
ਮੁੱਖ ਮੰਤਰੀ ਨੇ ਬੇਰੁਜ਼ਗਾਰ ਅਧਿਆਪਕਾਂ ਨੂੰ ਅੰਦੋਲਨ ਦਾ ਰਾਹ ਛੱਡ ਕੇ ਟੇਬਲ ’ਤੇ ਗੱਲਬਾਤ ਲਈ ਆਖਿਆ
ਪਹਿਲੀ ਅਗਸਤ ਨੂੰ ਹੋਵੇਗੀ ਅਗਲੀ ਮੀਟਿੰਗ, ਅਧਿਆਪਕਾਂ ਦੀਆਂ ਮੰਗਾਂ ਬਾਰੇ ਹਮਦਰਦੀਪੂਰਨ ਹੱਲ ਦਾ ਭਰੋਸਾ ਦਿਵਾਇਆ
ਮੁਹਾਲੀ ਵਿੱਚ ਬੇਰੁਜ਼ਗਾਰ ਅਧਿਆਪਕਾਂ ਦਾ ਲੜੀਵਾਰ ਧਰਨਾ ਜਾਰੀ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਚੰਡੀਗੜ੍ਹ, 15 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਦੋਲਨ ਕਰ ਰਹੇ ਅਧਿਆਪਕ ਯੋਗਤਾ ਟੈਸਟ (ਟੈਟ) ਪਾਸ ਅਧਿਆਪਕਾਂ ਨੂੰ ਆਪਣਾ ਅੰਦੋਲਨ ਤੁਰੰਤ ਵਾਪਸ ਲੈਣ ਲਈ ਆਖਿਆ ਹੈ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਦੁਵੱਲੀ ਗੱਲਬਾਤ ਰਾਹੀਂ ਕੀਤਾ ਜਾ ਸਕੇ। ਉਨ੍ਹਾਂ ਨੇ ਦੋ ਹਫ਼ਤਿਆਂ ਵਿਚ ਉਨ੍ਹਾਂ ਦੀ ਮੰਗਾਂ ਦਾ ਹਮਦਰਦੀ ਨਾਲ ਜਾਇਜ਼ਾ ਲੈਣ ਦੀ ਸਹਿਮਤੀ ਪ੍ਰਗਟਾਈ। ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਕਾਨੂੰਨ ਦੇ ਘੇਰੇ ਅੰਦਰ ਉਨ੍ਹਾਂ ਦੀਆਂ ਮੰਗਾਂ ’ਤੇ ਵਿਚਾਰ ਕਰਨ ਲਈ ਲਈ ਉਤਸੁਕ ਹੈ ਪਰ ਉਹ ਇਸ ਮੁੱਦੇ ’ਤੇ ਬਾਂਹ ਮਰੋੜਨ ਵਰਗੀ ਕਿਸੇ ਵੀ ਕਾਰਵਾਈ ਅੱਗੇ ਨਹੀਂ ਝੁੱਕਣਗੇ। ਉਨ੍ਹਾਂ ਨੇ ਇਹ ਪ੍ਰਗਟਾਵਾ ਟੈਟ ਪਾਸ ਅਧਿਆਪਕਾਂ ਕੋਲ ਉਸ ਵੇਲੇ ਕੀਤਾ ਜਦੋਂ ਉਹ ਸੋਮਵਾਰ ਸ਼ਾਮ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਉਨ੍ਹਾਂ ਨੂੰ ਮਿਲੇ।
ਉਧਰ, ਬੇਰੁਜ਼ਗਾਰ ਅਧਿਆਪਕਾਂ ਦਾ ਮੁਹਾਲੀ ਵਿੱਚ ਧਰਨਾ ਜਾਰੀ ਹੈ। ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਵੀ ਅਧਿਆਪਕ ਪਾਣੀ ਦੀ ਟੈਂਕੀ ਤੋਂ ਥੱਲੇ ਨਹੀਂ ਉੱਤਰੇ ਹਨ। ਧਰਨਾਕਾਰੀਆਂ ਨੇ ਸਾਫ਼ ਕਿਹਾ ਕਿ ਹੁਣ ਉਹ ਝੂਠੇ ਲਾਰਿਆਂ ਵਿੱਚ ਆਉਣ ਵਾਲੇ ਨਹੀਂ ਹਨ ਜਦੋਂ ਤੱਕ ਉਨ੍ਹਾਂ ਨੂੰ ਨਿਯੁਕਤੀ ਪੱਤਰ ਨਹੀਂ ਮਿਲ ਜਾਂਦੇ ਉਦੋਂ ਤੱਕ ਧਰਨਾ ਜਾਰੀ ਰਹੇਗਾ। ਲੇਕਿਨ ਉਹ ਕੋਈ ਹੱਲਾ ਗੁੱਲਾ ਨਹੀਂ ਕਰਨਗੇ ਪ੍ਰੰਤੂ ਸ਼ਾਂਤਮਈ ਧਰਨਾ ਦਿੱਤਾ ਜਾਵੇਗਾ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਕੱਤਰ ਸਿੱਖਿਆ ਨੂੰ ਵਫ਼ਦ ਵੱਲੋਂ ਉਠਾਏ ਗਏ ਸਾਰੇ ਮੁੱਦੇ ਦੋ ਹਫਤਿਆਂ ਵਿਚ ਵਿਚਾਰਨ ਅਤੇ ਇਨ੍ਹਾਂ ਨੂੰ ਨਿਪਟਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਤੁਰੰਤ ਅੰਦੋਲਨ ਵਾਪਸ ਲਏ ਜਾਣ ਤੋਂ ਬਿਨਾਂ ਕੋਈ ਗੱਲਬਾਤ ਨਹੀਂ ਹੋਵੇਗੀ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਮੁੱਦਿਆਂ ਬਾਰੇ ਅੱਗੇ ਹੋਰ ਵਿਚਾਰ-ਵਟਾਂਦਰਾ ਕਰਨ ਲਈ ਪਹਿਲੀ ਅਗਸਤ ਨੂੰ ਅਧਿਆਪਕਾਂ ਨਾਲ ਇਕ ਹੋਰ ਮੀਟਿੰਗ ਸੱਦੀ ਹੈ ਪਰ ਇਹ ਗੱਲ ਅਧਿਆਪਕਾਂ ਵੱਲੋਂ ਤੁਰੰਤ ਅੰਦੋਲਨ ਵਾਪਸ ਲਏ ਜਾਣ ’ਤੇ ਨਿਰਭਰ ਕਰੇਗੀ। ਅੰਦੋਲਨ ਕਰ ਰਹੇ ਅਧਿਆਪਕਾਂ ਦੀਆਂ ਮੁੱਖ ਮੰਗਾਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਿਖਿਆ ਵਿਭਾਗ 2015 ਵਿਚ ਭਰਤੀ ਦੇ ਦਿੱਤੇ ਇਸ਼ਤਿਹਾਰ ਵਿਚ ਦਿੱਤਿਆਂ ਗਈਆਂ ਅਸਾਮੀਆਂ ਦੀ ਗਿਣਤੀ ਵਿਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਕਰਨ ਤੋਂ ਪਹਿਲਾਂ ਕਾਨੂੰਨੀ ਮਸ਼ੀਰ ਅਤੇ ਐਡਵੋਕੇਟ ਜਨਰਲ ਦੀ ਕਾਨੂੰਨੀ ਰਾਏ ਪ੍ਰਾਪਤ ਕਰੇ।
ਟੈਟ ਪਾਸ ਅਧਿਆਪਕਾਂ ਦੀ ਨਿਯੁਕਤੀ ਲਈ ਨਿਯਮ ਵਿਚ ਢਿੱਲ ਦੇ ਕੇ ਸੱਤ ਤੋਂ ਅੱਠ ਸਾਲ ਕਰਨ ਦੀ ਮੰਗ ਨੂੰ ਹਮਦਰਦੀ ਨਾਲ ਵਿਚਾਰਨ ਬਾਰੇ ਮੁੱਖ ਮੰਤਰੀ ਨੇ ਸਹਿਮਤੀ ਪ੍ਰਗਟਾਈ। ਮੌਜੂਦਾ ਨਿਯਮਾਂ ਦੇ ਅਨੁਸਾਰ ਉਨ੍ਹਾਂ ਦੀ ਨਿਯੁਕਤੀ ਸਟੇਟ ਕੌਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ ਵੱਲੋਂ ਲਏ ਜਾਂਦੇ ਟੈਟ ਦਾ ਇਮਤਿਹਾਨ ਪਾਸ ਕਰਨ ਦੇ ਸੱਤ ਸਾਲ ਦੇ ਅੰਦਰ ਕੀਤੀ ਜਾਂਦੀ ਹੈ। ਇਨ੍ਹਾਂ ਅਧਿਆਪਕਾਂ ਨੇ ਨਿਯੁਕਤੀ ਲਈ ਆਪਣਾ ਯੋਗਤਾ ਟੈਸਟ 2011 ਵਿਚ ਪਾਸ ਕੀਤਾ ਸੀ ਜੋ ਕਿ 2018 ਵਿਚ ਖਤਮ ਹੋ ਜਾਵੇਗਾ। ਮੁੱਖ ਮੰਤਰੀ ਨੇ ਸਕੱਤਰ ਸਿਖਿਆ ਨੂੰ ਕਿਹਾ ਕਿ ਉਹ ਇਹ ਮਾਮਲਾ ਨੈਸ਼ਨਲ ਕੌਂਸਲ ਫਾਰ ਟੀਚਰ ਐਜੂਕੇਸ਼ਨ ਕੋਲ ਉਠਾਉਣ। ਨਿਯੁਕਤੀ ਲਈ ਉਮਰ ਦੀ ਸੀਮਾ ਨਾਲ ਸਬੰਧਤ ਇਕ ਹੋਰ ਮੁੱਦਾ ਵੀ ਅਧਿਆਪਕਾਂ ਨੇ ਉਠਾਇਆ। ਇਹ ਅਧਿਆਪਕ ਵੱਧ ਤੋਂ ਵੱਧ ਉਮਰ ਵਿਚ ਇਕ ਸਾਲ ਦੀ ਢਿੱਲ ਦੇਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਜਨਰਲ ਸ਼੍ਰੇਣੀ ਲਈ ਉਮਰ ਦੀ ਹੱਦ 37 ਤੋਂ 38 ਸਾਲ ਕਰਨ ਅਤੇ ਅਨੁਸੂਚਿਤ ਜਾਤਾਂ ਦੇ ਉਮੀਦਵਾਰਾਂ ਲਈ ਇਹ ਹੱਦ 45 ਤੋਂ 46 ਸਾਲ ਕਰਨ ਦੀ ਮੰਗ ਰੱਖੀ ਹੈ।
ਮੁੱਖ ਮੰਤਰੀ ਨੇ ਪ੍ਰਸੋਨਲ ਵਿਭਾਗ ਨੂੰ ਉਮਰ ਵਿਚ ਢਿੱਲ ਦੇਣ ਦਾ ਮੁੱਦਾ ਹਮਦਰਦੀਪੂਰਨ ਵਿਚਾਰਨ ਲਈ ਕਿਹਾ ਹੈ। ਵਫਦ ਦੇ ਮੈਂਬਰਾਂ ਨੂੰ ਬਹੁਤ ਧਿਆਨ ਤੋਂ ਸੁਣਨ ਤੋਂ ਬਾਅਦ ਮੁੱਖ ਮੰਤਰੀ ਨੇ ਸਿਖਿਆ ਵਿਭਾਗ ਨੂੰ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਅਸਾਮੀਆਂ ਨੂੰ ਜਨਰਲ ਬਣਾਉਣ ਦਾ ਮੁੱਦਾ ਭਲਾਈ ਵਿਭਾਗ ਕੋਲ ਉਠਾਉਣ ਲਈ ਕਿਹਾ ਤਾਂ ਜੋ ਜਨਰਲ ਸ਼੍ਰੇਣੀ ਦੇ ਕੁੱਝ ਉਮੀਦਵਾਰਾਂ ਨੂੰ ਰੱਖਿਆ ਜਾ ਸਕੇ। ਇਸ ਮੌਕੇ ਹਾਜ਼ਰ ਹੋਰਨਾਂ ਵਿਚ ਸਿਖਿਆ ਮੰਤਰੀ ਅਰੁਣਾ ਚੌਧਰੀ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਡੀ.ਜੀ.ਪੀ. ਇੰਟੈਲੀਜੈਂਸ ਦਿਨਕਰ ਗੁਪਤਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਸਕੱਤਰ ਸਿੱਖਿਆ ਕ੍ਰਿਸ਼ਨ ਕੁਮਾਰ, ਮੁੱਖ ਮੰਤਰੀ ਦੇ ਸਿਆਸੀ ਸਕੱਤਰ ਸੰਦੀਪ ਸੰਧੂ, ਆਈ. ਜੀ. (ਪਟਿਆਲਾ) ਏ.ਐਸ. ਰਾਏ, ਮੁਹਾਲੀ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਅਤੇ ਮੁਹਾਲੀ ਦੇ ਐਸ.ਐਸ.ਪੀ. ਕੁਲਦੀਪ ਸਿੰਘ ਚਾਹਲ ਸ਼ਾਮਲ ਸਨ।