ਮੁੱਖ ਮੰਤਰੀ ਨੇ ਲਿਆ ਭਾਰਤ ਤੇ ਸ੍ਰੀਲੰਕਾ ਵਿੱਚ ਹੋਣ ਵਾਲੇ ਇੱਕ ਰੋਜ਼ਾ ਕ੍ਰਿਕਟ ਮੈਚ ਦੇ ਪ੍ਰਬੰਧਾ ਦਾ ਜਾਇਜ਼ਾ

ਡੀਜੀਪੀ ਨੂੰ ਸਖ਼ਤ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼, ਵਿਸ਼ੇਸ਼ ਪ੍ਰਮੁੱਖ ਸਕੱਤਰ ਚੀਫ਼ ਕੋਆਰਡੀਨੇਟਰ ਨਿਯੁਕਤ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 20 ਨਵੰਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 13 ਦਸੰਬਰ ਨੂੰ ਭਾਰਤ ਅਤੇ ਸ੍ਰੀਲੰਕਾ ਵਿੱਚਕਾਰ ਆਈ.ਐਸ. ਬਿੰਦਰਾ ਸਟੇਡੀਅਮ, ਪੀ.ਸੀ.ਏ. ਮੋਹਾਲੀ ਵਿਖੇ ਹੋਣ ਵਾਲੇ ਦੂਜੇ ਇਕ ਦਿਨਾਂ ਅੰਤਰ-ਰਾਸ਼ਟਰੀ ਕ੍ਰਿਕਟ ਮੈਚ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਕ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਖਿਡਾਰੀਆਂ ਤੇ ਦਰਸ਼ਕਾਂ ਦੇ ਲਈ ਮੁਕੰਮਲ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਵਾਸਤੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਮੈਚ ਵਾਲੇ ਦਿਨ ਸੜਕਾਂ ’ਤੇ ਆਵਾਜਾਈ ਨੂੰ ਨਿਰਵਿਘਣ ਯਕੀਨੀ ਬਣਾਉਣ ਲਈ ਵੀ ਡੀ.ਜੀ.ਪੀ. ਨੂੰ ਢੁਕਵੇਂ ਪ੍ਰਬੰਧ ਕਰਨ ਲਈ ਟਰੈਫਿਕ ਪੁਲਿਸ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਨ ਲਈ ਆਖਿਆ ਤਾਂ ਜੋ ਸਥਾਨਿਕ ਲੋਕਾਂ ਨੂੰ ਆਵਾਜਾਈ ਦੇ ਸਬੰਧ ਵਿੱਚ ਕਿਸੇ ਕਿਸਮ ਦੀ ਅਸੁਵਿਧਾ ਨਾ ਹੋਵੇ।
ਮੈਚ ਦੇ ਸਮੁੱਚੇ ਪ੍ਰਬੰਧਾਂ ’ਤੇ ਨਿਗਰਾਨੀ ਰੱਖਣ ਲਈ ਮੁੱਖ ਮੰਤਰੀ ਨੇ ਆਪਣੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ ਨੂੰ ਚੀਫ ਕੋਰਡੀਨੇਟਰ ਨਿਯੁਕਤ ਕੀਤਾ ਹੈ ਜੋ ਕਿ ਮੈਚ ਨੂੰ ਨਿਰਵਿਘਣ ਕਰਵਾਉਣ ਲਈ ਪੀ.ਸੀ.ਏ. ਵੱਲੋਂ ਗਠਿਤ ਸਟੀਰਿੰਗ ਕਮੇਟੀ ਦੀਆਂ ਮੀਟਿੰਗਾਂ ਵਿੱਚ ਹਾਜ਼ਰ ਹੋਣਗੇ। ਮੁੱਖ ਮੰਤਰੀ ਨੇ ਪੀ.ਸੀ.ਏ. ਦੇ ਸਾਬਕਾ ਆਨਰੇਰੀ ਸਕੱਤਰ ਜਨਰਲ ਐਮ. ਪੀ. ਪਾਂਡੋਵ ਨੂੰ ਕ੍ਰਿਕਟ ਵਿੱਚ ਪੰਜਾਬ ਖਾਸਕਰ ਮਾਲਵਾ ਪੱਟੀ ਦੇ ਯੁਵਾ ਹੁਨਰ ਨੂੰ ਜੋੜਣ ਲਈ ਆਖਿਆ ਹੈ ਜਿੱਥੇ ਕਿ ਮਰਦ ਅਤੇ ਅੌਰਤ ਕ੍ਰਿਕਟਰਾਂ ਦਾ ਭਰਪੂਰ ਹੁਨਰ ਹੈ। ਉਨ੍ਹਾਂ ਨੇ ਮੋਗਾ ਦੀ ਰਮਨਦੀਪ ਕੌਰ ਦੀ ਵੀ ਮਿਸਾਲ ਦਿੱਤੀ ਜਿਸ ਨੇ ਹਾਲ ਹੀ ਵਿੱਚ ਹੋਏ ਮਹਿਲਾ ਵਿਸ਼ਵ ਕੱਪ ਕ੍ਰਿਕਟ ’ਚ ਆਲ੍ਹਾ ਕਾਰਗੁਜ਼ਾਰੀ ਨਾਲ ਪੰਜਾਬ ਦਾ ਮਾਣ ਵਧਾਇਆ ਹੈ। ਪਾਂਡੋਵ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪੀ.ਸੀ.ਏ. ਯੁਵਾ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਸਿਖਲਾਈ ਦੇਣ ਲਈ ਸਰਗਰਮ ਭੂਮਿਕਾ ਨਿਭਾਅ ਰਿਹਾ ਹੈ ਤਾਂ ਜੋ ਉਹ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਕ੍ਰਿਕਟ ਟੂਰਨਾਮੈਂਟ ਵਿੱਚ ਆਪਣੀ ਵਧੀਆ ਕਾਰਗੁਜ਼ਾਰੀ ਵਿਖਾ ਸਕਣ।
ਮੁੱਖ ਮੰਤਰੀ ਨੇ ਪੀ.ਸੀ.ਏ. ਦੇ ਵਫਦ ਨਾਲ ਵਾਅਦਾ ਕੀਤਾ ਕਿ ਉਹ ਸਟੇਡੀਅਮ ਵਿੱਚ ਹਾਜ਼ਰ ਹੋ ਕੇ ਮੈਚ ਨੂੰ ਵੇਖਣਗੇ। ਮੁੱਖ ਮੰਤਰੀ ਨੇ ਪਿਛਲੇ ਕੁਝ ਕ੍ਰਿਕਟ ਮੈਚਾਂ ਬਾਰੇ ਆਪਣੇ ਵਿਚਾਰ ਵੀ ਸਾਂਝੇ ਕੀਤੇ। ਉਨ੍ਹਾਂ ਨੇ ਪਿਛਲੇ ਸਾਲ ਦੀ ਤੇਜ਼ ਗੇਂਦਬਾਜ਼ ਅਮਰ ਸਿੰਘ ਦੀ ਕਾਰਗੁਜ਼ਾਰੀ ਨੂੰ ਵੀ ਯਾਦ ਕੀਤਾ। ਪਾਂਡੋਵ ਨੇ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਕ੍ਰਿਕਟ ਨਾਲ ਜੁੜਾਵ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਖੁਦ ਮਹਾਰਾਜਾ ਯਾਦਵਿੰਦਰ ਸਿੰਘ ਨੂੰ ਜਵਾਨੀ ਵੇਲੇ ਖੇਡਦੇ ਹੋਏ ਦੇਖਿਆ ਹੈ।
ਡੀ.ਜੀ.ਪੀ., ਗੁਰਕਿਰਤ ਕ੍ਰਿਪਾਲ ਸਿੰਘ ਤੇ ਪਾਂਡੋਵ ਤੋਂ ਇਲਾਵਾ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਸਲਾਹਕਾਰ ਬੀ.ਆਈ.ਐਸ. ਚਾਹਲ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਪੀ.ਸੀ.ਏ. ਦੇ ਪ੍ਰਧਾਨ ਰਜਿੰਦਰ ਗੁਪਤਾ, ਏ.ਸੀ.ਐਸ. ਕੋਪਰੇਸ਼ਨ ਕਮ ਸਾਬਕਾ ਪ੍ਰਧਾਨ ਪੀ.ਸੀ.ਏ. ਡੀ. ਪੀ. ਰੈਡੀ, ਏ.ਸੀ.ਐਸ. ਖੇਤੀਬਾੜੀ ਕਮ ਸਾਬਕਾ ਅੋਨਰੇਰੀ ਖਜ਼ਾਨਚੀ ਵਿਸ਼ਵਜੀਤ ਖੰਨਾ, ਕਰ ਤੇ ਆਬਕਾਰੀ ਕਮਿਸ਼ਨਰ ਵਿਵੇਕ ਪ੍ਰਤਾਪ ਸਿੰਘ, ਮੁਹਾਲੀ ਦੇ ਡੀ.ਸੀ ਗੁਰਪ੍ਰੀਤ ਕੌਰ ਸਪਰਾ, ਐਸ.ਐਸ.ਪੀ ਕੁਲਦੀਪ ਐਸ ਚਾਹਲ, ਗਮਾਡਾ ਦੇ ਮੁੱਖ ਪ੍ਰਸ਼ਾਸਕ ਰਵੀ ਭਗਤ, ਚੇਅਰਮੈਨ ਪੀ.ਐਸ.ਪੀ.ਸੀ.ਐਲ. ਏ ਵੇਨੂ ਪ੍ਰਸਾਦ, ਸਕੱਤਰ ਖੇਡਾਂ ਜੀ ਬਾਲਾਮੁਰਗਮ, ਸਕੱਤਰ ਪੀ.ਸੀ.ਏ. ਆਰ.ਪੀ. ਸਿੰਗਲਾ, ਸਾਬਕਾ ਸਕੱਤਰ ਪੀ.ਸੀ.ਏ. ਜੀ.ਐਸ. ਵਾਲੀਆ ਅਤੇ ਕਮਿਸ਼ਨਰ ਮਿਉਂਸਪਲ ਕਾਰਪੋਰੇਸ਼ਨ ਮੁਹਾਲੀ ਸੰਦੀਪ ਹਾਂਸ ਵੀ ਮੀਟਿੰਗ ਵਿੱਚ ਹਾਜ਼ਰ ਸਨ।

Load More Related Articles
Load More By Nabaz-e-Punjab
Load More In Important Stories

Check Also

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ?

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ? ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗ…