nabaz-e-punjab.com

ਮੁੱਖ ਮੰਤਰੀ ਵੱਲੋਂ ਜੰਗੀ ਵਿਧਵਾਵਾਂ ਨੂੰ ਜ਼ਮੀਨ ਦੀ ਥਾਂ ’ਤੇ ਨਗਦ ਰਾਸ਼ੀ ਦੇਣ ਦੀ ਪ੍ਰਵਾਨਗੀ

ਪੰਜਾਬ ਵਿੱਚ ਜੰਗੀ ਵਿਧਵਾਵਾਂ ਤੇ ਸਾਬਕਾ ਸੈਨਿਕਾਂ ਦੀ ਸੱੁਖ-ਸਾਂਦ ਜਾਣਨ ਲਈ ਨਿੱਜੀ ਤੌਰ ’ਤੇ ਪੱਤਰ ਲਿਖ ਰਹੇ ਹਨ ਕੈਪਟਨ ਅਮਰਿੰਦਰ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 18 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੰਗੀ ਵਿਧਵਾਵਾਂ ਦੀ ਚਿਰੋਕਣੀ ਮੰਗ ਨੂੰ ਸਵੀਕਾਰ ਕਰਦਿਆਂ ਜ਼ਮੀਨ ਦੀ ਥਾਂ ’ਤੇ ਨਗਦ ਰਾਸ਼ੀ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨੀਤੀ ਵਿੱਚ ਕੀਤਾ ਗਿਆ ਬਦਲਾਅ 1962 ਦੀ ਭਾਰਤ-ਚੀਨ ਜੰਗ ਅਤੇ 1965 ਦੀ ਭਾਰਤ-ਪਾਕਿ ਜੰਗ ਦੇ ਸ਼ਹੀਦਾਂ ਦੀਆਂ ਵਿਧਵਾਵਾਂ ਤੇ ਉਹਨਾਂ ਦੇ ਆਸ਼ਰਿਤਾਂ ਅਤੇ ਪੂਰੀ ਤਰ੍ਹਾਂ ਨਾਕਾਰਾ ਹੋ ਚੁੱਕੇ ਸੈਨਿਕਾਂ ਤੋਂ ਇਲਾਵਾ 1971 ਦੀ ਭਾਰਤ-ਪਾਕਿ ਜੰਗ ਦੀਆਂ ਵਿਧਵਾਵਾਂ ’ਤੇ ਲਾਗੂ ਹੋਣ ਯੋਗ ਹੋਵੇਗਾ। ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਇਹ ਪ੍ਰਗਟਾਵਾ ਕਰਦੇ ਹੋਏ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਅਕਤੀਗਤ ਯੋਗਤਾ ਮੁਤਾਬਕ ਇਕ ਏਕੜ ਜ਼ਮੀਨ ਦੇ ਇਵਜ਼ ਵਿੱਚ ਪੰਜ ਲੱਖ ਰੁਪਏ ਅਤੇ 10 ਏਕੜ ਲਈ ਵੱਧ ਤੋਂ ਵੱਧ 50 ਲੱਖ ਰੁਪਏ ਦੀ ਰਾਸ਼ੀ ਦੇਣ ਲਈ ਹਰੀ ਝੰਡੀ ਦੇ ਦਿੱਤੀ ਹੈ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸੈਨਿਕ ਭਲਾਈ ਵਿਭਾਗ ਨੂੰ ਜੰਗੀ ਵਿਧਵਾਵਾਂ ਨੂੰ ਅਤਿ ਲੋੜੀਂਦੀ ਰਾਹਤ ਦੇਣ ਲਈ ਇਹ ਨਗਦ ਰਾਸ਼ੀ ਇਨ੍ਹਾਂ ਨੂੰ ਛੇਤੀ ਤੋਂ ਛੇਤੀ ਵੰਡਣ ਦੇ ਹੁਕਮ ਦਿੱਤੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਜੰਗੀ ਵਿਧਵਾਵਾਂ ਤੇ ਸਾਬਕਾ ਸੈਨਿਕਾਂ ਦੀ ਭਲਾਈ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਅਰਧ-ਸਰਕਾਰੀ ਪੱਤਰਾਂ ਰਾਹੀਂ ਨਿੱਜੀ ਆਧਾਰ ’ਤੇ ਵੀ ਸੂਬੇ ਵਿਚ ਸਾਰੀਆਂ ਜੰਗੀ ਵਿਧਵਾਵਾਂ ਤੇ ਸਾਬਕਾ ਸੈਨਿਕਾਂ ਨਾਲ ਸੰਪਰਕ ਬਣਾਉਣਾ ਸ਼ੁਰੂ ਕੀਤਾ ਗਿਆ ਹੈ। ਸੱਤਾ ਦੀ ਵਾਗਡੋਰ ਸੰਭਾਲਣ ਵਾਲੇ ਦਿਨ ਤੋਂ ਲੈ ਕੇ ਮੁੱਖ ਮੰਤਰੀ ਵੱਲੋਂ ਜੰਗੀ ਵਿਧਵਾਵਾਂ ਅਤੇ ਸਾਬਕਾ ਸੈਨਿਕਾਂ ਦੀ ਸੁੱਖ-ਸਾਂਦ ਪੁੱਛਣ ਲਈ ਅਜਿਹੇ ਪੱਤਰ ਲਿਖੇ ਜਾ ਰਹੇ ਹਨ।
ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸਾਬਕਾ ਸੈਨਿਕਾਂ ਲਈ ਆਪਣੀ ਸਿੱਧੀ ਨਿਗਰਾਨੀ ਹੇਠ ਮੁੱਖ ਮੰਤਰੀ ਦਫਤਰ ਵਿੱਚ ਵਿਸ਼ੇਸ਼ ਸੈੱਲ ਕਾਇਮ ਕੀਤਾ ਹੈ ਜਿਸ ਰਾਹੀਂ ਇਨ੍ਹਾਂ ਨਾਲ ਜੁੜੇ ਵੱਖ-ਵੱਖ ਮਸਲਿਆਂ ਦੀ ਨਜ਼ਰਸਾਨੀ ਕੀਤਾ ਜਾਂਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਸਾਬਕਾ ਸੈਨਿਕਾਂ ਨੂੰ ਪੂਰਾ ਮਾਣ-ਸਤਿਕਾਰ ਦੇਣ ਅਤੇ ਸਹਾਇਤਾ ਕਰਨ ਲਈ ਸਿਵਲ ਤੇ ਪੁਲਿਸ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਹਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…