ਮੁੱਖ ਮੰਤਰੀ ਨੇ ਆਪਣੇ ਨਿਵਾਸ ’ਤੇ ਪਟਿਆਲਾ ਦੇ ਕੌਂਸਲਰਾਂ ਨਾਲ ਕੀਤਾ ਚਾਹ ਦਾ ਕੱਪ ਸਾਂਝਾ

ਪਟਿਆਲਾ ਦੇ ਸਰਬਪੱਖੀ ਵਿਕਾਸ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ: ਕੈਪਟਨ

ਕੌਂਸਲਰਾਂ ਨਾਲ ਮੀਟਿੰਗ ਵਿੱਚ ਮੇਅਰ ਦੇ ਉਮੀਦਵਾਰ ’ਤੇ ਨਹੀਂ ਹੋਈ ਚਰਚਾ, ਕੈਪਟਨ ਵੱਲੋਂ ਮਿਲਜੁੱਲ ਕੇ ਕੰਮ ਕਰਨ ਦੀ ਸਲਾਹ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 25 ਦਸੰਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਚੰਡੀਗੜ੍ਹ ਵਿੱਚ ਆਪਣੇ ਨਿਵਾਸ ਸਥਾਨ ’ਤੇ ਪਟਿਆਲਾ ਨਗਰ ਨਿਗਮ ਦੇ ਨਵੇਂ ਚੁਣੇ ਗਏ 59 ਕੌਂਸਲਰਾਂ ਨੂੰ ਚਾਹ ਪਾਰਟੀ ’ਤੇ ਸੱਦਿਆ। ਇਸ ਮੌਕੇ ਉਨ੍ਹਾਂ ਦੀ ਪਤਨੀ ਤੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ, ਸਿਹਤ ਮੰਤਰੀ ਬ੍ਰਹਮ ਮਹਿੰਦਰਾ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ, ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ ਵੀ ਹਾਜ਼ਰ ਸਨ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ, ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਨਿੱਘੀਆਂ ਮੁਬਾਰਕਾਂ ਦਿੱਤੀਆਂ ਅਤੇ ਵਿਕਤਰੇਬਾਜ਼ੀ ਤੋਂ ਉੱਪਰ ਉੱਠ ਕੇ ਸ਼ਹਿਰ ਦੀ ਭਲਾਈ ਅਤੇ ਪਾਰਟੀ ਦੀ ਮਜ਼ਬੂਤੀ ਲਈ ਮਿਲਜੁੱਲ ਦੇ ਕੰਮ ਕਰਨ ਦੀ ਸਲਾਹ ਦਿੱਤੀ।
ਹਾਲਾਂਕਿ ਇਸ ਵਿਸ਼ੇਸ਼ ਮੀਟਿੰਗ ਵਿੱਚ ਪਟਿਆਲਾ ਨਗਰ ਨਿਗਮ ਦੇ ਨਵੇਂ ਮੇਅਰ ਦੀ ਚੋਣ ਅਤੇ ਸੰਭਾਵੀ ਉਮੀਦਵਾਰ ਦੇ ਨਾਂ ਉੱਤੇ ਚਰਚਾ ਹੋਣ ਦੀ ਸੰਭਾਵਨਾ ਸੀ ਪਰ ਅਜਿਹਾ ਨਹੀਂ ਹੋਇਆ ਸਗੋਂ ਮੁੱਖ ਮੰਤਰੀ ਨੇ ਕੌਂਸਲਰਾਂ ਨੂੰ ਚਾਹ ਪਿਲਾ ਕੇ ਘਰ ਤੋਰ ਦਿੱਤਾ। ਸੂਤਰ ਦੱਸਦੇ ਹਨ ਕਿ ਇਸ ਮੌਕੇ ਮੇਅਰ ਦੀ ਚੋਣ ਜਾਂ ਉਮੀਦਵਾਰ ਬਾਰੇ ਉਕਾ ਹੀ ਚਰਚਾ ਨਹੀਂ ਹੋਈ ਬਲਕਿ ਇਧਰ ਉੱਧਰ ਦੀਆਂ ਗੱਲਾਂ ਮਾਰਦਿਆਂ ਚਾਹ ਦੀ ਪਿਆਲੀ ਖ਼ਤਮ ਹੋ ਗਈ ਅਤੇ ਕੁੱਝ ਸਮੇਂ ਮਗਰੋਂ ਕੌਂਸਲਰਾਂ ਨੇ ਪਟਿਆਲਾ ਲਈ ਚਾਲੇ ਪਾ ਦਿੱਤੇ।
ਉਧਰ, ਭਾਵੇਂ ਹਾਲੇ ਤੱਕ ਮੇਅਰ ਦੀ ਚੋਣ ਬਾਰੇ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਹੈ ਪ੍ਰੰਤੂ ਅੰਦਰਖ਼ਾਤੇ ਸੰਭਾਵੀ ਉਮੀਦਵਾਰਾਂ ਨੇ ਮੇਅਰ ਦੀ ਕੁਰਸੀ ’ਤੇ ਕਬਜ਼ਾ ਕਰਨ ਲਈ ਭੱਜ ਨੱਠ ਸ਼ੁਰੂ ਕਰ ਦਿੱਤੀ ਹੈ। ਹਾਲੇ ਇਹ ਵੀ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਮੇਅਰ ਦਾ ਅਹੁਦਾ ਜਨਰਲ ਪੁਰਸ ਜਾਂ ਅੌਰਤਾਂ ਲਈ ਰਾਖਵਾਂ ਹੋਵੇਗਾ ਪ੍ਰੰਤੂ ਇਸ ਦੇ ਬਾਵਜੂਦ ਕੁੱਝ ਕੌਂਸਲਰਾਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਹ ਵੀ ਪਤਾ ਚਲਿਆ ਹੈ ਕਿ ਕੌਂਸਲਰ ਸੰਜੀਵ ਬਿੱਟੂ, ਜੋਗਿੰਦਰ ਯੋਗੀ ਅਤੇ ਨਰੇਸ਼ ਦੁੱਗਲ ਪ੍ਰਮੁੱਖ ਤੌਰ ’ਤੇ ਮੇਅਰ ਬਣਨ ਦੀ ਦੌੜ ਵਿੱਚ ਸਭ ਤੋਂ ਅੱਗੇ ਭੱਜ ਰਹੇ ਹਨ। ਉਂਜ ਸਾਰੀ ਸਥਿਤੀ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਸਪੱਸ਼ਟ ਹੋ ਸਕੇਗੀ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…