Nabaz-e-punjab.com

ਮੁੱਖ ਮੰਤਰੀ ਵੱਲੋਂ ਕੁੰਵਰ ਵਿਜੇ ਪ੍ਰਤਾਪ ਦਾ ਅਸਤੀਫ਼ਾ ਰੱਦ, ਕਿਹਾ ਇਮਾਨਦਾਰ ਅਫ਼ਸਰਾਂ ਦੀ ਪੰਜਾਬ ਨੂੰ ਬਹੁਤ ਲੋੜ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 13 ਅਪਰੈਲ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਈਪੀਐਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਅਸਤੀਫੇ ਦਾ ਪੱਤਰ ਸਵਿਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਵਿੱਚ ਉਨ੍ਹਾਂ ਸਰਵਿਸ ਤੋਂ ਪਹਿਲਾਂ ਸੇਵਾ-ਮੁਕਤੀ ਮੰਗੀ ਗਈ ਸੀ। ਕੁੰਵਰ ਵਿਜੇ ਪ੍ਰਤਾਪ ਸਿੰਘ ਜੋ ਇਸ ਵੇਲੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਐਟ.) ਦਾ ਮੁਖੀ ਹੈ, ਦੀ ਇਛੁੱਕ ਸੇਵਾ-ਮੁਕਤੀ ਅਪੀਲ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਬਹੁਤ ਹੀ ਸਮਰੱਥ ਤੇ ਕੁਸ਼ਲ ਅਫਸਰ ਹੈ ਜਿਸ ਦੀਆਂ ਸੇਵਾਵਾਂ ਦੀ ਸਰਹੱਦੀ ਸੂਬੇ ਨੂੰ ਲੋੜ ਹੈ, ਖਾਸ ਕਰਕੇ ਅਜਿਹੇ ਵੇਲੇ ਜਦੋਂ ਪੰਜਾਬ ਵੱਖ-ਵੱਖ ਅੰਦਰੂਨੀ ਤੇ ਬਾਹਰੀ ਖਤਰਿਆਂ ਦਾ ਸਾਹਮਣਾ ਕਰ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਇਸ ਅਫਸਰ ਦੇ ਤਜ਼ਰਬੇ ਅਤੇ ਮੁਹਾਰਤ ਦੀ ਲੋੜ ਹੈ ਜਿਸ ਨੇ ਪੰਜਾਬ ਪੁਲਿਸ ਵਿੱਚ ਵੱਖ-ਵੱਖ ਮਹੱਤਵਪੂਰਨ ਅਹੁਦਿਆਂ ‘ਤੇ ਰਹਿੰਦਿਆਂ ਬਿਹਤਰੀਨ ਸੇਵਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਇਕ ਕੁਸ਼ਲ, ਕਾਬਲ ਤੇ ਦਲੇਰ ਅਫਸਰ ਹੈ ਜਿਸ ਦਾ ਮਿਸਾਲੀ ਟਰੈਕ ਰਿਕਾਰਡ ਹੈ।
ਕੋਟਕਪੂਰਾ ਮਾਮਲੇ ਦੀ ਜਾਂਚ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਬਾਰੇ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਪਹਿਲਾ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਐਸ.ਆਈ.ਟੀ. ਦੇ ਮੁਖੀ ਤੋਂ ਹਟਾਉਣ ਜਾਂ ਕੇਸ ਦੀ ਜਾਂਚ ਰੱਦ ਕਰਨ ਦੇ ਕੋਈ ਵੀ ਫੈਸਲੇ ਨੂੰ ਉਨ੍ਹਾਂ ਦੀ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਜਾਵੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਅਫਸਰ ਅਤੇ ਉਸ ਦੀ ਟੀਮ ਨੇ ਕੋਟਕਪੂਰਾ ਮਾਮਲੇ ਦੀ ਤੇਜੀ ਨਾਲ ਜਾਂਚ ਕਰਨ ਵਿੱਚ ਸ਼ਾਨਦਾਰ ਕੰਮ ਕੀਤਾ ਹੈ ਜਿਸ ਨੂੰ ਅਕਾਲੀਆਂ ਨੇ ਪਿਛਲੇ ਚਾਰ ਸਾਲਾਂ ਤੋਂ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਇਸ ਯੋਗ ਅਧਿਕਾਰੀ ਦੀ ਅਗਵਾਈ ਅਤੇ ਨਿਗਰਾਨੀ ਹੇਠ ਜਾਂਚ ਤਰਕਪੂਰਨ ਸਿੱਟੇ ‘ਤੇ ਲਿਆਂਦੀ ਜਾਵੇਗੀ।

Load More Related Articles
Load More By Nabaz-e-Punjab
Load More In Awareness/Campaigns

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …