਕਦਮੀਆਂ ਦੀ ਸਖ਼ਤ ਲੋੜ ਸੀ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਦੀ ਦੂਰਦ੍ਰਿਸ਼ਟੀ ਵਾਲੀ ਅਤੇ ਗਤਸ਼ੀਲ ਅਗਵਾਈ ਦੇਸ਼ ਦੇ ਜਮਹੂਰੀ ਇਤਿਹਾਸ ਵਿੱਚ ਪਹਿਲੀ ਵਾਰ ਸਮੁੱਚੇ ਅਰਥਚਾਰੇ ਲਈ ਫਾਇਦੇਮੰਦ ਸਿੱਧ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਲਈ ਕਿਸੇ ਪ੍ਰਧਾਨ ਮੰਤਰੀ ਵੱਲੋਂ ਅਜਿਹੇ ਫੈਸਲੇ ਪਹਿਲੀ ਵਾਰ ਲਏ ਗਏ ਸਨ। ਸ. ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਿੱਧ ਕਰ ਦਿੱਤਾ ਹੈ ਕਿ ਉਹ ਦੇਸ਼ ਦੇ ਵਿਕਾਸ ਅਤੇ ਲੋਕਾਂ ਦੀ ਖੁਸ਼ਿਹਾਲੀ ਦੇ ਵਾਸਤੇ ਪੂਰੀ ਤਰ੍ਹਾਂ ਸਮਰਪਤ ਕਾਰਜ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ।
ਮÎੁੱਖ ਮੰਤਰੀ ਸ੍ਰੀ ਬਾਦਲ ਨੇ ਕਿਹਾ ਕਿ ਸ੍ਰੀ ਮੋਦੀ ਦੀਆਂ ਪਹਿਲਕਦਮੀਆਂ ਦਾ ਉਦੇਸ਼ ਵਿੱਤੀ ਸੁਧਾਰਾਂ ਦੇ ਖੇਤਰ ਨੂੰ ਵਧਾਕੇ ਸਾਫ਼ ਸੁਥਰੀ ਆਰਥਿਕਤਾ ਦਾ ਯੁੱਗ ਆਰੰਭ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਇਨਕਲਾਬੀ ਕਦਮ ਦੇਸ਼ ਦੀ ਪ੍ਰਗਤੀ ਅਤੇ ਵਾਧੇ ਲਈ ਮਦਦਗਾਰ ਹੋਣਗੇ।। ਉਨ੍ਹਾਂ ਕਿਹਾ ਕਿ ਖੇਤੀਬਾੜੀ ਬੈਕਾਂ ਵੱਲੋਂ ਲਏ ਕਿਸਾਨੀ ਕਰਜ਼ਿਆਂ ’ਤੇ 60 ਦਿਨ ਦਾ ਵਿਆਜ ਮੁਆਫ਼ ਕਰਨ ਨਾਲ ਕਿਸਾਨੀ ਭਾਈਚਾਰੇ ਨੂੰ ਲੋੜੀਂਦੀ ਰਾਹਤ ਮਿਲੇਗੀ ਜੋ ਕਿ ਪਿਛਲੀਆਂ ਕਾਂਗਰਸ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਚੌਰਾਹੇ ’ਤੇ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਛੋਟੇ ਵਪਾਰੀਆਂ ਨੂੰ ਦੋ ਕਰੋੜ ਦੇ ਕਰਜ਼ੇ ਦੇ ਵਾਸਤੇ ਸਰਕਾਰੀ ਗਰਾਂਟੀ ਦੇ ਲਏ ਫੈਸਲੇ ਦੇ ਨਾਲ ਆਰਥਿਕਤਾ ਨੂੰ ਬੜਾਵਾ ਮਿਲੇਗਾ।
ਸ੍ਰੀ ਬਾਦਲ ਨੇ ਕਿਹਾ ਕਿ ਘਰਾਂ ਵਾਸਤੇ ਕਰਜ਼ਿਆਂ ਦੇ ਲਈ ਵਿਭਿੰਨ ਹੱਦ ਤੱਕ ਵਿਆਜ ਦੀ ਦਿੱਤੀ ਗਈ ਛੋਟ ਅਤੇ ਵਡੇਰੀ ਉਮਰ ਦੇ ਨਾਗਰਿਕਾਂ ਨੂੰ ਜ਼ਿਆਦਾ ਵਿਆਜ ਦੇਣ ਦੇ ਫੈਸਲੇ ਨਾਲ ਆਮ ਲੋਕਾਂ ਨੂੰ ਲਾਭ ਹੋਵੇਗਾ। ਨੋਟਬੰਦੀ ਦੇ ਮਾਮਲੇ ’ਤੇ ਪ੍ਰਧਾਨ ਮੰਤਰੀ ਨੂੰ ਪੂਰਾ ਸਮਰਥਨ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਹ ਦੇਸ਼ ਦੇ ਲੋਕਾਂ ਲਈ ਬਹੁਤ ਲਾਭਕਾਰੀ ਹੋਵੇਗਾ ਕਿਉਂਕਿ ਇਹ ਕਦਮ ਦੇਸ਼ ਦੇ ਵਡੇਰੇ ਹਿੱਤਾਂ ਲਈ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਦਿਮਾਗ ਦੀ ਉਪਜ ਇਹ ਸਕੀਮ ਬਰੋ-ਬਰਾਬਰ ਚੱਲ ਰਹੀ ਕਾਲੇ ਧੰਨ ਅਤੇ ਭ੍ਰਿਸ਼ਟਚਾਰ ਦੀ ਆਰਥਿਕਤਾ ਤੋਂ ਇਲਾਵਾ ਹੋਰ ਕਈ ਬੁਰਾਈਆਂ ਨੂੰ ਖਤਮ ਕਰਨ ਲਈ ਮੀਲ ਦਾ ਪੱਥਰ ਸਾਬਤ ਹੋਵੇਗੀ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…