
ਮੁੱਖ ਮੰਤਰੀ ਨੇ ਲਖੀਮਪੁਰ ਖੀਰੀ ਅੱਪੜ ਕੇ ਸਹੀ ਮਾਨ੍ਹਿਆਂ ਵਿੱਚ ਪੂਰੇ ਪੰਜਾਬ ਤੇ ਕਿਰਸਾਣੀ ਦੇ ਦਰਦ ਦੀ ਤਰਜਮਾਨੀ ਕੀਤੀ: ਬੀਰਦਵਿੰਦਰ
ਲਖੀਮਪੁਰ ਖੀਰੀ ਦੀ ਘਟਨਾ ’ਤੇ ਪ੍ਰਿਅੰਕਾ ਗਾਂਧੀ ਦਾ ਪ੍ਰਤੀਕਰਮ, ਕਿਸਾਨ ਪਰਿਵਾਰਾਂ ਪ੍ਰਤੀ ਸੰਵੇਦਨਾ ਸ਼ਲਾਘਾਯੋਗ ਕਦਮ
ਬੀਰਦਵਿੰਦਰ ਸਿੰਘ ਨੇ ਲਖੀਮਪੁਰ ਖੀਰੀ ਦੀ ਘਟਨਾ ਬਾਰੇ ਕੈਪਟਨ ਅਮਰਿੰਦਰ ਸਿੰਘ ਦੀ ਚੁੱਪੀ ’ਤੇ ਵੀ ਚੁੱਕੇ ਸਵਾਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਕਤੂਬਰ:
ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਬੇਟੇ ਅਸੀਸ ਮਿਸ਼ਰਾ ਦੇ ਕਾਰਾਂ ਦੇ ਕਾਫ਼ਲੇ ਨੇ ਜਿਸ ਵਹਿਸ਼ੀ ਢੰਗ ਨਾਲ ਲਖੀਮਪੁਰ ਖੀਰੀ (ਯੂਪੀ) ਦੇ ਕਿਸਾਨ ਅੰਦੋਲਨਕਾਰੀਆਂ ਨੂੰ ਤੇਜ਼ ਰਫ਼ਤਾਰ ਗੱਡੀਆਂ ਦੇ ਟਾਇਰਾਂ ਹੇਠਾਂ ਦੇ ਕੇ ਕੁਚਲਿਆ ਹੈ। ਇਸ ਦਰਿੰਦਗੀ ਨੇ 29 ਅਕਤੂਬਰ 1922 ਨੂੰ ਗੁਰੂ ਕੇ ਬਾਗ ਦੇ ਮੋਰਚੇ ਵਿੱਚ ‘ਪੰਜਾ ਸਾਹਿਬ’ ਦੇ ਰੇਲਵੇ ਸਟੇਸ਼ਨ ’ਤੇ ਸ਼ਹੀਦ ਹੋਏ ਸਿਦਕਵਾਨ ਸਿੱਖ ਸ਼ਹੀਦਾਂ ਅਤੇ ਅੰਗਰੇਜ਼ ਹਕੂਮਤ ਦੇ ਕਰੂਰ ਅੱਤਿਆਚਾਰਾਂ ਦੀ ਯਾਦ ਚੇਤੇ ਕਰਵਾ ਦਿੱਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਇਸ ਲੂੰ-ਕੰਡੇ ਖੜ੍ਹੇ ਕਰਨ ਵਾਲੀ ਘਟਨਾ ’ਤੇ ਜਿਸ ਢੰਗ ਦੀ ਸੰਜੀਦਗੀ ਨਾਲ ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਦਾ ਸੱਚੇ ਦਿਲੋਂ ਦਰਦ ਤੇ ਹਾਰਦਿਕ ਪ੍ਰਤੀਕਰਮ ਦੇਖਣ ਨੂੰ ਮਿਲਿਆ ਹੈ, ਉਹ ਆਪਣੇ ਆਪ ਵਿੱਚ ਪੀੜਤ ਕਿਸਾਨ ਪਰਿਵਾਰਾਂ ਪ੍ਰਤੀ, ਉਸਦੀ ਸੰਵੇਦਨਾ ਦੀ ਪੀੜਾ ਨੂੰ ਸਾਖਿਆਤ ਕਰਦਾ ਹੈ।
ਬੀਰਦਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਥੀਆਂ ਸਮੇਤ ਮੌਕੇ ’ਤੇ ਅੱਪੜ ਕੇ ਲਖੀਮਪੁਰ ਖੀਰੀ ਦੇ ਪੀੜਤ ਪੰਜਾਬੀ ਕਿਸਾਨ ਪਰਿਵਾਰਾਂ ਨਾਲ ਦੁੱਖ ਦਾ ਇਜ਼ਹਾਰ ਅਤੇ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ, ਉਸ ਨਾਲ ਕਿਸਾਨ ਅੰਦੋਲਨ ਦੀ ਸਾਰਥਿਕਤਾ ਨੂੰ ਵੱਡਾ ਬਲ ਮਿਲਿਆ ਹੈ। ਮੌਕੇ ਦੀ ਨਾਜ਼ੁਕਤਾ ਦੇ ਮੱਦੇਨਜ਼ਰ ਉਨ੍ਹਾਂ ਦੀ ਇਸ ਵੇਲੇ ਸਿਰ ਪਹੁੰਚ ਨਾਲ ਪੰਜਾਬੀ ਏਕਤਾ, ਕਿਸਾਨ ਏਕਤਾ ਅਤੇ ਮਨੁੱਖੀ ਖ਼ਲੂਸ ਤੇ ਦਰਦ ਦਾ ਪ੍ਰਚਮ ਉੱਚਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਸਹੀ ਮਾਨ੍ਹਿਆਂ ਵਿੱਚ ਸਾਰੇ ਪੰਜਾਬ ਅਤੇ ਪੰਜਾਬ ਦੀ ਕ੍ਰਿਸਾਣੀ ਦੇ ਦਰਦ ਦੀ ਤਰਜਮਾਨੀ ਕੀਤੀ ਹੈ।
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਇਸ ਘਟਨਾ ਬਾਰੇ ਜਿਸ ਕਿਸਮ ਦੀ ਘਟੀਆ ਤੇ ਹੋਛੀ ਬਿਆਨਬਾਜ਼ੀ ਯੂਪੀ ਸਰਕਾਰ ਦੇ ਤਰਜ਼ਮਾਨ ਅਤੇ ਕੈਬਨਿਟ ਮੰਤਰੀ ਸਿਧਾਰਥ ਨਾਥ ਸਿੰਘ ਅਤੇ ਭਾਜਪਾ ਆਗੂਆਂ ਨੇ ਕੀਤੀ ਹੈ, ਉਸ ਨੇ ਹਰ ਸੰਵੇਦਨਸ਼ੀਲ ਵਿਅਕਤੀ ਦੇ ਮਨ ਨੂੰ ਨਾ ਸਿਰਫ਼ ਗਹਿਰੀ ਠੇਸ ਹੀ ਪਹੁੰਚਾਈ ਹੈ, ਸਗੋਂ ਸ਼ਰਮਸ਼ਾਰ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਤਾਂ ਸਭ ਤੋਂ ਪਹਿਲਾਂ ਲਖੀਮਪੁਰ ਖੀਰੀ ਪਹੁੰਚ ਕੇ ਗ੍ਰਿਫ਼ਤਾਰੀ ਦੇਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਜੇਕਰ ਪ੍ਰਿਅੰਕਾ ਗਾਂਧੀ ਤੇ ਰਾਹੁਲ ਗਾਂਧੀ ਸ਼ਹੀਦ ਲਵਪ੍ਰੀਤ ਸਿੰਘ ਦੇ ਪਰਿਵਾਰ ਨੂੰ ਗਲਵਕੜੀ ਵਿੱਚ ਲੈ ਕੇ ਉਨ੍ਹਾਂ ਦੇ ਅੱਥਰੂ ਪੋਚ ਸਕਦੇ ਹਨ ਤਾਂ ਕੀ ਬਾਦਲਾਂ ਦੇ ਪੈਰਾਂ ਨੂੰ ਮਹਿੰਦੀ ਲੱਗੀ ਹੋਈ ਸੀ?
ਬੀਰਦਵਿੰਦਰ ਸਿੰਘ ਨੇ ਕਿਹਾ ਕਿ ਇਸ ਘਟਨਾਕ੍ਰਮ ਪ੍ਰਤੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੁੱਪੀ ਤੋਂ ਲੋਕ ਹੈਰਾਨ ਹਨ। ਲੋਕ ਇਹ ਵੀ ਜਾਨਣਾ ਚਾਹੁੰਦੇ ਹਨ ਕਿ ਕੈਪਟਨ ਦੇ ਪੈਰਾਂ ਵਿੱਚ ਕਿਸ ਮਜਬੂਰੀ ਦੇ ਪੈਂਖੜ ਪਾਏ ਹੋਏ ਸਨ? ਉਹ ਵੀ ਤਾਂ ਲਖੀਮਪੁਰ ਖੀਰੀ ਅੱਪੜ ਸਕਦੇ ਸੀ? ਪਰ ਅਫ਼ਸੋਸ ਕਿ ਅਜਿਹਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕੈਪਟਨ ਨੇ ਇਸ ਘਟਨਾ ਦੀ ਨਿਖੇਧੀ ਤਾਂ ਕੀ ਕਰਨੀ ਸੀ, ਸਗੋਂ ਭਾਜਪਾ ਲੀਡਰਸ਼ਿਪ ਦੇ ਭੈਅ ਕਾਰਨ ਇਸ ਬੇਰਹਿਮ ਘਟਨਾ ਪ੍ਰਤੀ ਕੋਈ ਵਾਸਤਾ ਜਾਂ ਚਿੰਤਾ ਵੀ ਪ੍ਰਗਟ ਨਹੀਂ ਕੀਤੀ। ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ।