
ਰੇਤ ਤੇ ਕੇਬਲ ਮਾਫੀਆ ਵੱਲੋਂ ਲੋਕਾਂ ਦੀ ਕੀਤੀ ਜਾਂਦੀ ਲੁੱਟ ਦੀ ਜਾਂਚ ਕਰਾਉਣ ਮੁੱਖ ਮੰਤਰੀ: ਬਡਹੇੜੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਗਸਤ:
ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਰੇਤ ਮਾਫੀਆ ਅਤੇ ਕੇਬਲ ਮਾਫੀਆ ਵੱਲੋਂ ਆਮ ਲੋਕਾਂ ਦੀ ਕੀਤੀ ਜਾਂਦੀ ਲੁੱਟ ਦੀ ਜਾਂਚ ਕਰਾਉਣ ਅਤੇ ਇਸ ਕੰਮ ਵਿਚ ਜੇਬ੍ਹਾਂ ਭਰਨ ਵਾਲੇ ਸਿਆਸਤਦਾਨਾਂ ਅਤੇ ਸਰਕਾਰੀ ਅਧਿਕਾਰੀਆਂ ਦੇ ਚਿਹਰੇ ਜਨਤਕ ਕਰਨ। ਅੱਜ ਇੱਥੇ ਜਾਰੀ ਬਿਆਨ ਵਿੱਚ ਸ੍ਰੀ ਬਡਹੇੜੀ ਨੇ ਕਿਹਾ ਕਿ ਰੇਤ ਮਾਫੀਆ ਵਿੱਚ ਸਾਰੀਆਂ ਹੀ ਪਾਰਟੀਆਂ ਦੇ ਆਗੂਆਂ ਦੇ ਹੱਥ ਰੰਗੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕਿ 4 ਮੰਤਰੀਆਂ ਅਤੇ 37 ਵਿਧਾਇਕਾਂ (ਜਿਨ੍ਹਾਂ ਵਿੱਚ ਕਾਂਗਰਸ, ਅਕਾਲੀ ਦਲ ਬਾਦਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ਾਮਲ ਹਨ) ਤੋਂ ਇਲਾਵਾ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ, ਸ਼੍ਰੋਮਣੀ ਕਮੇਟੀ ਦੇ ਮੈਂਬਰਾਂ, ਪੁਲੀਸ ਅਫ਼ਸਰਾਂ ਅਤੇ ਇੱਕ ਸਾਬਕਾ ਜੱਜ ਦਾ ਨਾਮ ਵੀ ਆ ਰਿਹਾ ਹੈ। ਉਨ੍ਹਾਂ ਕਿਹਾ ਕਿ 1985 ਤੋਂ ਹੁਣ ਤਕ ਤੱਕ ਇਸ ਵਪਾਰ ਨੂੰ ਮਾਫ਼ੀਆ ਵਿੱਚ ਬਦਲਣ ਦੀ ਕਾਰਵਾਈ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕੇਬਲ ਮਾਫ਼ੀਆ ਵਿੱਚ ਬਾਦਲਾਂ ਦਾ ਨਾਮ ਨੰਬਰ ਇੱਕ ਤੇ ਆ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਜਾਂਚ ਕਰਾਈ ਜਾਵੇ ਤਾਂ ਜੋ ਰੇਤ ਅਤੇ ਕੇਬਲ ਮਾਫ਼ੀਆ ਵੱਲੋਂ ਕੀਤੀ ਜਾਂਦੀ ਆਮ ਜਨਤਾ ਦੀ ਲੁੱਟ ਨੂੰ ਨੰਗਾ ਕੀਤਾ ਜਾ ਸਕੇ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਸਕਣ।