ਮੁੱਖ ਮੰਤਰੀ ਵੱਲੋਂ ਪਟਿਆਲਾ ਖੇਡ ਯੂਨੀਵਰਸਿਟੀ ਦੀ ਸਥਾਪਨਾ ਸਬੰਧੀ ਪ੍ਰਗਤੀ ਦਾ ਜਾਇਜ਼ਾ

ਦੇਸ਼-ਵਿਦੇਸ਼ ਦੀਆਂ ਖੇਡ ਯੂਨੀਵਰਸਿਟੀਆਂ ’ਤੇ ਅਧਾਰਿਤ ਸੰਕਲਪ ਪੱਤਰ ਤਿਆਰ ਕਰਨ ਦੀ ਹਦਾਇਤ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 16 ਨਵੰਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਟਿਆਲਾ ਵਿੱਚ ਸਥਾਪਤ ਕੀਤੀ ਜਾਣ ਵਾਲੀ ਖੇਡ ਯੂਨੀਵਰਸਿਟੀ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਯੂਨੀਵਰਸਿਟੀ ਦੀ ਸਥਾਪਨਾ ਲਈ ਕੀਤੇ ਜਾਣ ਵਾਲੇ ਕੰਮਾਂ ਵਿੱਚ ਤਾਲਮੇਲ ਬਿਠਾਉਣ ਲਈ ਕਾਇਮ ਕੀਤੀ ਸੰਚਾਲਨ ਕਮੇਟੀ ਨਾਲ ਮੀਟਿੰਗ ਕੀਤੀ। ਮੁੱਖ ਮੰਤਰੀ ਨੇ ਅਕਤੂਬਰ ਮਹੀਨੇ ਵਿੱਚ ਓਲੰਪੀਅਨ ਅਤੇ ਸੀਨੀਅਰ ਖੇਡ ਪ੍ਰਸ਼ਾਸਕ ਰਣਧੀਰ ਸਿੰਘ ਦੀ ਅਗਵਾਈ ਵਿੱਚ ਸੰਚਾਲਨ ਕਮੇਟੀ ਦਾ ਗਠਨ ਕੀਤਾ ਸੀ ਤਾਂ ਕਿ ਤਜਵੀਜ਼ਤ ਯੂਨੀਵਰਸਿਟੀ ਦਾ ਖਰੜਾ ਬਿੱਲ ਤਿਆਰ ਕੀਤਾ ਜਾ ਸਕੇ। ਖੇਡ ਯੂਨੀਵਰਸਿਟੀ ਦੀ ਸਥਾਪਨਾ ਦੇ ਫੈਸਲੇ ਦਾ ਐਲਾਨ ਜੂਨ ਮਹੀਨੇ ਵਿੱਚ ਵਿਧਾਨ ਸਭਾ ਦੇ ਇਜਲਾਸ ’ਚ ਕੀਤਾ ਗਿਆ ਸੀ।
ਇਸ ਬਾਰੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੰਦਿਆਂ ਰਣਧੀਰ ਸਿੰਘ ਨੇ ਦੱਸਿਆ ਕਿ ਕਮੇਟੀ ਨੇ ਮਹਿੰਦਰਾ ਕੋਠੀ ਵਿੱਚ ਖਾਲੀ ਪਏ ਦਫਤਰਾਂ ਵਿਚ ਆਰਜ਼ੀ ਦਫਤਰ ਬਣਾਉਣ ਦਾ ਪ੍ਰਸਤਾਵ ਰੱਖਿਆ ਹੈ ਜੋ ਪਹਿਲਾਂ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਕੋਲ ਸੀ। ਕਮੇਟੀ ਨੇ ਪਟਿਆਲਾ ਦੇ ਬਾਹਰਵਾਰ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਨੇੜੇ ਪੱਕਾ ਕੈਂਪਸ ਬਣਾਉਣ ਲਈ ਜਗ੍ਹਾ ਦੀ ਸ਼ਨਾਖਤ ਕਰ ਲਈ ਹੈ। ਖੇਡ ਯੂਨੀਵਰਸਿਟੀ ਦੀ ਸਥਾਪਨਾ ਲਈ ਬਣਾਈ ਸੰਚਾਲਨ ਕਮੇਟੀ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਾਇਆ ਕਿ ਉਨ੍ਹਾਂ ਵੱਲੋਂ ਖੇਡ ਯੂਨੀਵਰਸਿਟੀ ਦੇ ਸੰਸਥਾਗਤ ਡਿਜ਼ਾਈਨ ਅਤੇ ਕੋਰਸਾਂ ਦੀ ਬਣਤਰ ਬਾਰੇ ਖੇਡ ਖੇਤਰ ਵਿੱਚ ਕੌਮਾਂਤਰੀ ਪੱਧਰ ’ਤੇ ਨਾਮਣਾ ਖੱਟਣ ਵਾਲੀਆਂ ਯੂਨੀਵਰਸਿਟੀਆਂ ਜਿਵੇਂ ਕਿ ਲਫਬਰੋ ਯੂਨੀਵਰਸਿਟੀ ਯੂ.ਕੇ. ਅਤੇ ਵਿਕਟੋਰੀਆ ਯੂਨੀਵਰਸਿਟੀ ਆਸਟ੍ਰੇਲੀਆ ਵਰਗੀਆਂ ਯੂਨੀਵਰਸਿਟੀਆਂ ਨਾਲ ਤਾਲਮੇਲ ਕੀਤੇ ਜਾਣ ਦਾ ਪ੍ਰਸਤਾਵ ਹੈ।
ਰਣਧੀਰ ਸਿੰਘ ਨੇ ਦੱਸਿਆ ਕਿ ਕਮੇਟੀ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਲਫਬਰੋ ਯੂਨੀਵਰਸਿਟੀ ਦੇ ਕੁਲਪਤੀ ਅਤੇ ਆਈ.ਏ.ਏ.ਐਫ ਦੇ ਮੁਖੀ ਲਾਰਡ ਸੈਬੇਸਟੀਅਨ ਕੋ ਨੂੰ ਇਸ ਸਬੰਧ ਵਿੱਚ ਉਨ੍ਹਾਂ ਦਾ ਸਹਿਯੋਗ ਲੈਣ ਲਈ ਪੱਤਰ ਲਿਖਣ। ਮੁੱਖ ਮੰਤਰੀ ਨੇ ਕਮੇਟੀ ਦੇ ਮੈਂਬਰਾਂ ਨੂੰ ਆਖਿਆ ਕਿ ਮੁਲਕ ਅਤੇ ਵਿਦੇਸ਼ਾਂ ਦੀਆਂ ਖੇਡ ਯੂਨੀਵਰਸਿਟੀਆਂ ਦੇ ਮਾਡਲ ਦਾ ਅਧਿਐਨ ਕਰਨ ਤੋਂ ਬਾਅਦ ਵਿਆਪਕ ਰੂਪ ਵਿੱਚ ਸੰਕਲਪ ਪੱਤਰ ਤਿਆਰ ਕੀਤਾ ਜਾਵੇ ਜਿਸ ਨੂੰ ਖਰੜਾ ਬਿੱਲ ਤਿਆਰ ਕਰਨ ਦਾ ਆਧਾਰ ਬਣਾਇਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਰਕਾਰ ਦਾ ਇਹ ਯਤਨ ਹੋਵੇਗਾ ਕਿ ਜੁਲਾਈ, 2018 ਤੋਂ ਅਕਾਦਮਿਕ ਸੈਸ਼ਨ ਸ਼ੁਰੂ ਕਰਕੇ ਵਿਦਿਆਰਥੀਆਂ ਦੇ ਦਾਖਲੇ ਕੀਤੇ ਜਾ ਸਕਣ। ਇਸ ਮੀਟਿੰਗ ਵਿੱਚ ਕਮੇਟੀ ਦੇ ਮੈਂਬਰ ਡਾਕਟਰ ਜੇ.ਐਸ ਨਰੂਕਾ, ਡਾਕਟਰ ਐਲ.ਐਸ. ਰਾਣਾਵਤ, ਖੇਡ ਵਿਭਾਗ ਦੇ ਡਾਇਰੈਕਟਰ ਅਮ੍ਰਿਤ ਗਿੱਲ ਅਤੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਡਾਇਰੈਕਟਰ ਸ਼ਿਵਦੁਲਾਰ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In Development and Work

Check Also

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ ਮੁਕਾਬਲਾ ਪ੍ਰ…